ਆਮ ਆਦਮੀ ਪਾਰਟੀ ਨੂੰ 2 ਸਾਲਾਂ ''ਚ ਲੱਗਾ ਵੱਡਾ ਖੋਰਾ

05/24/2019 9:01:27 AM

ਗੁਰਦਾਸਪੁਰ (ਹਰਮਨਪ੍ਰੀਤ) : 17ਵੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਮਿਲੇ ਭਾਰੀ ਸਮਰਥਨ ਕਾਰਨ ਜਿਥੇ ਸਮੁੱਚੇ ਦੇਸ਼ ਦਾ ਸਿਆਸੀ ਦ੍ਰਿਸ਼ ਸਪੱਸ਼ਟ ਹੋ ਗਿਆ ਹੈ, ਉਥੇ ਪੰਜਾਬ ਦੀਆਂ 13 ਸੀਟਾਂ ਦੇ ਨਤੀਜਿਆਂ ਨਾਲ ਪੰਜਾਬ ਦੀ ਸਿਆਸੀ ਤਸਵੀਰ ਵੀ ਸਾਫ ਹੋ ਗਈ ਹੈ। ਜੇਕਰ ਇਨ੍ਹਾਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅਕਾਲੀ ਦਲ ਅਤੇ ਕਾਂਗਰਸ ਦਾ ਵੋਟ ਬੈਂਕ ਵਧਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਵੱਡੇ ਪੱਧਰ 'ਤੇ ਖੋਰਾ ਲੱਗਿਆ ਹੈ। ਇਸ ਮਾਮਲੇ 'ਚ ਸਭ ਤੋਂ ਵੱਡੀ ਰਾਹਤ ਭਾਜਪਾ ਲਈ ਹੈ, ਜਿਸ ਦੇ ਵੋਟ ਬੈਂਕ 'ਚ ਕਾਫੀ ਵਾਧਾ ਹੋਇਆ ਹੈ।

ਕਾਂਗਰਸ ਦੇ ਵੋਟ ਬੈਂਕ 'ਚ ਵੀ ਹੋਇਆ ਵਾਧਾ
ਪੰਜਾਬ ਦੀਆਂ 13 ਸੀਟਾਂ 'ਚੋਂ 8 ਸੀਟਾਂ 'ਤੇ ਕਾਂਗਰਸ ਨੂੰ ਭਾਰੀ ਬਹੁਮਤ ਮਿਲਣ ਕਾਰਨ ਕਾਂਗਰਸ ਲਈ ਰਾਹਤ ਵਾਲੀ ਗੱਲ ਤਾਂ ਹੈ ਹੀ ਪਰ ਦੂਜੇ ਪਾਸੇ ਜਿਸ ਢੰਗ ਨਾਲ ਗੁਰਦਾਸਪੁਰ ਅੰਦਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਹੋਈ ਹੈ, ਉਹ ਕਾਂਗਰਸ ਲਈ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਕਾਂਗਰਸੀ ਇਸ ਗੱਲ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਜਦੋਂ 77 ਸੀਟਾਂ 'ਤੇ ਜਿੱਤ ਨਸੀਬ ਹੋਈ ਸੀ ਤਾਂ ਉਸ ਮੌਕੇ ਕਾਂਗਰਸ ਨੂੰ 38.5 ਫੀਸਦੀ ਵੋਟਾਂ ਪਈਆਂ ਸਨ ਪਰ ਇਸ ਵਾਰ ਕਾਂਗਰਸ ਨੂੰ 40.16 ਫੀਸਦੀ ਤੋਂ ਵੀ ਜ਼ਿਆਦਾ ਵੋਟਾਂ ਮਿਲੀਆਂ ਹਨ। ਇਸ ਤੋਂ ਪਹਿਲਾਂ 2012 ਦੌਰਾਨ ਕਾਂਗਰਸ ਦੀ ਵੋਟ ਫੀਸਦੀ 40.11 ਸੀ, ਜਿਸ ਮੌਕੇ ਕਾਂਗਰਸ ਨੂੰ 46 ਅਸੈਂਬਲੀ ਸੀਟਾਂ 'ਤੇ ਫਤਹਿ ਹਾਸਲ ਹੋਈ ਸੀ। ਜਦੋਂ ਕਿ 2007 ਦੌਰਾਨ ਇਹ ਫੀਸਦੀ 40.90 ਸੀ ਅਤੇ ਸੀਟਾਂ ਦੀ ਗਿਣਤੀ 44 ਤੱਕ ਸੀਮਤ ਰਹਿ ਗਈ ਸੀ। ਲੋਕ ਸਭਾ ਚੋਣਾਂ ਦੌਰਾਨ 2009 ਵਿਚ ਜਦੋਂ ਕਾਂਗਰਸ 8 ਲੋਕ ਸਭਾ ਸੀਟਾਂ 'ਤੇ ਜਿੱਤੀ ਸੀ ਤਾਂ ਕਾਂਗਰਸ ਨੂੰ 45.23 ਫੀਸਦੀ ਵੋਟਾਂ ਮਿਲੀਆਂ ਸਨ, ਜਦੋਂ ਕਿ 2004 ਵਿਚ ਕਾਂਗਰਸ ਨੂੰ ਸਿਰਫ 34.17 ਫੀਸਦੀ ਵੋਟਾਂ ਦੇ ਨਾਲ 2 ਸੀਟਾਂ ਨਸੀਬ ਹੋਈਆਂ ਸਨ।

ਦੋ ਸਾਲਾਂ 'ਚ ਦੋ ਫੀਸਦੀ ਵਧਿਆ ਅਕਾਲੀ ਦਲ ਦਾ ਵੋਟ ਬੈਂਕ
ਸ਼੍ਰੋਮਣੀ ਅਕਾਲੀ ਦਲ 'ਤੇ ਆਏ ਕਈ ਉਤਰਾਅ-ਚੜ੍ਹਾਅ ਦੇ ਬਾਵਜੂਦ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅਕਾਲੀ ਦਲ ਦੀ ਵੋਟ ਫੀਸਦੀ 'ਚ ਵਾਧਾ ਹੋਇਆ ਹੈ। 2017 ਵਿਚ ਅਕਾਲੀ ਦਲ ਨੂੰ 25.05 ਫੀਸਦੀ ਵੋਟਾਂ ਅਤੇ 15 ਸੀਟਾਂ 'ਤੇ ਜਿੱਤ ਨਸੀਬ ਹੋਈ ਸੀ, ਜਦੋਂ ਕਿ 2012 ਵਿਚ ਸੀਟਾਂ ਦੀ ਗਿਣਤੀ 56 ਅਤੇ ਵੋਟ ਫੀਸਦੀ 34.75 ਸੀ। 2007 ਵਿਚ ਵੀ ਇਹ ਗਿਣਤੀ ਕ੍ਰਮਵਾਰ 48 ਅਤੇ 37.09 ਸੀ। 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ 34.28 ਫੀਸਦੀ ਵੋਟਾਂ ਲੈ ਕੇ 8 ਸੰਸਦੀ ਸੀਟਾਂ ਜਿੱਤੀਆਂ ਸਨ, ਜਦੋਂ ਕਿ 2009 ਵਿਚ ਸੀਟਾਂ ਦੀ ਗਿਣਤੀ 4 ਅਤੇ ਵੋਟ ਫੀਸਦੀ 33.85 ਸੀ ਪਰ ਬਾਅਦ ਵਿਚ ਅਕਾਲੀ ਦਲ 'ਤੇ ਆਏ ਸੰਕਟਾਂ ਕਾਰਨ 2014 ਵਿਚ ਅਕਾਲੀ ਦਲ ਦੀ ਵੋਟ ਫੀਸਦੀ ਘਟ ਕੇ 20.30 ਰਹਿ ਗਈ ਅਤੇ ਸਿਰਫ 4 ਸੀਟਾਂ 'ਤੇ ਜਿੱਤ ਮਿਲੀ ਸੀ।

30 ਫੀਸਦੀ ਤੋਂ 7 ਫੀਸਦੀ ਰਹਿ ਗਿਆ ਆਮ ਆਦਮੀ ਪਾਰਟੀ ਦਾ ਵੋਟ ਬੈਂਕ
ਭਾਵੇਂ ਆਮ ਆਦਮੀ ਪਾਰਟੀ ਨੂੰ ਸੰਗਰੂਰ ਵਿਚ ਵੱਡਾ ਸਮਰਥਨ ਮਿਲਿਆ ਹੈ ਪਰ ਪੰਜਾਬ ਭਰ ਅੰਦਰ ਆਮ ਆਦਮੀ ਪਾਰਟੀ ਨੂੰ ਸਿਰਫ 7.4 ਫੀਸਦੀ ਦੇ ਕਰੀਬ ਵੋਟਾਂ ਮਿਲਣ ਕਾਰਨ ਇਸ ਪਾਰਟੀ ਦੇ ਵੋਟ ਬੈਂਕ 'ਚ ਵੱਡੀ ਗਿਰਾਵਟ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ 2017 ਦੌਰਾਨ ਜਦੋਂ ਪਾਰਟੀ ਦੇ 20 ਵਿਧਾਇਕ ਬਣੇ ਸਨ, ਤਾਂ ਉਸ ਮੌਕੇ ਇਸ ਪਾਰਟੀ ਨੂੰ 23.7 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਜਦੋਂ 2014 ਦੌਰਾਨ ਆਪ ਦੇ 4 ਉਮੀਦਵਾਰ ਲੋਕ ਸਭਾ ਮੈਂਬਰ ਬਣੇ ਸਨ ਤਾਂ ਉਸ ਮੌਕੇ ਆਪ ਦੀ ਵੋਟ ਫੀਸਦੀ 30.04 ਫੀਸਦੀ ਸੀ।

ਭਾਜਪਾ ਦੇ ਵੋਟ ਬੈਂਕ 'ਚ ਭਾਰੀ ਵਾਧਾ
ਇਸ ਵਾਰ ਭਾਜਪਾ ਨੂੰ 10 ਫੀਸਦੀ ਦੇ ਕਰੀਬ ਵੋਟਾਂ ਮਿਲੀਆਂ ਹਨ, ਜਦੋਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 2014 ਵਿਚ ਭਾਜਪਾ ਨੂੰ 8.70 ਫੀਸਦੀ ਵੋਟਾਂ ਦੇ ਨਾਲ 2 ਸੀਟਾਂ ਨਸੀਬ ਹੋਈਆਂ ਸਨ ਜਦੋਂ ਕਿ 2009 ਵਿਚ 10 .06 ਫੀਸਦੀ ਵੋਟ ਬੈਂਕ ਦੇ ਨਾਲ ਭਾਜਪਾ ਦੀ ਝੋਲੀ ਵਿਚ ਇਕ ਸੀਟ ਪਈ ਸੀ। ਇਸ ਤੋਂ ਪਹਿਲਾਂ 2004 ਵਿਚ 10.48 ਫੀਸਦੀ ਵੋਟ ਬੈਂਕ ਦੇ ਨਾਲ ਭਾਜਪਾ ਨੇ 3 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 2017 ਵਿਚ ਭਾਜਪਾ ਨੂੰ ਸਿਰਫ 5.4 ਫੀਸਦੀ ਵੋਟਾਂ ਮਿਲੀਆਂ ਸਨ ਅਤੇ 3 ਅਸੈਂਬਲੀ ਸੀਟਾਂ 'ਤੇ ਜਿੱਤ ਮਿਲੀ ਸੀ, ਜਦੋਂ ਕਿ 2012 ਵਿਚ ਭਾਜਪਾ 7.13 ਫੀਸਦੀ ਵੋਟਾਂ ਲੈ ਕੇ 12 ਸੀਟਾਂ 'ਤੇ ਜੇਤੂ ਰਹੀ ਸੀ। 2007 ਵਿਚ ਵੀ ਭਾਜਪਾ ਨੂੰ 8.28 ਫੀਸਦੀ ਵੋਟਾਂ ਦੇ ਨਾਲ 19 ਵਿਧਾਨ ਸਭਾ ਹਲਕਿਆਂ 'ਚ ਜਿੱਤ ਮਿਲੀ ਸੀ।


Baljeet Kaur

Content Editor

Related News