ਗੁਰਦਾਸਪੁਰ ''ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ ''ਚ ਸੁੱਟੇ ਧਮਕੀ ਭਰੇ ਪੱਤਰ

Monday, Apr 20, 2020 - 12:49 PM (IST)

ਗੁਰਦਾਸਪੁਰ (ਵਿਨੋਦ,ਹਰਮਨ): ਜ਼ਿਲੇ ਦੇ ਬੇਟ ਇਲਾਕੇ 'ਚ ਕੋਰੋਨਾ ਵਾਇਰਸ ਕਾਰਣ ਇਕ ਵਿਅਕਤੀ ਦੀ ਹੋਈ ਮੌਤ ਕਾਰਣ ਲੋਕਾਂ 'ਚ ਫੈਲਿਆ ਡਰ ਅਜੇ ਖਤਮ ਨਹੀਂ ਹੋਇਆ ਸੀ ਕਿ ਬੀਤੀ ਰਾਤ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਸੇ ਇਲਾਕੇ ਦੇ ਇਕ ਪਿੰਡ 'ਚ ਮੌਲਾਨਾ ਅਕਬਰ ਦੇ ਨਾਂਅ ਹੇਠ ਧਮਕੀ ਭਰੇ ਪੱਤਰ ਸੁੱਟ ਕੇ ਇਲਾਕੇ 'ਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਅਤੇ ਪੁਲਸ ਅਧਿਕਾਰੀਆਂ ਨੇ ਪਿੰਡ 'ਚ ਪਹੁੰਚ ਕੇ ਉਕਤ ਪੱਤਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਸਾਰੇ ਪਿੰਡ ਦੇ ਘਰਾਂ ਨੂੰ ਸੈਨੇਟਾਈਜ਼ ਕਰਨਾ ਵੀ ਸ਼ੁਰੂ ਕੀਤਾ ਹੈ।

ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਪਿੰਡ ਬਲਵੰਡੇ ਦੇ ਗੁਰਦੁਆਰੇ ਨੇੜੇ ਕਿਸੇ ਨੇ ਬੀਤੀ ਰਾਤ ਲਾਲ ਰੰਗ ਦੀ ਸਿਆਹੀ ਨਾਲ ਲਿਖੇ ਪੱਤਰ ਸੁੱਟੇ ਸਨ। ਇਕ ਘਰ ਦੇ ਮਾਲਕ ਸ਼ਿੰਗਾਰਾ ਸਿੰਘ ਪੁੱਤਰ ਹਰਬੰਸ ਸਿੰਘ ਨੇ ਇਹ ਪੱਤਰ ਦੇਖ ਕੇ ਤੁਰੰਤ ਪਿੰਡ ਦੇ ਸਰਪੰਚ ਅਤੇ ਭੈਣੀ ਮੀਆਂ ਖਾਂ ਦੇ ਥਾਣਾ ਮੁਖੀ ਸੁਦੇਸ਼ ਕੁਮਾਰ ਨੂੰ ਜਾਣਕਾਰੀ ਦਿੱਤੀ। ਇਸ ਪੱਤਰ 'ਚ ਮਿਲੀ ਧਮਕੀ ਦੀ ਜਾਣਕਾਰੀ ਮਿਲਦੇ ਹੀ ਪਿੰਡ ਅਤੇ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ।

PunjabKesari

ਪੱਤਰਾਂ 'ਚ ਦਿੱਤੀ ਗਈ ਸੀ ਕਿਹੜੀ ਧਮਕੀ
ਉਕਤ ਪੱਤਰ ਪੰਜਾਬੀ ਭਾਸ਼ਾ 'ਚ ਸਨ, ਜਿਨ੍ਹਾਂ ਵਿਚ ਇਹ ਲਿਖਿਆ ਗਿਆ ਸੀ ਕਿ ਮੌਲਾਨਾ ਅਕਬਰ ਦੇ 5 ਬੰਦੇ ਜ਼ਿਲੇ 'ਚ ਆਏ ਹਨ, ਲੋਕ ਜਿੰਨੀ ਮਰਜੀ ਪਹਿਰੇਦਾਰੀ ਕਰ ਲੈਣ, ਉਨ੍ਹਾਂ ਨੇ ਸਾਰੇ ਗੇਟਾਂ ਨੂੰ ਕੋਰੋਨਾ ਲਾ ਦਿੱਤਾ ਹੈ ਅਤੇ ਉਨ੍ਹਾਂ ਨੇ ਇਥੇ ਕਿਸੇ ਨੂੰ ਜਿੰਦਾ ਨਹੀਂ ਦੇਖਣਾ। ਬੇਹੱਦ ਘਟੀਆ ਸ਼ਬਦਾਵਲੀ ਅਤੇ ਗਲਤੀਆਂ ਭਰਪੂਰ ਇਸ ਪੱਤਰ ਨੂੰ ਲਿਖਣ ਵਾਲਾ ਵਿਅਕਤੀ ਜ਼ਿਆਦਾ ਪੜਿਆ-ਲਿਖਿਆ ਵੀ ਨਹੀਂ ਲੱਗਦਾ ਪਰ ਇਸ ਪੱਤਰ ਨੇ ਹਾਲ ਦੀ ਘੜੀ ਲੋਕਾਂ ਵਿਚ ਦਹਿਸ਼ਤ ਜ਼ਰੂਰ ਪੈਦਾ ਕਰ ਦਿੱਤੀ ਹੈ।

ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁੱਟੇਜ ਦੇ ਸਹਾਰੇ ਜਾਂਚ ਸ਼ੁਰੂ
ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲਣ 'ਤੇ ਐੱਸ. ਡੀ. ਐੱਮ. ਸਕੱਤਰ ਸਿੰਘ ਦੀਆਂ ਹਦਾਇਤਾਂ 'ਤੇ ਕਾਹਨੂੰਵਾਨ ਦੇ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਨਾਲ ਹੀ ਡੀ. ਐੱਸ. ਪੀ. ਵਿਪਨ ਕੁਮਾਰ ਤੇ ਥਾਣਾ ਮੁਖੀ ਸੁਦੇਸ਼ ਕੁਮਾਰ ਸਮੇਤ ਪੁਲਸ ਦੇ ਹੋਰ ਅਧਿਕਾਰੀਆਂ ਨੇ ਵੀ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੇ ਇਹ ਪੱਤਰ ਆਪਣੇ ਕਬਜ਼ੇ ਵਿਚ ਲੈ ਕੇ ਗੁਰਦੁਆਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁੱਟੇਜ ਵੀ ਖੰਗਲਣੀ ਸ਼ੁਰੂ ਕਰ ਦਿੱਤੀ ਹੈ।

PunjabKesari

ਪਿੰਡ 'ਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਕੀਤਾ ਚੌਕਸ
ਪਿੰਡ ਦੇ ਸਰਪੰਚ ਠਾਕੁਰ ਰਜਨੀਸ਼ ਸਿੰਘ ਨੇ ਦੱਸਿਆ ਕਿ ਇਹ ਪੱਤਰ ਪੰਜਾਬੀ ਭਾਸ਼ਾ ਵਿਚ ਲਿਖਿਆ ਹੋਇਆ ਹੈ। ਭਾਵੇਂ ਇਸ ਨੂੰ ਤਬਲੀਗੀ ਜਮਾਤ ਨਾਲ ਜੋੜਿਆ ਜਾ ਰਿਹਾ ਹੈ ਪਰ ਪਿੰਡ ਵਿਚ ਮੁਸਲਮਾਨਾਂ ਦਾ ਕੋਈ ਵੀ ਘਰ ਨਹੀਂ ਹੈ ਅਤੇ ਨਾ ਹੀ ਕੋਈ ਗੁਜਰ ਪਰਿਵਾਰ ਇਥੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਅਨਾਊਸਮੈਂਟ ਕਰਵਾ ਕੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਇਸ ਮੌਕੇ ਪੁਲਸ ਨੇ ਲੋਕਾਂ ਨੂੰ ਸੈਨੇਟਾਈਜਰ ਵੀ ਵੰਡੇ ਅਤੇ ਨਾਲ ਹੀ ਅਪੀਲ ਕੀਤੀ ਕਿ ਉਹ ਕਿਤੇ ਤਰ੍ਹਾਂ ਦੀ ਅਫਵਾਹ 'ਤੇ ਯਕੀਨ ਨਾ ਕਰਨ। ਐੱਸ. ਡੀ. ਐੱਮ. ਸਕੱਤਰ ਸਿੰਘ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁਝ ਕੇ ਲੋਕਾਂ ਨੂੰ ਡਰਾਉਣ ਲਈ ਇਹ ਕੰਮ ਕੀਤਾ ਹੈ ਪਰ ਪੁਲਸ ਵੱਲੋਂ ਜਾਂਚ ਕਰ ਕੇ ਸਾਰੀ ਸੱਚਾਈ ਦਾ ਪਤਾ ਲਾ ਲਿਆ ਜਾਵੇਗਾ।


Shyna

Content Editor

Related News