ਕਾਰਗਿਲ ਯੁੱਧ ਤੋਂ ਪਹਿਲਾਂ ਸ਼ਹਾਦਤ ਪਾਉਣ ਵਾਲੇ ਜਵਾਨਾਂ ਦੇ ਪਰਿਵਾਰ ਸਰਕਾਰ ਤੋਂ ਨਿਰਾਸ਼
Wednesday, Jul 22, 2020 - 10:56 AM (IST)
ਗੁਰਦਾਸੁਪਰ (ਹਰਮਨ, ਵਿਨੋਦ) : ਕੇਂਦਰ ਅਤੇ ਪੰਜਾਬ ਦੀ ਸਰਕਾਰ ਵਲੋਂ ਕਾਰਗਿੱਲ ਦੀ ਜੰਗ ਤੋਂ ਬਾਅਦ ਬੇਸ਼ੱਕ ਸ਼ਹੀਦਾਂ ਸੂਰਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਸਮੇਤ ਹੋਰ ਕਈ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਜੰਗ ਤੋਂ ਪਹਿਲਾਂ ਸਰਹੱਦਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਾਰਣ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਸਰਕਾਰ ਦੀ ਬੇਰੁਖੀ ਕਾਰਣ ਨਿਰਾਸ਼ ਹਨ। ਖਾਸ ਤੌਰ ‘ਤੇ ਹੁਣ ਜਦੋਂ ਹੁਣ ਸਾਰਾ ਦੇਸ਼ ਕਾਰਗਿਲ ਲੜਾਈ ਦੀ 21ਵੀਂ ਵਰ੍ਹੇਗੰਢ ਮੌਕੇ ਸਾਰੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤਾਂ 1999 ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰ ਮਾਯੂਸੀ ਦੇ ਆਲਮ ਵਿਚ ਗੁਜ਼ਰ ਰਹੇ ਹਨ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਸਾਲ 1994 ਤੋਂ 1998 ਦੌਰਾਨ 24 ਵੀਰ ਸਪੂਤਾਂ ਨੇ ਕਸ਼ਮੀਰ ਵਿਚ ਲੜਦੇ ਹੋਏ ਸ਼ਹਾਦਤ ਦਿੱਤੀ ਸੀ, ਜਿਨ੍ਹਾਂ ਨੂੰ ਮਰਨ ਉਪਰੰਤ ਰਾਸ਼ਟਰਪਤੀ ਵੱਲੋਂ ਵੀਰ ਚੱਕਰ, ਸ਼ੌਰਿਆ ਚੱਕਰ ਅਤੇ ਕੀਰਤੀ ਚੱਕਰ ਵਰਗੇ ਸਨਮਾਨ ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਹੂਲਤ ਨਾ ਦਿੱਤੇ ਜਾਣ ਕਾਰਣ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਗੁਮਨਾਮੀ ਦੀ ਜ਼ਿੰਦਗੀ ਲਈ ਮਜ਼ਬੂਰ ਹਨ। ਇਨ੍ਹਾਂ 24 ਪਰਿਵਾਰਾਂ ’ਚੋਂ 6 ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ, ਜਿਨ੍ਹਾਂ ‘ਚ 4 ਪਰਿਵਾਰਾਂ ਨੇ ਅੱਜ ਗੁਰਦਾਸਪੁਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਇਦ ਉਨ੍ਹਾਂ ਦੇ ਪੁੱਤਰਾਂ ਦੇ ਭਰਾਵਾਂ ਨੂੰ ਸਰਕਾਰ ਸ਼ਹੀਦ ਨਹੀਂ ਮੰਨਦਾ।
ਇਹ ਵੀ ਪੜ੍ਹੋਂ : ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ
ਸ਼ਹੀਦ ਦੀ ਸ਼ਹਾਦਤ ਦੇ ਤਿੰਨ ਮਹੀਨੇ ਬਾਅਦ ਪੈਦਾ ਹੋਇਆ ਪੁੱਤਰ ਘੁੰਮ ਰਿਹੈ ਬੇਰੋਜ਼ਗਾਰ
ਸ਼ਹੀਦ ਸਿਪਾਹੀ ਰਜਿੰਦਰ ਸਿੰਘ ਵਾਸੀ ਕਲਾਨੌਰ ਦੀ ਪਤਨੀ ਪਲਵਿੰਦਰ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਇਕ ਨਵੰਬਰ 1998 ਦੌਰਾਨ ਪੂੰਛ ਸੈਕਟਰ ‘ਚ ਸ਼ਹੀਦੀ ਜਾਮ ਪੀਤਾ ਸੀ। ਪਤੀ ਦੀ ਸ਼ਹਾਦਤ ਦੇ ਤਿੰਨ ਮਹੀਨੇ ਬਾਅਦ ਉਨ੍ਹਾਂ ਨੇ ਬੇਟੇ ਰਵਿੰਦਰ ਨੂੰ ਜਨਮ ਦਿੱਤਾ। ਉਸਨੇ ਦੱਸਿਆ ਕਿ ਪਤੀ ਦੀ ਸ਼ਹਾਦਤ ਦੇ ਮੌਕੇ ਸਰਕਾਰ ਨੇ ਉਨ੍ਹਾਂ ਦੇ ਪਤੀ ਦੀ ਯਾਦ ‘ਚ ਯਾਦਗਾਰੀ ਗੇਟ ਅਤੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਸੀ। ਮਗਰ ਸ਼ਹਾਦਤ ਦੇ 22 ਸਾਲਾਂ ਦੇ ਬਾਅਦ ਵੀ ਸਰਕਾਰ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਅੱਜ ਉਨ੍ਹਾਂ ਦਾ ਪੁੱਤਰ ਬੀ. ਐੱਸ. ਸੀ. ਕਰਨ ਉਪਰੰਤ ਬੇਰੋਜ਼ਗਾਰ ਘੁੰਮ ਰਿਹਾ ਹੈ।
ਸ਼ਹੀਦ ਦੇ ਭੋਗ ਵਾਲੇ ਦਿਨ ਦਿੱਤਾ ਸੀ ਧੀ ਨੂੰ ਜਨਮ
ਸੈਨਾ ਦੀ 11 ਸਿੱਖ ਐੱਲ. ਆਈ. ਯੂਨਿਟ ਦੇ ਸੌਰਿਆ ਚੱਕਰ ਜੇਤੂ ਸ਼ਹੀਦ ਸਿਪਾਹੀ ਰੌਣਕੀ ਸਿੰਘ ਨਿਵਾਸੀ ਗਾਲਵਕਲਾਂ (ਲੁਧਿਆਣਾਂ) ਦੀ ਪਤਨੀ ਦਲਜੀਤ ਕੌਰ ਨੇ ਨਮ ਅੱਖਾਂ ਨੇ ਦੱਸਿਆ ਦੀ ਉਨ੍ਹਾਂ ਦੇ ਪਤੀ ਨੇ 12 ਅਗਸਤ 1997 ਪੱਧਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਸੈਂਟਰ ‘ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪ੍ਰੀਤਾ ਸੀ ਅਤੇ ਜਿਸ ਦਿਨ ਉਨ੍ਹਾਂ ਦੇ ਪਤੀ ਦਾ ਭੋਗ ਸੀ, ਉਸੇ ਦਿਨ ਉਸਨੇ ਗੁਰਮੀਤ ਕੌਰ ਨਾਂਅ ਦੀ ਧੀ ਨੂੰ ਜਨਮ ਦਿੱਤਾ ਸੀ। ਪਤੀ ਦੀ ਸ਼ਹਾਦਤ ਦੇ ਬਾਅਦ ਉਸਦੇ ਸਹੁਰਾ-ਘਰ ਵਾਲਿਆਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਆਪਣੀਆਂ 4 ਬੇਟੀਆਂ ਨੂੰ ਲੈ ਕੇ ਪੇਕੇ ਬਟਾਲਾ ਆ ਗਈ ਸੀ। ਉਸ ਦੀਆਂ ਤਿੰਨ ਬੇਟੀਆਂ ਦੇ ਵਿਆਹ ਹੋ ਚੁੱਕੇ ਹਨ। ਪਰ ਚੌਥੀ ਧੀ ਗੁਰਮੀਤ ਕੌਰ ਜਿਸ ਨੇ ਏ. ਐੱਨ. ਐੱਮ. ਦਾ ਕੋਰਸ ਕੀਤਾ ਹੈ ਅਤੇ ਅੱਗੇ ਵੀ ਉੱਚ ਸਿੱਖਿਆ ਲੈ ਰਹੀ ਹੈ। ਉਸਨੇ ਦੱਸਿਆ ਕਿ ਉਸਦਾ ਕੋਈ ਪੁੱਤਰ ਨਹੀਂ ਹੈ। ਇਸ ਲਈ ਉਸਦੀ ਧੀ ਨੇ ਸਰਕਾਰੀ ਨੌਕਰੀ ਲਈ ਕਈ ਵਾਰ ਅਪਲਾਈ ਕੀਤਾ ਪਰ ਅੱਜ ਤੱਕ ਉਸਨੂੰ ਨੌਕਰੀ ਨਹੀਂ ਮਿਲੀ। ਕਈ ਸਾਲਾਂ ਦੇ ਬਾਅਦ ਵੀ ਪਿੰਡ ‘ਚ ਉਨ੍ਹਾਂ ਦੀ ਕੋਈ ਯਾਦਗਾਰ ਨਹੀਂ ਬਣੀ ।
22 ਸਾਲਾਂ ਬਾਅਦ ਵੀ ਨਹੀਂ ਬਣੀ ਯਾਦ
26 ਨਵੰਬਰ ਨੂੰ ਕੁਪਵਾੜਾ ਸੈਕਟਰ ਵਿਚ ਸ਼ਹੀਦ ਹੋਏ ਸੈਨਾ ਦੇ 6 ਪੈਰਾ ਰੈਜੀਮੈਂਟ ਦੇ ਸ਼ੌਰਿਆ ਚੱਕਰ ਜੇਤੂ ਪੀ. ਟੀ. ਆਰ. ਕਮਾਂਡੋ ਸ਼ਹੀਦ ਗਿਆਨ ਸਿੰਘ ਸਲਾਰੀਆ ਦੀ ਮਾਤਾ ਪੁਸ਼ਪਾ ਦੇਵੀ ਨੇ ਕਿਹਾ ਕਿ ਉਸਦੇ ਅਣਵਿਆਹੇ ਸਪੁੱਤਰ ਦੀ ਸ਼ਹਾਦਤ ਦੇ ਬਾਅਦ ਦੂਸਰਾ ਪੁੱਤਰ ਗਗਨ ਸਿੰਘ ਬੇਰੋਜ਼ਗਾਰ ਘੁੰਮ ਰਿਹਾ ਹੈ ਅਤੇ ਇਸ ਵੱਡੇ ਦੁੱਖ ਨੂੰ ਸਹਿਣ ਨਾ ਕਰ ਸਕਣ ਕਾਰਣ ਉਸ ਦਾ ਪਤੀ ਸੇਵਾਮੁਕਤ ਸੂਬੇਦਾਰ ਬਲਵਾਨ ਸਿੰਘ ਵੀ ਦਮ ਤੋੜ ਚੁੱਕਾ ਹੈ। ਉਨ੍ਹਾਂ ਕਿਹਾ ਕਿ 22 ਸਾਲਾਂ ਬਾਅਦ ਵੀ ਪਿੰਡ ਵਿਚ ਸ਼ਹੀਦ ਦੀ ਕੋਈ ਯਾਦ ਨਹੀਂ ਬਣੀ।
ਇਹ ਵੀ ਪੜ੍ਹੋਂ : ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਭੇਜਿਆ ਮਾਨਹਾਨੀ ਨੋਟਿਸ
ਗੈਸ ਏਜੰਸੀ ਦਾ ਵਾਅਦਾ ਵੀ ਹਵਾ ਹੋਇਆ
ਸੈਨਾ ਦੀ 9 ਮਹਾਰ ਰੈਜੀਮੈਂਟ ਦੇ ਸ਼ੌਰਿਆ ਚੱਕ ਜੇਤੂ ਸਿਪਾਹੀ ਸਤਪਾਲ ਸਿੰਘ ਵਾਸੀ ਬੱਲੜਵਾਲ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ 11 ਨਵੰਬਰ 1994 ਦੌਰਾਨ ਉਨ੍ਹਾਂ ਦੇ ਪਤੀ ਦੀ ਸ਼ਹਾਦਤ ਮੌਕੇ ਸਰਕਾਰ ਨੇ ਪਰਿਵਾਰ ਨੂੰ ਗੈਸ ਏਜੰਸੀ, ਸ਼ਹੀਦ ਦੀ ਯਾਦ ਵਿਚ ਸਕੂਲ ਦਾ ਨਾਮ ਰੱਖਣ ਅਤੇ ਯਾਦਗਾਰੀ ਗੇਟ ਬਣਾਉਣਾ ਦਾ ਵਾਅਦਾ ਕੀਤਾ ਸੀ ਪਰ 26 ਸਾਲਾਂ ਬਾਅਦ ਵੀ ਇਹ ਵਾਅਦਾ ਵਫਾ ਨਹੀਂ ਹੋਇਆ ਅਤੇ ਹੁਣ ਉਨ੍ਹਾਂ ਦਾ ਬੇਟਾ ਵੀ ਬੇਰੋਜ਼ਗਾਰ ਘੁੰਮ ਰਿਹਾ ਹੈ।
ਇਹ ਵੀ ਪੜ੍ਹੋਂ : ਹਲਕੀ-ਹਲਕੀ ਕਿਣ-ਮਿਣ 'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੇ ਦਰਸ਼ਨ-ਦੀਦਾਰੇ
ਸ਼ਹੀਦਾਂ ਨੂੰ ਕੈਟਾਗਰੀਆਂ ‘ਚ ਨਾ ਵੰਡੇ ਸਰਕਾਰ : ਕੁੰਵਰ ਵਿੱਕੀ
ਸ਼ਹੀਦ ਸੈਨਿਕ ਸੁਰੱਖਿਆ ਪਰਿਵਾਰ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸ਼ਹੀਦਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿਚ ਵੰਡਣ ਦੀ ਬਜਾਏ ਦੇਸ਼ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਕਾਰਗਿਲ ਸ਼ਹੀਦਾਂ ਵਾਲੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। 24 ਸ਼ਹੀਦਾਂ ਦੇ ਪਰਿਵਾਰਾਂ ਵਿਚੋਂ 16 ਪਰਿਵਾਰਾਂ ਦੇ ਬੱਚੇ ਹੁਣ ਓਵਰਏਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇਕ ਸੈਨਿਕ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੀ ਲੋੜਾਂ, ਸਮੱਸਿਆਵਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਇਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ।