ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਹੋਣ ਵਾਲਾ ਗੁਰਦੇਵ ਸਿੰਘ ਟਾਂਡਾ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ

Wednesday, Feb 28, 2018 - 01:38 PM (IST)

ਅੱਤਵਾਦੀ ਗਤੀਵਿਧੀਆਂ ''ਚ ਸ਼ਾਮਲ ਹੋਣ ਵਾਲਾ ਗੁਰਦੇਵ ਸਿੰਘ ਟਾਂਡਾ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ

ਟਾਂਡਾ ਉੜਮੁੜ (ਪੰਡਿਤ)— ਪੰਜਾਬ ਪੁਲਸ ਨੇ ਥਾਈਲੈਂਡ ਤੋਂ ਡਿਪੋਰਟ ਕਰਵਾਏ ਟਾਂਡਾ ਦੇ ਪਿੰਡ ਝੱਜਾ ਨਾਲ ਸਬੰਧਤ ਗੁਰਦੇਵ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਗੁਰਦੇਵ ਸਿੰਘ ਉਨ੍ਹਾਂ ਦੋ ਭਰਾ ਗੁਰਮੀਤ ਸਿੰਘ ਬੱਗਾ (ਜਰਮਨੀ) ਅਤੇ ਗੁਰਦੀਪ ਸਿੰਘ ਬਿੱਲਾ ਦਾ ਛੋਟਾ ਭਰਾ ਹੈ, ਜਿਨ੍ਹਾਂ ਵਿਰੁੱਧ ਜਗਰਾਓਂ ਪੁਲਸ ਨੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਨੂੰ ਘਰ 'ਚ ਪਨਾਹ ਦੇਣ ਅਤੇ ਐਕਸਪਲੋਸਿਵ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਹਾਲਾਂਕਿ ਪਿੰਡ ਝੱਜਾ ਵਿਚ ਹੀ ਖੇਤੀ ਕਰਨ ਵਾਲੇ ਬਿੱਲਾ ਨੂੰ 31 ਜਨਵਰੀ 2012 ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ, ਜਦਕਿ ਜਰਮਨੀ ਵਿਚ 2002 ਤੋਂ ਰਹਿ ਰਹੇ ਗੁਰਮੀਤ ਸਿੰਘ ਬੱਗਾ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਕੇ ਕਾਲੀ ਸੂਚੀ ਵਿਚ ਰੱਖਿਆ ਹੋਇਆ ਹੈ। ਜਿਸ ਗੁਰਦੇਵ ਸਿੰਘ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਉਹ 2007 ਤੋਂ ਥਾਈਲੈਂਡ 'ਚ ਰਹਿ ਰਿਹਾ ਸੀ। ਗੁਰਦੇਵ ਸਿੰਘ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ। ਗ੍ਰਿ੍ਰਫਤਾਰ ਕੀਤੇ ਗਏ ਗੁਰਦੇਵ ਸਿੰਘ ਦਾ ਭਰਾ ਗੁਰਮੀਤ ਸਿੰਘ ਉਰਫ ਬੱਗਾ ਪੰਜਾਬ ਪੁਲਸ ਨੂੰ ਆਰ. ਡੀ. ਐਕਸ ਦੇ ਮਾਮਲੇ 'ਚ ਵਾਂਟੇਡ ਹੈ ਅਤੇ ਉਹ ਜਰਮਨੀ 'ਚ ਹੈ, ਜਿਸ ਦੇ ਖਿਲਾਫ 2008 'ਚ ਨਾਭਾ ਜੇਲ ਬ੍ਰੇਕ 'ਚ ਸ਼ਾਮਲ ਖਾਲਿਸਤਾਨੀ ਹਰਵਿੰਦਰ ਸਿੰਘ ਮਿੰਟੂ ਸਮੇਤ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਕੇਸ 'ਚ ਗੁਰਦੇਵ ਸਿੰਘ ਦੇ ਤੀਜੇ ਭਰਾ ਗੁਰਦੀਪ ਸਿੰਘ ਬਿੱਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। 
ਗੁਰਦੇਵ ਸਿੰਘ ਦੇ ਵੱਡੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਤਰਕਾਰਾਂ ਤੋਂ ਪਤਾ ਲੱਗਾ ਹੈ ਕਿ ਗੁਰਦੇਵ ਸਿੰਘ ਨੂੰ ਫੜਿਆ ਗਿਆ ਹੈ। ਉਹ ਕਦੇ-ਕਦੇ ਫੋਨ ਕਰਦਾ ਸੀ ਅਤੇ ਕਹਿੰਦਾ ਸੀ ਕਿ ਉਹ ਜਲਦੀ ਹੀ ਪਿੰਡ ਆਵੇਗਾ। ਮਾਂ ਨਿਰਮਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਿਆਂ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ ਸੀ ਪਰ ਉਸ ਦਾ ਦੂਜਾ ਬੇਟਾ ਗੁਰਦੀਪ ਸਿੰਘ ਵੀ ਬਰੀ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਆਏ ਦਿਨ ਪੁਲਸ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ ਅਤੇ ਆਏ ਦਿਨ ਜਲੰਧਰ ਬੁਲਾ ਲਿਆ ਜਾਂਦਾ ਹੈ। 
ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਬੱਗਾ ਸਾਲ 2008 'ਚ ਉਹ ਸਮੇਂ ਚਰਚਾ 'ਚ ਆਇਆ ਸੀ ਜਦੋਂ 17 ਜੂਨ 2008 ਨੂੰ ਉਸ ਨਾਲ ਥਾਣਾ ਸਦਰ ਜਗਰਾਓਂ 'ਚ 25 ਡੈਟੋਨੇਟਰ, 24 ਕਿਲੋ ਆਰ. ਡੀ. ਐਕਸ. ਅਤੇ 500 ਗ੍ਰਾਮ ਓਮੋਨੀਅਮ ਨਾਈਟ੍ਰੇਟ ਫੜਿਆ ਗਿਆ ਸੀ। ਇਸ ਕੇਸ 'ਚ ਨਾਭਾ ਜੇਲ ਬ੍ਰੇਕ ਦੇ ਖਾਲਿਸਤਾਨੀ ਹਰਵਿੰਦਰ ਸਿੰਘ ਮਿੰਟੂ ਦੇ ਨਾਲ-ਨਾਲ ਗੁਰਭੇਰ ਸਿੰਘ ਉਰਫ ਸੋਨੂੰ, ਮਨਜੀਤ ਸਿੰਘ ਉਰਫ ਮੀਤਾ, ਗੁਰਮੀਤ ਸਿੰਘ ਬੱਗਾ ਦੇ ਭਰਾ ਗੁਰਦੀਪ ਸਿੰਘ ਬਿੱਲਾ, ਸ਼ਮਸ਼ੇਰ ਸਿੰਘ, ਦਲਜੀਤ ਸਿੰਘ, ਮਨਮੋਹਨ ਸਿੰਘ ਖਿਲਾਫ ਮਾਮਲਾ ਦਾਇਰ ਕੀਤਾ ਗਿਆ ਸੀ। ਇਸ ਕੇਸ 'ਚ ਗੁਰਮੀਤ ਸਿੰਘ ਬੱਗਾ 2002 ਤੋਂ ਜਰਮਨੀ ਜਾ ਕੇ ਪੀ. ਓ. ਹੋ ਚੁੱਕਾ ਹੈ ਅਤੇ ਇਸ ਕੇਸ 'ਚ ਬੱਗਾ ਦੇ ਭਰਾ ਗੁਰਦੀਪ ਸਿੰਘ ਬਿੱਲਾ ਦੇ ਨਾਲ-ਨਾਲ ਕਈ ਲੋਕ ਭਰੀ ਹੋ ਚੁੱਕੇ ਹਨ। ਗੁਰਦੀਪ ਸਿੰਘ ਹਣ ਆਪਣੇ ਪਿੰਡ ਝੱਜਾ 'ਚ ਹੀ ਖੇਤੀਬਾੜੀ ਦਾ ਕੰਮ ਕਰ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦੇਵ ਸਿੰਘ ਨੂੰ ਉਸ ਦੇ ਭਰਾ ਗੁਰਮੀਤ ਸਿੰਘ ਦੇ ਸ਼ੱਕ 'ਚ ਫੜਿਆ ਗਿਆ ਹੈ। ਪੁਲਸ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਜ਼ਿਆਦਾ ਡਿਟੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੁਰਦੇਵ ਸਿੰਘ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਅਤੇ ਅਗਲੇ ਇਕ-ਦੋ ਦਿਨ 'ਚ ਪੰਜਾਬ ਪੁਲਸ ਉਸ ਦੇ ਸਬੰਧ 'ਚ ਵੱਡੇ ਖੁਲਾਸੇ ਕਰ ਸਕਦੀ ਹੈ।


Related News