ਉਮੀਦਵਾਰਾਂ ਤੋਂ ਸੱਖਣੇ ਹਲਕਿਆਂ ''ਚ ਸ਼ੁਰੂ ਹੋਇਆ ''ਵਾਅਦਿਆਂ'' ਤੇ ''ਦਾਅਵਿਆਂ'' ਦਾ ਦੌਰ
Sunday, Apr 21, 2019 - 11:12 AM (IST)

ਗੁਰਦਾਸਪੁਰ (ਹਰਮਨਪ੍ਰੀਤ) - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਜਾਣ ਦੇ ਬਾਵਜੂਦ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦਾ ਦੋ ਸੀਟਾਂ 'ਤੇ ਪੇਚ ਫਸਿਆ ਹੋਇਆ ਹੈ। ਇਸੇ ਕਾਰਨ ਬਠਿੰਡਾ ਤੇ ਫਿਰੋਜ਼ਪੁਰ 'ਚ ਉਮੀਦਵਾਰਾਂ ਤੋਂ ਸੱਖਣੇ ਹਲਕਿਆਂ 'ਚ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਅਕਾਲੀ ਦਲ ਤੇ ਕਾਂਗਰਸ ਪਾਰਟੀ ਵਲੋਂ ਭਾਵੇਂ ਕ੍ਰਮਵਾਰ 8 ਤੇ 11 ਸੀਟਾਂ 'ਤੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਨੇ ਆਪਣੇ ਹਿੱਸੇ ਦੀ ਇਕ ਵੀ ਸੀਟ 'ਤੇ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ।
2 ਸੀਟਾਂ 'ਤੇ ਫਸਿਆ ਕਾਂਗਰਸ ਤੇ ਅਕਾਲੀ ਦਲ ਦਾ ਪੇਚ
ਜੇਕਰ ਪੰਜਾਬ ਦੇ ਚੋਣ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਜ਼ਿਆਦਾਤਰ ਚੋਣਾਂ ਦੌਰਾਨ ਕਾਂਗਰਸ ਵਲੋਂ ਹੋਰ ਪਾਰਟੀਆਂ ਦੇ ਮੁਕਾਬਲੇ ਆਪਣੇ ਉਮੀਦਵਾਰਾਂ ਦੇ ਨਾਂ ਸਭ ਤੋਂ ਬਾਅਦ ਐਲਾਨੇ ਜਾਂਦੇ ਰਹੇ ਸਨ। ਲੋਕ ਸਭਾ ਚੋਣਾਂ 'ਚ ਇਸ ਵਾਰ ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 'ਚੋਂ ਕਰੀਬ 8 ਸੀਟਾਂ 'ਤੇ ਤਾਂ ਉਮੀਦਵਾਰ ਉਤਾਰ ਦਿੱਤੇ ਹਨ ਪਰ ਬਠਿੰਡਾ ਤੇ ਫਿਰੋਜ਼ਪੁਰ ਦੇ ਉਮੀਦਵਾਰਾਂ ਸਬੰਧੀ ਅਕਾਲੀ ਦਲ ਦੀ ਰਣਨੀਤੀ ਅਜੇ ਵੀ ਬੁਝਾਰਤ ਬਣੀ ਹੋਈ ਹੈ। ਭਾਵੇਂ ਇਨ੍ਹਾਂ ਸੀਟਾਂ 'ਤੇ ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਦੇ ਇਲਾਵਾ ਕਾਂਗਰਸ ਵਲੋਂ ਕਈ ਦਿੱਗਜ਼ ਆਗੂਆਂ ਦੇ ਚੋਣ ਲੜਨ ਦੇ ਚਰਚੇ ਹੋ ਰਹੇ ਹਨ।
ਉਮੀਦਵਾਰ ਐਲਾਨੇ ਬਗੈਰ ਹੀ ਚੋਣ ਦਫਤਰ ਖੋਲ੍ਹ ਰਹੀ ਹੈ ਭਾਜਪਾ
ਸੱਤਾ 'ਚ ਹੋਣ ਦੇ ਬਾਵਜੂਦ ਭਾਜਪਾ ਵਲੋਂ ਉਮੀਦਵਾਰਾਂ ਦੇ ਨਾਂ ਐਲਾਨਣ 'ਚ ਕੀਤੀ ਜਾ ਰਹੀ ਦੇਰੀ ਕਾਰਨ ਇਸ ਪਾਰਟੀ 'ਤੇ 'ਬਿਨਾਂ ਲਾੜੇ ਵਾਲੀ ਬਰਾਤ 'ਚ ਨੱਚਣ ਵਾਲੀ' ਕਹਾਵਤ ਸਿੱਧ ਹੋ ਰਹੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ 'ਚ ਉਮੀਦਵਾਰ ਨਾ ਹੋਣ ਦੇ ਬਾਵਜੂਦ ਭਾਜਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੂਬਾ ਪ੍ਰਧਾਨ ਸਮੇਤ ਹੋਰ ਕਈ ਆਗੂ ਮੀਟਿੰਗਾਂ ਕਰ ਕੇ ਜਾ ਚੁੱਕੇ ਹਨ। ਇਥੋਂ ਤੱਕ ਕਿ ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਕਈ ਥਾਵਾਂ 'ਤੇ ਪਾਰਟੀ ਉਮੀਦਵਾਰ ਦੇ ਬਗੈਰ ਭਾਜਪਾ ਨੇ ਚੋਣ ਦਫਤਰ ਖੋਲ੍ਹ ਦਿੱਤੇ ਹਨ।
ਅਕਾਲੀ ਦਲ ਨੇ ਵੀ ਬਣਾਈ ਰਣਨੀਤੀ
ਉਮੀਦਵਾਰਾਂ ਦੇ ਨਾਂ ਨਾ ਐਲਾਨੇ ਜਾਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪਾਰਟੀ ਨੇ ਹਰੇਕ ਸੀਟ ਜਿੱਤਣ ਲਈ ਪੂਰੀ ਰਣਨੀਤੀ ਬਣਾਈ ਹੋਈ ਹੈ। ਜਿਸ ਤਹਿਤ ਪੰਜਾਬ ਦੇ ਸਾਰੇ ਹਲਕਿਆਂ 'ਚ ਪਾਰਟੀ ਦੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ। ਗੁਰਦਾਸਪੁਰ 'ਚ ਬੇਸ਼ੱਕ ਉਮੀਦਵਾਰ ਨਹੀਂ ਹਨ ਪਰ ਉਨ੍ਹਾਂ ਨੇ ਖੁਦ ਵੱਖ-ਵੱਖ ਹਲਕਿਆਂ 'ਚ ਦਰਜਨ ਦੇ ਕਰੀਬ ਮੀਟਿੰਗਾਂ ਕਰ ਕੇ ਹੁਣ ਵਿਧਾਨ ਸਭਾ ਹਲਕਾ ਦੀਨਾਨਗਰ 'ਚ ਸਰਕਲ ਪ੍ਰਧਾਨਾਂ ਦੇ ਪ੍ਰਬੰਧਾਂ ਹੇਠ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਤੋਂ ਪਹਿਲਾਂ ਉਹ ਕਾਦੀਆਂ ਅੰਦਰ ਗੁਰਇਕਬਾਲ ਸਿੰਘ ਬਿੱਲਾ ਮਾਹਲ, ਡੇਰਾ ਬਾਬਾ ਨਾਨਕ ਅੰਦਰ ਇੰਦਰਜੀਤ ਸਿੰਘ ਰੰਧਾਵਾ ਤੇ ਚੱਕ ਸ਼ਰੀਫ 'ਚ ਇੰਦਰਜੀਤ ਸਿੰਘ ਜਕੜੀਆ ਦੇ ਪ੍ਰਬੰਧਾਂ ਹੇਠ ਮੀਟਿੰਗਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟਿਕਟਾਂ 'ਚ ਦੇਰੀ ਨਹੀਂ ਕੀਤੀ ਜਾ ਰਹੀ ਸਗੋਂ ਜੇਤੂ ਸਮਰੱਥਾ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ।