ਸੁੱਚਾ ਸਿੰਘ ਛੋਟੇਪੁਰ ਦੇ ਰਿਕਾਰਡ ਨੂੰ ਨਹੀਂ ਤੋੜ ਸਕਿਆ ਕੋਈ ਆਜ਼ਾਦ ਉਮੀਦਵਾਰ

05/24/2019 1:58:07 PM

ਗੁਰਦਾਸਪੁਰ (ਹਰਮਨਪ੍ਰੀਤ) : ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇਸ ਸਰਹੱਦੀ ਹਲਕੇ ਦੇ ਲੋਕਾਂ ਦਾ ਝੁਕਾਅ ਰਵਾਇਤੀ ਪਾਰਟੀਆਂ ਵੱਲ ਹੀ ਰਿਹਾ ਹੈ ਜਦੋਂ ਕਿ ਗੁਰਦਾਸਪੁਰੀਆਂ ਨੇ ਕਿਸੇ ਵੀ ਤੀਸਰੀ ਧਿਰ ਜਾਂ ਆਜ਼ਾਦ ਉਮੀਦਵਾਰ ਦੇ ਹੱਕ ਵਿਚ ਫਤਵਾ ਨਹੀਂ ਦਿੱਤਾ ਹੈ। ਇਸ ਦੇ ਚਲਦਿਆਂ ਇਨ੍ਹਾਂ ਚੋਣਾ ਦੌਰਾਨ ਵੀ ਕੋਈ ਤੀਸਰੀ ਪਾਰਟੀ ਜਾਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਕਾਇਮ ਕੀਤੇ ਰਿਕਾਰਡ ਨੂੰ ਨਹੀਂ ਤੋੜ ਸਕਿਆ। ਜੇਕਰ ਇਸ ਹਲਕੇ ਦੇ ਚੋਣ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਸਿਰਫ ਜਥੇ ਸੁੱਚਾ ਸਿੰਘ ਛੋਟੇਪੁਰ ਹੀ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਇਸ ਹਲਕੇ ਅੰਦਰ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਕੇ ਆਜ਼ਾਦ ਉਮੀਦਵਾਰਾਂ ਦੇ ਜਿੱਤਣ ਦਾ ਇਤਿਹਾਸ ਸਿਰਜਿਆ ਸੀ। ਜਥੇ. ਛੋਟੇਪੁਰ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਤੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਿਰਫ਼ 4400 ਦੇ ਕਰੀਬ ਫਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਜਥੇ. ਸੁੱਚਾ ਸਿੰਘ ਲੰਗਾਹ ਕੋਲੋਂ ਪਛੜੇ ਸਨ। ਪਰ 2002 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਹੀ ਚੋਣ ਲੜ ਕੇ ਜਥੇ. ਸੁੱਚਾ ਸਿੰਘ ਲੰਗਾਹ ਨੂੰ ਕਰੀਬ 80 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸੇ ਤਰ੍ਹਾਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਥੇ. ਛੋਟੇਪੁਰ 38 ਹਜ਼ਾਰ ਤੋਂ ਜ਼ਿਆਦਾ ਲੈਣ ਵਿਚ ਸਫਲ ਰਹੇ ਸਨ। ਇਸ ਤੋਂ ਇਲਾਵਾ 1996 ਦੌਰਾਨ ਜਥੇ. ਛੋਟੇਪੁਰ ਨੇ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜ ਕੇ 30 ਹਜ਼ਾਰ ਤੋਂ ਵੀ ਜ਼ਿਆਦਾ ਅਤੇ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ 35000 ਤੋਂ ਵੀ ਜ਼ਿਆਦਾ ਵੋਟਾਂ ਪ੍ਰਾਪਤ ਕਰ ਕੇ ਜ਼ਿਲੇ ਅੰਦਰ ਆਪਣੇ ਮਜ਼ਬੂਤ ਵੋਟ ਬੈਂਕ ਦਾ ਪ੍ਰਮਾਣ ਦਿੱਤਾ ਸੀ। ਹੋਰ ਤੇ ਹੋਰ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਤੋਂ ਬਾਗੀ ਹੋ ਕੇ ਹਲਕਾ ਕਾਦੀਆਂ ਤੋਂ ਚੋਣ ਲੜਨ ਮੌਕੇ ਜਥੇ. ਛੋਟੇਪੁਰ ਨੇ ਕਰੀਬ 16 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨਾਂ ਨੇ 1 ਲੱਖ 73 ਹਜ਼ਾਰ 376 ਵੋਟਾਂ ਪ੍ਰਾਪਤ ਕੀਤੀਆਂ ਸਨ।

ਆਖਰੀ ਸਾਹ ਗਿਣ ਰਹੀ ਹੈ ਆਮ ਆਦਮੀ ਪਾਰਟੀ
ਇਸ ਵਾਰ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਅੰਦਰ ਬੜੀ ਮੁਸ਼ਕਿਲ ਨਾਲ 2.5 ਫੀਸਦੀ ਮਿਲੀਆਂ ਹਨ ਜਦੋਂ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲਾਲ ਚੰਦ ਨੂੰ 1.39 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਉਮੀਦਵਾਰਾਂ ਅਤੇ ਅਜਾਦ ਉਮੀਦਵਾਰਾਂ ਦੀ ਹਾਲਤ ਇਸ ਤੋਂ ਵੀ ਬਹੁਤ ਬੁਰੀ ਹੈ। ਅਜਿਹੀ ਸਥਿਤੀ ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਇਕ ਤਰ੍ਹਾਂ ਨਾਲ ਆਖਰੀ ਸਾਹ ਗਿਣ ਰਹੀ ਹੈ ਕਿਉਂਕਿ ਇਹ ਸਮਝਿਆ ਜਾ ਰਿਹਾ ਹੈ ਕਿ ਪੀਟਰ ਚੀਦਾ ਨੂੰ ਜਿਹੜੀਆਂ ਵੋਟਾਂ ਮਿਲੀਆਂ ਹਨ, ਉਨਾਂ ਵਿਚ ਬਹੁਤਾ ਹਿੱਸਾ ਇਸਾਈ ਭਾਈਚਾਰੇ ਦੀਆਂ ਵੋਟਾਂ ਦਾ ਸਮਝਿਆ ਜਾ ਰਿਹਾ ਹੈ।


Baljeet Kaur

Content Editor

Related News