ਸੋਸ਼ਲ ਮੀਡੀਆ ''ਤੇ ਵੀ ਹੋਣਾ ਚਾਹੀਦਾ ਹੈ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ

12/10/2017 7:59:22 AM

ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹਮੇਸ਼ਾ ਚੁਣੌਤੀਆਂ ਭਰਪੂਰ ਮੰਨੀ ਜਾਂਦੀ ਹੈ। ਇਸ ਸੰਸਥਾ ਦੇ ਮੁਖੀ ਨੂੰ ਜਿਥੇ ਪੰਥ ਵਿਰੋਧੀ ਤਾਕਤਾਂ ਨਾਲ ਲੜਾਈ ਲੜਨੀ ਪੈਂਦੀ ਹੈ, ਉਥੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਈ ਸਿੱਖ ਭਾਈਚਾਰੇ 'ਚ ਹੀ ਆਪਣੇ ਆਧਾਰ ਨੂੰ ਮਜ਼ਬੂਤ ਬਣਾਉਣਾ ਕਾਫੀ ਚੁਣੌਤੀਪੂਰਨ ਬਣਿਆ ਹੋਇਆ ਹੈ। ਲੌਂਗੋਵਾਲ ਸਾਹਮਣੇ ਜਿਥੇ ਐੱਸ. ਜੀ. ਪੀ. ਸੀ. ਪ੍ਰਤੀ ਸਿੱਖਾਂ ਦੇ ਖੁੱਸੇ ਭਰੋਸੇ ਨੂੰ ਮੁੜ ਬਹਾਲ ਕਰਨ, ਧਰਮ 'ਤੇ ਸਿਆਸਤ ਦੇ ਪ੍ਰਭਾਵ ਨੂੰ ਖਤਮ ਕਰਨ, ਪੰਥਕ  ਆਗੂਆਂ ਦਾ ਆਪਸੀ ਕਲੇਸ਼ ਮੁਕਾਉਣਾ, ਨਾਨਕਸ਼ਾਹੀ ਕੈਲੰਡਰ ਦਾ ਮਸਲਾ ਸੁਲਝਾਉਣਾ ਅਤੇ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਜਿਹੇ ਮਸਲੇ ਖੜ੍ਹੇ ਹਨ, ਉਥੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਵਿਵਾਦ ਵੀ ਕਾਫੀ ਚੁਣੌਤੀਆਂ ਭਰਪੂਰ ਹਨ। ਬੀਤੇ ਦਿਨ ਗੋਬਿੰਦ ਸਿੰਘ ਲੌਂਗੋਵਾਲ ਨਾਲ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਵੱਲੋਂ ਖੁੱਲ੍ਹਾ ਸੰਵਾਦ ਕੀਤਾ ਗਿਆ। ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਮੁੱਖ ਅੰਸ਼ :
ਨਾਂ ਦੇ ਨਾਲ 'ਲੌÎਂਗੋਵਾਲ' ਸ਼ਬਦ ਕਿਸ ਤਰ੍ਹਾਂ ਜੁੜਿਆ?
ਉੱਤਰ : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੌਂਗੋਵਾਲ ਜੋ ਕਿ ਸੰਤ ਹਰਚੰਦ ਸਿੰਘ ਜੀ ਦੀ ਕਰਮ ਭੂਮੀ ਸੀ ਤੇ ਮੇਰੇ ਮਾਤਾ-ਪਿਤਾ ਪਹਿਲਾਂ ਤੋਂ ਹੀ ਸੰਤ ਜੀ ਕੋਲ ਆਉਂਦੇ ਸਨ। ਜਦੋਂ ਪੰਜਾਬੀ ਸੂਬਾ ਮੋਰਚਾ ਲੱਗਿਆ ਸੀ ਤਾਂ ਉਦੋਂ ਵੀ ਮੇਰੇ ਤਾਇਆ ਜੀ ਲੌਂਗੋਵਾਲ ਜੀ ਦੇ ਜਥੇ 'ਚ ਸ਼ਾਮਲ ਸਨ। ਇਸ ਤਰ੍ਹਾਂ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਉਨ੍ਹਾਂ ਦੇ ਕਾਫੀ ਨੇੜੇ ਸੀ। ਮੈਨੂੰ ਯਾਦ ਹੈ ਜਦੋਂ ਮੈਂ 7-8 ਸਾਲ ਦਾ ਸੀ ਤਾਂ ਆਪਣੇ ਪਰਿਵਾਰ ਨਾਲ ਅਸੀਂ ਸੰਤ ਜੀ ਕੋਲ ਗਏ ਹੋਏ ਸੀ। ਉਸ ਦੌਰਾਨ ਉਨ੍ਹਾਂ ਮੈਨੂੰ ਵੇਖਦਿਆਂ ਮੇਰੇ ਮਾਂ-ਬਾਪ ਨੂੰ ਕਿਹਾ ਕਿ ਤੁਹਾਡਾ ਬੱਚਾ ਬਹੁਤ ਹੋਣਹਾਰ ਹੈ, ਇਸਨੂੰ ਤੁਸੀਂ ਗੁਰੂਘਰ ਦੀ ਸੇਵਾ ਵਿਚ ਲਗਾ ਦਿਓ। ਇਸ ਤੋਂ ਬਾਅਦ ਮੇਰੇ ਮਾਂ-ਬਾਪ ਨੇ ਮੈਨੂੰ ਉਨ੍ਹਾਂ ਕੋਲ ਹੀ ਛੱਡਣ ਦਾ ਫੈਸਲਾ ਕਰ ਲਿਆ ਤੇ ਮੇਰੇ ਭਵਿੱੱਖ ਦਾ ਫੈਸਲਾ ਉਨ੍ਹਾਂ ਉਪਰ ਹੀ ਛੱਡ ਦਿੱਤਾ। ਮੈਂ ਆਪਣੀ ਸਮਾਜਿਕ ਤੇ ਧਾਰਮਿਕ ਸਿੱਖਿਆ ਸੰਤ ਲੌਂਗੋਵਾਲ ਜੀ ਦੇ ਕੋਲ ਰਹਿ ਕੇ ਹੀ ਹਾਸਲ ਕੀਤੀ। ਉਸ ਸਮੇਂ ਗੁਰਦੁਆਰਿਆਂ ਵਿਚ ਹੀ ਸਿੱਖਿਆ ਦਿੱਤੀ ਜਾਂਦੀ ਸੀ। ਮੈਂ ਉਨ੍ਹਾਂ ਦੇ ਨਾਲ ਕੀਰਤਨ ਦੌਰਾਨ ਤਬਲਾਵਾਦਕ ਵਜੋਂ ਵੀ ਸੇਵਾ ਕਰਦਾ ਰਿਹਾ ਹਾਂ। ਇਸ ਤੋਂ ਇਲਾਵਾ ਮੈਂ ਉਨ੍ਹਾਂ ਦੀ ਗੱਡੀ ਵੀ ਚਲਾਉਂਦਾ ਰਿਹਾ ਹਾਂ, ਭਾਵ ਕਿ ਹਰ ਵਕਤ ਮੈਂ ਉਨ੍ਹਾਂ ਦੀ ਸੇਵਾ ਲਈ ਤੱਤਪਰ ਰਿਹਾ ਹਾਂ। ਚਾਹੇ ਐਮਰਜੈਂਸੀ ਦੇ ਮੋਰਚੇ ਦਾ ਵਕਤ ਹੋਵੇ ਜਾਂ ਬਲਿਊ ਸਟਾਰ ਦੌਰਾਨ ਜੇਲ ਜਾਣ ਦੀ ਗੱਲ ਹੋਵੇ, ਮੈਂ ਆਖਰੀ ਸਮੇਂ ਤੱਕ ਉਨ੍ਹਾਂ ਦੇ ਨਾਲ ਰਿਹਾ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੱਡੀ ਗਿਣਤੀ 'ਚ ਸੰਗਤ ਇਕੱਠੀ ਹੋਈ ਤੇ ਮੈਨੂੰ ਗੱਦੀ ਦਾ ਸਿਆਸੀ ਵਾਰਿਸ ਬਣਾਇਆ ਗਿਆ। ਇਸ ਤਰ੍ਹਾਂ ਮੇਰੇ ਨਾਂ ਦੇ ਨਾਲ ਵੀ 'ਲੌਂਗੋਵਾਲ' ਸ਼ਬਦ ਜੁੜ ਗਿਆ।
ਪ੍ਰਸ਼ਨ : ਗੋਬਿੰਦ ਸਿੰਘ ਲੌÎਂਗੋਵਾਲ ਜੀ, ਤੁਸੀਂ ਸਿਆਸਤ 'ਚ ਕਿਸ ਤਰ੍ਹਾਂ ਪ੍ਰਵੇਸ਼ ਹੋਏ?
ਉੱਤਰ : ਸੰਤ ਲੌਂਗੋਵਾਲ ਜੀ ਦੀ ਸ਼ਹਾਦਤ ਤੋਂ ਬਾਅਦ ਮੈਂ ਉਨ੍ਹਾਂ ਦੇ ਕੰਮਾਂ ਨੂੰ ਅੱਗੇ ਤੋਰਿਆ ਤੇ 1985 ਵਿਚ ਮੈਨੂੰ ਧਨੌਲਾ ਤੋਂ ਟਿਕਟ ਦਿੱਤੀ ਗਈ। ਉਦੋਂ ਮੇਰੀ ਉਮਰ 26 ਸਾਲ ਸੀ ਤੇ ਮੈਂ 25 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
ਪ੍ਰਸ਼ਨ : ਕਿਹਾ ਜਾ ਰਿਹਾ ਹੈ ਕਿ ਲੌÎਂਗੋਵਾਲ ਸ਼ਬਦ ਹੀ ਤੁਹਾਡੀ ਪ੍ਰਧਾਨਗੀ ਦਾ ਸਬੱਬ ਬਣਿਆ ਹੈ, ਕਿਉਂਕਿ ਆਖਰੀ ਸਮੇਂ ਤੱਕ ਤੁਹਾਡੇ ਨਾਂ ਦਾ ਕੋਈ ਜ਼ਿਕਰ ਨਹੀਂ ਸੀ?
ਉੱਤਰ : ਵੇਖੋ ਜੀ, ਮੈਨੂੰ ਤਾਂ ਪ੍ਰਧਾਨਗੀ ਬਾਰੇ ਕੋਈ ਖਿਆਲ ਹੀ ਨਹੀਂ ਸੀ ਤੇ ਨਾ ਹੀ ਮੈਂ ਕਦੇ ਇੱਛਾ ਜਤਾਈ ਸੀ। ਇਹ ਤਾਂ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਹੀ ਫੈਸਲਾ ਲਿਆ ਗਿਆ ਹੈ, ਹਾਲਾਂਕਿ ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਮੇਰੇ ਤੋਂ ਕਾਬਲ ਕਈ ਹੋਰ ਵੀ ਚਿਹਰੇ ਪਾਰਟੀ ਵਿਚ ਹਨ।
ਪ੍ਰਸ਼ਨ : ਬੜੀ ਚਰਚਾ ਹੈ ਕਿ ਸਿੱਖ ਧਰਮ 'ਤੇ ਆਰ. ਐੱਸ. ਐੱਸ. ਦਾ ਪ੍ਰਭਾਵ ਪੈ ਰਿਹਾ ਹੈ, ਤੁਹਾਡੇ 'ਤੇ ਵੀ ਇਲਜ਼ਾਮ ਲੱਗਦਾ ਹੈ ਕਿ ਆਰ. ਐੱਸ. ਐੱਸ. ਨੂੰ ਖੁਸ਼ ਕਰਨ ਲਈ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਹੈ?
ਉੱਤਰ : ਪੰਥ ਦਾ ਵਿਰੋਧ ਕਰਨ ਵਾਲੇ ਇਹ ਇਲਜ਼ਾਮ ਲਗਾ ਰਹੇ ਹਨ। ਮੈਂ ਤਾਂ ਪਲਿਆ ਹੀ ਸਿੱਖ ਧਰਮ ਵਿਚ ਹਾਂ, ਇਸ ਲਈ ਸਾਡਾ ਤੇ ਆਰ. ਐੱਸ. ਐੱਸ. ਦਾ ਕੀ ਮਤਲਬ। ਨਾ ਅਸੀਂ ਉਹਦੇ ਬਾਰੇ ਜਾਣੀਏ, ਨਾ ਸਾਡਾ ਉਹਦੇ ਨਾਲ ਕੋਈ ਸੰਬੰਧ ਹੈ। ਅਸੀਂ ਤਾਂ ਸਿੱਖ ਧਰਮ ਬਾਰੇ ਹੀ ਗੱਲ ਕਰ ਸਕਦੇ ਹਾਂ, ਜੋ ਆਪਣੇ ਆਪ ਵਿਚ ਹੀ ਬਹੁਤ ਵਿਸ਼ਾਲ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਾਡੇ ਧਰਮ 'ਤੇ ਕਿਸੇ ਦਾ ਪ੍ਰਭਾਵ ਹੈ।
ਪ੍ਰਸ਼ਨ : ਕਿਹਾ ਜਾਂਦਾ ਹੈ ਕਿ ਐੱਸ. ਜੀ. ਪੀ. ਸੀ.  ਪ੍ਰਧਾਨ ਦੀ ਪਰਚੀ ਬਾਦਲ ਪਰਿਵਾਰ ਦੇ ਲਿਫਾਫੇ 'ਚੋਂ ਨਿਕਲਦੀ ਹੈ, ਤਾਂ ਕੀ ਇਹ ਇਲਜ਼ਾਮ ਸੱਚੇ ਹਨ?
ਉੱਤਰ : ਨਹੀਂ ਜੀ, ਇਹ ਤਾਂ ਵਿਰੋਧੀ ਐਵੇਂ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਲਿਫਾਫੇ ਵਾਲੀ ਗੱਲ ਤਾਂ ਉਦੋਂ ਹੀ ਸਪੱਸ਼ਟ ਹੋ ਗਈ ਸੀ ਜਦੋਂ ਬੀਬੀ ਜਗੀਰ ਕੌਰ ਵੱਲੋਂ ਮੇਰੇ ਨਾਂ ਦੀ ਪੇਸ਼ਕਸ਼ ਕਰਕੇ ਸਹਿਮਤੀ ਲਈ ਗਈ ਤੇ ਵੋਟਾਂ ਦੇ ਨਾਲ ਪ੍ਰਧਾਨ ਦੀ ਚੋਣ ਕੀਤੀ ਗਈ ਹੈ।
ਪ੍ਰਸ਼ਨ : ਤੁਸੀਂ ਕੋਸ਼ਿਸ਼ ਕਰੋਗੇ ਕਿ ਐੱਸ. ਜੀ. ਪੀ. ਸੀ. 'ਤੇ ਸਿਆਸਤ ਦੇ ਪ੍ਰਭਾਵ ਹੇਠ ਚੱਲਣ ਦੇ ਇਲਜ਼ਾਮ ਨੂੰ ਝੂਠਾ ਪਾਇਆ ਜਾ ਸਕੇ?
ਉੱਤਰ : ਜੀ ਬਿਲਕੁਲ, ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਮੇਰੇ ਹੱਥੋਂ ਹਮੇਸ਼ਾ ਨਿਰਪੱਖ ਫੈਸਲੇ ਹੋਣ। ਮੇਰੇ ਹੱਥੋਂ ਕੋਈ ਅਜਿਹਾ ਕੰਮ ਨਾ ਹੋਵੇ, ਜਿਸ ਨਾਲ ਕਿਸੇ ਵੀ ਵਰਗ ਦਾ ਨੁਕਸਾਨ ਹੋਵੇ।
ਪ੍ਰਸ਼ਨ : ਤੁਸੀਂ ਅਕਾਲੀ ਦਲ ਨੂੰ ਪੰਥਕ ਪਾਰਟੀ ਮੰਨਦੇ ਹੋ, ਜੇ ਹਾਂ ਤਾਂ ਪੰਥਕ ਪਾਰਟੀ ਦੀ ਪਰਿਭਾਸ਼ਾ ਕੀ ਹੈ?
ਉੱਤਰ : ਸ਼੍ਰੋਮਣੀ ਅਕਾਲੀ ਦਲ ਬੜੀਆਂ ਕੁਰਬਾਨੀਆਂ ਦੇ ਕੇ ਬਣਿਆ ਹੈ। ਸੁਭਾਵਿਕ ਹੀ ਇਹ ਪੰਥਕ ਪਾਰਟੀ ਹੈ। ਰਹੀ ਗੱਲ ਪਰਿਭਾਸ਼ਾ ਦੀ ਤਾਂ ਜਿਹੜੀ ਪਾਰਟੀ ਸਭ ਕੌਮਾਂ ਨੂੰ ਨਾਲ ਲੈ ਕੇ ਗੁਰਬਾਣੀ ਦੇ ਸਿਧਾਂਤ 'ਤੇ ਚੱਲਦੀ ਹੈ ਤੇ ਜ਼ੁਲਮ ਦੇ ਖਿਲਾਫ ਖੜ੍ਹਦੀ ਹੈ, ਉਸਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ।
ਪ੍ਰਸ਼ਨ : 1984 ਦੌਰਾਨ ਪੁਲਸ ਵੱਲੋਂ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਵੀ ਵਿਧਾਇਕ ਰਹੇ, ਕੀ ਕਦਮ ਚੁੱਕੇ ਗਏ?
ਉੱਤਰ : ਜੇ ਕਿਸੇ ਨਾਲ ਵੀ ਬੇਇਨਸਾਫੀ ਹੁੰਦੀ ਹੈ ਤਾਂ ਇਨਸਾਫ ਮਿਲਣਾ ਚਾਹੀਦਾ ਹੈ। ਮੇਰੇ ਕੋਲ ਤਾਂ ਅਜੇ ਹੁਣੇ ਪ੍ਰਧਾਨਗੀ ਆਈ ਹੈ। ਇਸ ਬਾਰੇ ਤੁਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਤੋਂ ਪੁੱਛ ਸਕਦੇ ਹੋ। ਸਰਕਾਰ ਵਿਚ ਜਿੰਨੀ ਕੁ ਜ਼ਿੰਮੇਵਾਰੀ ਮੇਰੇ ਕੋਲ ਸੀ, ਮੈਂ ਬਾਖੂਬੀ ਨਿਭਾਈ ਹੈ।
ਪ੍ਰਸ਼ਨ : ਬਤੌਰ ਪ੍ਰਧਾਨ ਤੁਹਾਡੇ ਮੁੱਖ ਟੀਚੇ ਕੀ ਹਨ?
ਉੱਤਰ : ਮੇਰੇ ਮੁੱਖ ਟੀਚਿਆਂ ਵਿਚ ਧਰਮ ਦਾ ਪ੍ਰਚਾਰ ਕਰਨਾ, ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਜਾਗਰੂਕ ਕਰਨਾ, ਗੁਰਮਤਿ ਸਿੱਖਿਆ ਅਤੇ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਸੁਧਾਰ ਕਰਨਾ ਅਤੇ ਨਸ਼ਿਆਂ 'ਚ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣਾ ਵੀ ਮੁੱਖ ਤੌਰ 'ਤੇ ਸ਼ਾਮਲ ਹੈ।
ਪ੍ਰਸ਼ਨ : ਇਕ ਪਾਸੇ ਤੁਸੀਂ ਪੂਰੇ ਵਿਸ਼ਵ 'ਚ ਧਰਮ ਦੇ ਪ੍ਰਚਾਰ ਦਾ ਦਾਅਵਾ ਕਰਦੇ ਹੋ ਪਰ ਦੂਜੇ ਪਾਸੇ ਗੁਰਬਾਣੀ ਦਾ ਪ੍ਰਸਾਰਣ ਸਿਰਫ ਇਕ ਟੀ. ਵੀ. ਚੈਨਲ ਤੱਕ ਹੀ ਸੀਮਤ ਕਿਉਂ?
ਉੱਤਰ : ਮੇਰੇ ਮੁਤਾਬਿਕ ਗੁਰਬਾਣੀ ਦਾ ਪ੍ਰਸਾਰਣ ਸੋਸ਼ਲ ਮੀਡੀਆ ਸਮੇਤ ਹਰ ਥਾਂ 'ਤੇ ਹੋਣਾ ਚਾਹੀਦਾ ਹੈ। ਮੈਂ ਪੁਰਾਣੇ ਪ੍ਰਬੰਧਾਂ ਦੀ ਜਾਂਚ ਕਰਾਂਗਾ ਤੇ ਤਬਦੀਲੀਆਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਮੇਰਾ ਮੰਨਣਾ ਹੈ ਕਿ ਸਿੱਖੀ ਦਾ ਹਰ ਖੇਤਰ 'ਚ ਵਿਸਤਾਰ ਹੋਣਾ ਚਾਹੀਦਾ ਹੈ।
ਪ੍ਰਸ਼ਨ : ਅੱਜ ਸਿੱਖ ਭਾਈਚਾਰੇ ਦੇ ਲੋਕ ਹੀ ਐੱਸ. ਜੀ. ਪੀ. ਸੀ. ਪ੍ਰਧਾਨ ਨੂੰ ਗੋਲਕ ਦਾ ਪ੍ਰਧਾਨ ਦੱਸਦੇ ਹਨ, ਤੁਸੀਂ ਸਿੱਖਾਂ ਦੇ ਸੰਸਥਾ ਪ੍ਰਤੀ ਖੁੱਸੇ ਵਿਸ਼ਵਾਸ ਨੂੰ ਕਿਵੇਂ ਬਹਾਲ ਕਰੋਗੇ?
ਉੱਤਰ : ਮੈਂ ਕਮੇਟੀ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੂਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਤੇ ਜੇਕਰ ਮੈਂ ਵੀ ਕੁਝ ਗਲਤ ਕਰਦਾ ਹਾਂ ਤਾਂ ਉਸ ਤੋਂ ਰੋਕਿਆ ਜਾਵੇ। ਮੇਰੀ ਸੋਚ ਹੈ ਕਿ ਸਿੱਖਾਂ 'ਚ ਇਸ ਸੰਸਥਾ ਦਾ ਪ੍ਰਭਾਵ ਵਧੀਆ ਰਹਿਣਾ ਚਾਹੀਦਾ ਹੈ।
ਪ੍ਰਸ਼ਨ : 550 ਸਾਲਾ ਦੇ ਲਈ ਤੁਹਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ?
ਉੱਤਰ : ਸਾਡੀ ਤਿਆਰੀ ਪੂਰੀ ਹੈ। ਅਸੀਂ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਇੰਤਜ਼ਾਮ ਕਰ ਰਹੇ ਹਾਂ। ਸਾਡੇ ਵੱਲੋਂ ਪਾਕਿਸਤਾਨ ਦੇ ਨਾਲ ਵੀ 550 ਸਾਲਾ ਮਨਾਉਣ ਬਾਰੇ ਸੰਵਾਦ ਚੱਲ ਰਿਹਾ ਹੈ। ਬਾਕੀ ਅਸੀਂ 2018 ਦਾ ਪੂਰਾ ਸਾਲ ਹੀ 550 ਸਾਲਾ ਨੂੰ ਸਮਰਪਿਤ ਕੀਤਾ ਹੈ, ਜਿਸ ਦੌਰਾਨ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਪ੍ਰਸ਼ਨ : ਤੁਹਾਡੇ ਉਪਰ ਕਿਸੇ ਜ਼ਮੀਨ ਦੇ ਘਪਲੇ ਦਾ ਵੀ ਇਲਜ਼ਾਮ ਲੱਗ ਰਿਹਾ ਹੈ, ਅਸਲ ਮਾਜਰਾ ਕੀ ਹੈ?
ਉੱਤਰ : ਕੋਈ ਘਪਲਾ ਨਹੀਂ ਕੀਤਾ ਗਿਆ। ਇਹ ਸਿਰਫ ਮੇਰੇ ਵਿਰੋਧੀ ਝੂਠਾ ਪ੍ਰਚਾਰ ਕਰ ਰਹੇ ਹਨ। ਸਾਡੇ ਨੇੜੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ, ਜਿਸ ਬਾਰੇ ਐੱਸ. ਜੀ. ਪੀ. ਸੀ. ਮੈਂਬਰ ਉਦੈ ਸਿੰਘ ਜੀ ਨੇ ਕਿਹਾ ਸੀ ਕਿ ਇਸ ਜ਼ਮੀਨ ਦਾ ਤਬਾਦਲਾ ਕਰਕੇ ਕੋਈ ਕਾਲਜ ਜਾਂ ਸੰਤ ਲੌਂਗੋਵਾਲ ਜੀ ਦੀ ਯਾਦਗਾਰ ਬਣਾ ਲਈ ਜਾਵੇ ਪਰ ਜਿਵੇਂ ਹੀ ਇਸ ਮਸ਼ਵਰੇ 'ਤੇ ਕਿੰਤੂ-ਪੰਰਤੂ ਹੋਣ ਲੱਗਾ ਤਾਂ ਅਸੀਂ ਹੱਥ ਜੋੜ ਕੇ ਮੁਆਫੀ ਮੰਗ ਲਈ ਤੇ ਗੱਲ ਠੱਪ ਕਰ ਦਿੱਤੀ।
ਪ੍ਰਸ਼ਨ : ਤੁਸੀਂ ਸਿੱਖ ਧਰਮ 'ਤੇ ਡੇਰਾਵਾਦ ਦੇ ਪ੍ਰਭਾਵ ਨੂੰ ਮਹਿਸੂਸ ਕਰਦੇ ਹੋ?
ਉੱਤਰ : ਮੈਂ ਸਮਝਦਾ ਹਾਂ ਕਿ ਡੇਰਾਵਾਦ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਸਾਡਾ ਗੁਰੂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।
ਪ੍ਰਸ਼ਨ : ਧਰਮ ਤਾਂ ਨਿਰਪੱਖਤਾ ਦੀ ਸਿੱਖਿਆ ਦਿੰਦਾ ਹੈ ਪਰ ਸਿਆਸੀ ਜਮਾਤਾਂ ਤਾਂ ਅੱਜਕਲ ਜਾਤੀਵਾਦ ਨੂੰ ਹੁੰਗਾਰਾ ਦੇ ਰਹੀਆਂ ਹਨ, ਫਿਰ ਪੰਥਕ ਕਿਸ ਤਰ੍ਹਾਂ ਹੋਈਆਂ?
ਉੱਤਰ : ਮੈਂ ਸਮਝਦਾ ਹਾਂ ਕਿ ਇਹ ਸਭ ਖਤਮ ਹੋਣਾ ਚਾਹੀਦਾ ਹੈ। ਸਿੱਖ ਧਰਮ ਜਾਤੀ ਭੇਦਭਾਵ 'ਚ ਵਿਸ਼ਵਾਸ ਨਹੀਂ ਰੱਖਦਾ। ਪੰਥਕ ਦਾ ਮਤਲਬ ਵਿਸ਼ਾਲ ਹੁੰਦਾ ਹੈ। ਸਾਰੀਆਂ ਕੌਮਾਂ ਵੀ ਪੰਥ ਦੇ ਨਾਲ ਚੱਲਦੀਆਂ ਹਨ। ਗੁਰੂ ਨਾਨਕ ਦੇਵ ਜੀ ਹਿੰਦੂਆਂ ਕੋਲ ਵੀ ਗਏ, ਮੁਸਲਮਾਨਾਂ ਕੋਲ ਵੀ ਗਏ, ਜੋਗੀਆਂ ਕੋਲ ਵੀ ਗਏ। ਉਨ੍ਹਾਂ ਨੇ ਸਭ ਨੂੰ ਵਧੀਆ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਹੈ।

ਡੇਰਾ ਸਿਰਸਾ ਵਿਵਾਦ 'ਤੇ ਕੁਝ ਨਹੀਂ ਬੋਲੇ ਐੱਸ. ਜੀ. ਪੀ. ਸੀ. ਪ੍ਰਧਾਨ
ਪ੍ਰਸ਼ਨ : ਕੁਝ ਪੰਥਕ ਦਲਾਂ ਦਾ ਕਹਿਣਾ ਹੈ ਕਿ ਡੇਰੇ ਜਾਣ ਵਾਲੇ ਐੱਸ. ਜੀ. ਪੀ. ਸੀ. ਮੈਂਬਰ ਨੂੰ ਪ੍ਰਧਾਨ ਕਿਵੇਂ ਬਣਾ ਦਿੱਤਾ ਗਿਆ?
ਉੱਤਰ : ਵੇਖੋ ਵਿਰੋਧ ਕਰਨ ਵਾਲੇ ਕੋਈ ਵੀ ਮੁੱਦਾ ਲੱਭ ਲੈਂਦੇ ਹਨ।
ਪ੍ਰਸ਼ਨ : ਤੁਸੀਂ ਡੇਰਾ ਸਿਰਸਾ ਗਏ ਸੀ ਜਾਂ ਨਹੀਂ?
ਉੱਤਰ : ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ, ਜੋ ਉਨ੍ਹਾਂ ਫੈਸਲਾ ਕੀਤਾ, ਮੈਨੂੰ ਮਨਜ਼ੂਰ ਹੈ।
ਪ੍ਰਸ਼ਨ : ਪਹਿਲਾਂ ਤੁਹਾਡਾ ਬਿਆਨ ਆਇਆ ਸੀ ਕਿ ਤੁਸੀਂ ਡੇਰਾ ਸਿਰਸਾ ਨਹੀਂ ਗਏ, ਇਸਦਾ ਮਤਲਬ ਸਜ਼ਾ ਗਲਤ ਲਗਾਈ ਗਈ ਹੈ?
ਉੱਤਰ : ਮੈਂ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੱਖਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਮੰਨਿਆ ਹੈ, ਜੋ ਹਰੇਕ ਸਿੱਖ ਮੰਨਦਾ ਹੈ।
ਪ੍ਰਸ਼ਨ : ਵੈਸੇ ਤੁਸੀਂ ਡੇਰਾ ਸਿਰਸਾ ਗਏ ਸੀ ਜਾਂ ਨਹੀਂ, ਸੰਗਤ ਨੂੰ ਵੀ ਦੱਸ ਦਿਓ?
ਉੱਤਰ : ਵੇਖੋ ਜੀ ਮੈਂ ਜਥੇਦਾਰ ਸਾਹਿਬ ਨੂੰ ਦੱਸ ਚੁੱਕਾ ਹਾਂ। ਜੋ ਫੈਸਲਾ ਹੋਇਆ, ਉਹ ਠੀਕ ਹੈ।


* ਤੁਸੀਂ ਮੰਨਦੇ ਹੋ ਕਿ ਸਿੱਖਾਂ ਦੇ ਡੇਰਾਵਾਦ ਵੱਲ ਝੁਕਾਅ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਸਿੱਖ ਸਿਆਸਤ 'ਚ ਢੁੱਕਵਾਂ ਸਥਾਨ ਨਹੀਂ ਦਿੱਤਾ ਗਿਆ?
ਉੱਤਰ :  ਤੁਹਾਡੀ ਗੱਲ ਠੀਕ ਹੈ ਪਰ ਅਸੀਂ ਵੀ ਚਾਹੁੰਦੇ ਹਾਂ ਕਿ ਡੇਰਾਵਾਦ ਵੱਲ ਗਏ ਸਿੱਖਾਂ ਨੂੰ ਮੁੜ ਤੋਂ ਸਿੱਖ ਧਰਮ 'ਚ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਜਾਵੇ।
* ਵਿਦੇਸ਼ਾਂ 'ਚ ਵੱਸਦੇ ਸਿੱਖਾਂ ਨੂੰ ਐੱਸ. ਜੀ. ਪੀ. ਸੀ. ਅੰਦਰ ਕੋਈ ਨੁਮਾਇੰਦਗੀ ਕਿਉਂ ਨਹੀਂ ਦਿੱਤੀ ਜਾਂਦੀ?
ਉੱਤਰ :  ਅਸੀਂ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਨਾਲ ਵੀ ਹਰ ਮਸਲੇ 'ਤੇ ਗੱਲ ਕਰਾਂਗੇ। ਜਿਸ ਤਰ੍ਹਾਂ ਦਾ ਮਸਲਾ ਹੋਵੇਗਾ, ਉਸਦਾ ਹੱਲ ਵੀ ਕੱਢਿਆ ਜਾਵੇਗਾ।
* ਅੱਜ ਵੀ ਵਿਦੇਸ਼ਾਂ 'ਚ ਸਿੱਖਾਂ ਨਾਲ ਨਸਲੀ ਭੇਦਭਾਵ ਹੋ ਰਿਹਾ ਹੈ, ਕੀ ਕਾਰਨ ਮੰਨਦੇ ਹੋ?
ਉੱਤਰ : ਵੇਖੋ, ਇਸ ਬਾਰੇ ਅਸੀਂ ਪ੍ਰਵਾਸੀ ਸਿੱਖਾਂ ਨਾਲ ਗੱਲ ਕਰਕੇ ਹੀ ਪਤਾ ਲਗਾਵਾਂਗੇ।
* ਸਿੱਖ ਭਾਈਚਾਰੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਲੈ ਕੇ ਕਾਫੀ ਦੁਚਿੱਤੀ ਬਣੀ ਹੋਈ ਹੈ, ਕੀ ਕਹੋਗੇ?
ਉੱਤਰ : ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਫੈਸਲਾ ਹੋਵੇਗਾ, ਉਹੀ ਮੰਨਾਂਗੇ।
* ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਵੀ ਕਾਫੀ ਸ਼ਸ਼ੋਪੰਜ ਬਣੀ ਹੋਈ ਹੈ, ਇਸ ਬਾਰੇ ਕੀ ਕਹੋਗੇ?
ਉੱਤਰ : ਇਹ ਮਸਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ, ਉਥੋਂ ਹੀ ਫੈਸਲਾ ਹੋਵੇਗਾ।
* ਅੱਜ ਪੰਥਕ ਆਗੂ ਹਰਨਾਮ ਸਿੰਘ ਧੁੰਮਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਚ ਟਕਰਾਅ ਚੱਲ ਰਿਹਾ ਹੈ, ਤੁਸੀਂ ਇਸਨੂੰ ਸੁਲਝਾਉਣ ਦੀ ਕੀ ਕੋਸ਼ਿਸ਼ ਕਰੋਗੇ?
ਉੱਤਰ : ਵੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਹੀ ਕੀਤੀ ਹੈ ਕਿ ਸਾਰਾ ਸਿੱਖ ਭਾਈਚਾਰਾ ਇਕੱਠਾ ਹੋਵੇ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਕਿ ਦੋਵਾਂ ਧਿਰਾਂ ਦਾ ਮਸਲਾ ਹੱਲ ਕਰਵਾਇਆ ਜਾ ਸਕੇ।
* ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਿੱਖ ਪੰਥ 'ਚ ਕੋਈ ਯੋਗਦਾਨ ਮੰਨਦੇ ਹੋ?
ਉੱਤਰ : ਉਨ੍ਹਾਂ ਦਾ ਬਹੁਤ ਯੋਗਦਾਨ ਹੈ, ਵੱਡੀ ਗਿਣਤੀ 'ਚ ਸੰਗਤ ਨੂੰ ਅੰਮ੍ਰਿਤ ਛਕਾਉਣ 'ਚ ਉਹ ਅਹਿਮ ਹਿੱਸਾ ਬਣੇ ਹਨ।


Related News