ਪੁਰਾਣੇ ਸਮੇਂ ਦੀ ਬਾਊਲੀ ਸਾਹਿਬ ਅਤੇ ਪਾਲਕੀ ਸਾਹਿਬ ਅਜਿਹੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਮੁਢਲਾ ਫਰਜ਼
Sunday, Jun 17, 2018 - 08:03 AM (IST)
ਬਟਾਲਾ/ਡੇਰਾ ਬਾਬਾ ਨਾਨਕ/ ਅੰਮ੍ਰਿਤਸਰ (ਬੇਰੀ, ਕੰਵਲਜੀਤ, ਵਤਨ, ਦੀਪਕ) - ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਪਾਵਨ ਅਸਥਾਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਅਤੇ ਉਨ੍ਹਾਂ ਨਾਲ ਆਏ ਗਿਆਨੀ ਗੁਰਬਚਨ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਸ਼੍ਰੀ ਕੇਸਗੜ੍ਹ ਅਨੰਦਪੁਰ ਸਾਹਿਬ, ਜ. ਸੱਜਣ ਸਿੰਘ ਬੱਜੂਮਾਨ ਮੈਂਬਰ ਅੰਤਰਿੰਗ ਕਮੇਟੀ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ। ਇਸ ਤੋਂ ਪਹਿਲਾਂ ਧੁਰ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸ਼ੁਰੂ ਕਰਵਾਏ ਗਏ ਸੀ, ਜਿਨ੍ਹਾਂ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਧਰਤੀ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਤਪੱਸਿਆ ਕੀਤੀ ਹੈ ਅਤੇ ਖੇਤੀਬਾੜੀ ਵੀ ਕਰਦੇ ਰਹੇ। ਇਸ ਜਗ੍ਹਾ 'ਤੇ ਉਨ੍ਹਾਂ ਨੇ ਕਿਰਤ ਕੀਤੀ ਅਤੇ ਨਾਮਬਾਣੀ ਦਾ ਸਿਮਰਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਦੀ ਬਾਊਲੀ ਸਾਹਿਬ ਅਤੇ ਪਾਲਕੀ ਸਾਹਿਬ ਅਜਿਹੀ ਯਾਦਗਾਰਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਕਾਰ ਸੇਵਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ।
ਭਾਈ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਅਗਲੇ ਸਾਲ 'ਚ ਬਹੁਤ ਉਤਸ਼ਾਹ ਨਾਲ ਵਿਸ਼ਵ ਪੱਧਰ 'ਤੇ ਸ਼੍ਰੋਮਣੀ ਕਮੇਟੀ ਵਲੋਂ ਮਨਾਇਆ ਜਾ ਰਿਹਾ ਹੈ ਅਤੇ ਇਹ ਗੁਰਪੁਰਬ ਡੇਰਾ ਬਾਬਾ ਨਾਨਕ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ ਗੁਜ਼ਾਰੇ ਸੀ, ਵਿਚ ਵੀ ਸ਼ਤਾਬਦੀ ਮਨਾਈ ਜਾਵੇਗੀ। ਭਾਈ ਲੌਂਗੋਵਾਲ ਨੇ ਅੱਗੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ 'ਚ ਸਥਿਤ ਹੈ, 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਸਮਾਏ ਸੀ, ਉਥੇ ਵੀ ਉਨ੍ਹਾਂ ਨੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ। ਇਸ ਲਈ ਹਰੇਕ ਸ਼ਰਧਾਲੂ ਦੀ ਭਾਵਨਾ ਹੈ ਕਿ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਣ, ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫਦ ਦੇ ਰੂਪ 'ਚ ਮਿਲ ਚੁੱਕੇ ਹਨ ਤਾਂ ਜੋ ਸੰਗਤ ਨੂੰ ਖੁੱਲ੍ਹੇ ਦਰਸ਼ਨ-ਦੀਦਾਰ ਲਈ ਲਾਂਘਾ ਮਿਲ ਸਕੇ।
ਇਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਈ ਸੰਗਤ, ਮੈਨੇਜਰਾਂ ਅਤੇ ਸੁਖਵਿੰਦਰ ਸਿੰਘ ਅਗਵਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਈ ਅਗਵਾਨ ਦੀ ਮਿਹਨਤ ਸਦਕਾ ਇਸ ਕਾਰ ਸੇਵਾ ਦੀ ਆਰੰਭਤਾ ਕੀਤੀ ਗਈ ਹੈ। ਇਸ ਮੌਕੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਬਾਬਾ ਜਗੀਰ ਸਿੰਘ, ਇੰਦਰਜੀਤ ਸਿੰਘ ਰੰਧਾਵਾ, ਮੈਨੇਜਰ ਗੁਰਦੇਵ ਸਿੰਘ ਮਾਨ, ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਪਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ ਡੇਰਾ ਬਾਬਾ ਨਾਨਕ, ਗੁਰਬਚਨ ਸਿੰਘ ਕਰਮੂਵਾਲ, ਬਲਵਿੰਦਰ ਸਿੰਘ ਹਰੂਵਾਲ, ਬਖਸ਼ੀਸ਼ ਸਿੰਘ ਧਾਰੋਵਾਲੀ, ਅਮਰੀਕ ਸਿੰਘ ਖਲੀਲਪੁਰ, ਮਨਮੋਹਨ ਸਿੰਘ ਪਖੋਕੇ, ਅਮਰੀਕ ਸਿੰਘ ਠੇਠਰਕੇ, ਸਤਨਾਮ ਸਿੰਘ, ਮੇਤਲਾ, ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਦੇਵ ਸਿੰਘ ਅਤੇ ਕੁਲਵਿੰਦਰ ਸਿੰਘ ਜੁਗਨੂੰ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।
