ਘਰ ਦੀ ਗਰੀਬੀ ਨੂੰ ਦੂਰ ਕਰਨ ਗਈ ਪੰਜਾਬ ਦੀ ਧੀ ਕੁਵੈਤ 'ਚ ਫਸੀ

10/11/2019 4:04:31 PM

ਗੁਰਦਾਸਪੁਰ (ਗੁਰਪ੍ਰੀਤ) : ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਕੁਵੈਤ ਗਈ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੀ ਰਹਿਣ ਵਾਲੀ ਲੜਕੀ ਰਾਜੀ ਕੁਵੈਤ 'ਚ ਫਸ ਗਈ ਹੈ। ਜਾਣਕਾਰੀ ਮੁਤਾਬਕ ਰਾਜੀ ਨਰਸਿੰਗ ਦੇ ਕੰਮ 'ਚ 2 ਮਹੀਨੇ ਪਹਿਲਾਂ ਵਿਦੇਸ਼ ਗਈ ਸੀ ਪਰ ਏਜੰਟ ਨੇ ਧੋਖਾਧੜੀ ਕਰਕੇ ਉਸਨੂੰ ਕਿਸੇ ਸ਼ੇਖ ਦੇ ਘਰ ਭੇਜ ਦਿੱਤਾ, ਜਿਥੇ ਸ਼ੇਖ ਵਲੋਂ ਉਸਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਤੇ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਕਿਸੇ ਤਰ੍ਹਾਂ ਰਾਜੀ ਸ਼ੇਖ ਦੇ ਘਰੋਂ ਭੱਜ ਨਿਕਲੀ ਤੇ ਇਕ ਪੰਜਾਬੀ ਨੌਜਵਾਨ ਦੇ ਜਰੀਏ ਉਸਨੇ ਆਪਣੀ ਇਕ ਆਡਿਓ ਵਾਇਰਲ ਕੀਤੀ। ਇਹ ਆਡਿਓ ਵਾਇਰਲ ਹੋਣ 'ਤੇ ਪਰਿਵਾਰ ਨੂੰ ਆਪਣੀ ਧੀ ਦੇ ਉਥੇ ਫਸੇ ਹੋਣ ਦੀ ਜਾਣਕਾਰੀ ਮਿਲੀ। 

ਵਿਦੇਸ਼ੀ ਧਰਤੀ 'ਤੇ ਧੀ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਤਾਂ ਲੜਕੀ ਦੇ ਮਾਪਿਆਂ ਨੇ ਪਤਵੰਤਿਆਂ ਨਾਲ ਗੱਲ ਕੀਤੀ ਤੇ ਇਹ ਮਾਮਲਾ ਸੁਖਬੀਰ ਬਾਦਲ ਦੇ ਨਜ਼ਦੀਕੀ ਅਕਾਲੀ ਆਗੂ ਵਿਨਰਜੀਤ ਸਿੰਘ ਦੇ ਧਿਆਨ 'ਚ ਆਇਆ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਟਵੀਟ ਕਰਕੇ ਲੜਕੀ ਦੀ ਮਦਦ ਦੀ ਗੁਹਾਰ ਲਗਾਈ ਤੇ ਵਿਦੇਸ਼ ਮੰਤਰਾਲੇ ਨੇ ਇਸਦਾ ਜਲਦ ਨੋਟਿਸ ਲੈਂਦਿਆਂ ਲੜਕੀ ਦੀ ਭਾਲ ਕਰਕੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਕੁੜੀ ਮਿਲ ਚੁੱਕੀ ਤੇ ਇਸ ਵੇਲੇ ਉਨ੍ਹਾਂ ਦੇ ਸ਼ੈਲਟਰ ਹੋਮ 'ਚ ਹੈ। 

ਲੜਕੀ ਦੀ ਹੁਣ ਜਲਦ ਵਤਨ ਵਾਪਸੀ ਹੋ ਜਾਵੇਗੀ ਤੇ ਪਰਿਵਾਰ ਉਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅਰਬ ਦੇਸ਼ਾਂ 'ਚ ਫਸੇ ਹੋਣ ਦੇ ਇਸਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਰਬ ਦੇਸ਼ਾਂ 'ਚ ਧੀਆਂ-ਭੈਣਾਂ ਨੂੰ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਓ ਤਾਂ ਜੋ ਇਸ ਲੜਕੀ ਵਾਂਗ ਤੁਹਾਡੇ ਨਾਲ ਵੀ ਧੋਖਾ ਨਾ ਹੋ ਜਾਵੇ।


Baljeet Kaur

Content Editor

Related News