ਲੰਗਰ ''ਤੇ ਜੀ. ਐੱਸ. ਟੀ. ਦੀ ਛੋਟ ਤੋਂ ਬਾਅਦ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼ : ਭਾਈ ਲੌਂਗੋਵਾਲ
Friday, Jun 15, 2018 - 07:12 AM (IST)

ਅੰਮ੍ਰਿਤਸਰ (ਦੀਪਕ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਲੰਗਰਾਂ ਦੀ ਰਸਦ 'ਤੇ ਜੀ. ਐੱਸ. ਟੀ. ਦੀ ਛੋਟ ਤੋਂ ਬਾਅਦ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ, ਇਹ ਸਭ ਪੰਥ ਵਿਰੋਧੀਆਂ ਦੀ ਗਿਣੀ-ਮਿਥੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਪ੍ਰੰਪਰਾ ਅਨੁਸਾਰ ਹਰ ਗੁਰੂ ਘਰ 'ਚ ਨਿਰੰਤਰ ਲੰਗਰ ਚਲਾਏ ਜਾਂਦੇ ਹਨ, ਜਿਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਪ੍ਰਾਣੀ ਲੰਗਰ ਛਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸੰਗਤ ਵੱਲੋਂ ਸ਼ਰਧਾ ਨਾਲ ਗੋਲਕ ਵਿਚ ਭੇਟ ਕੀਤਾ ਇਕ-ਇਕ ਪੈਸਾ ਸੰਜਮ ਅਤੇ ਈਮਾਨਦਾਰੀ ਨਾਲ ਖਰਚ ਕੀਤਾ ਜਾਵੇ। ਇਸ ਕਰਕੇ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਰਸਦ ਅਤੇ ਸਮੱਗਰੀ ਘੱਟ ਤੋਂ ਘੱਟ ਰੇਟ 'ਤੇ ਖਰੀਦੀ ਜਾਵੇ ਤਾਂ ਜੋ ਹਰ ਸੰਭਵ ਤਰੀਕੇ ਨਾਲ ਸੰਗਤ ਦਾ ਪੈਸਾ ਬਚਾਅ ਕੇ ਧਰਮ ਪ੍ਰਚਾਰ, ਸਿਹਤ ਸਹੂਲਤਾਂ ਅਤੇ ਵਿੱਦਿਅਕ ਕਾਰਜਾਂ ਆਦਿ ਲਈ ਵਰਤਿਆ ਜਾ ਸਕੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਤਿੰਨੇ ਤਖ਼ਤਾਂ ਦੇ ਗੁਰੂ ਘਰਾਂ ਲਈ ਲੰਗਰ ਬਣਾਉਣ ਵਾਲੀ ਸਮੱਗਰੀ ਨੂੰ ਵੈਟ ਤੋਂ ਮੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਲੱਗਣ ਤੋਂ ਬਾਅਦ ਸੂਬਾ ਸਰਕਾਰ ਨੇ ਇਕੱਲੇ ਸ੍ਰੀ ਦਰਬਾਰ ਸਾਹਿਬ ਵਿਖੇ ਬਣਦੇ ਲੰਗਰ ਨੂੰ ਜੀ. ਐੱਸ. ਟੀ. ਮੁਕਤ ਕਰਨ ਦਾ ਐਲਾਨ ਕੀਤਾ। ਸੂਬਾ ਸਰਕਾਰ ਨੇ ਹੋਰ ਕਿਸੇ ਗੁਰਦੁਆਰਾ ਸਾਹਿਬਾਨ ਤੇ ਤਖ਼ਤ ਸਾਹਿਬਾਨ ਨੂੰ ਲੰਗਰਾਂ ਲਈ ਖ੍ਰੀਦੀ ਜਾਂਦੀ ਰਸਦ 'ਤੇ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ, ਪਰ ਕੇਂਦਰ ਦੀ ਸਰਕਾਰ ਨੇ ਲੰਗਰ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨੂੰ ਸਾਰੇ ਸੈਂਟਰਲ ਟੈਕਸ ਅਤੇ ਜੀ. ਐੱਸ. ਟੀ. ਤੋਂ ਮੁਕਤ ਕਰਨ ਲਈ ਇਹ ਯੋਜਨਾ ਬਣਾਈ। ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਵਸੂਲੇ ਜਾਂਦੇ ਟੈਕਸ ਦੇ ਰਿਫੰਡ ਦੀ ਯੋਜਨਾ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਰਾਸ਼ੀ ਗੁਰੂ ਘਰਾਂ ਨੂੰ ਵਾਪਸ ਆਵੇਗੀ ਜੋ ਟੈਕਸ ਦੇ ਰੂਪ ਵਿਚ ਹਮੇਸ਼ਾ ਤੋਂ ਅਦਾ ਕੀਤੀ ਜਾ ਰਹੀ ਸੀ। ਇਹ ਭਾਰਤ ਸਰਕਾਰ ਦੀ ਰਾਸ਼ੀ ਨਹੀਂ, ਬਲਕਿ ਗੁਰੂ ਘਰਾਂ ਵੱਲੋਂ ਅਦਾ ਕੀਤੀ ਆਪਣੀ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਸਿੱਖ ਕੌਮ ਅਤੇ ਇਸ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਵਾਸਤੇ ਸੌੜੀ ਰਾਜਨੀਤੀ ਕਰਨ ਦੇ ਉਦੇਸ਼ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੁਝ ਪੰਥ ਵਿਰੋਧੀ ਲੋਕਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਸੁਚੇਤ ਹੋਣ। ਗੁਰੂ ਘਰ ਦਾ ਲੰਗਰ ਨਾ ਕਿਸੇ ਗ੍ਰਾਂਟ 'ਤੇ ਕਦੇ ਨਿਰਭਰ ਹੋਇਆ ਹੈ ਤੇ ਨਾ ਕਦੇ ਹੋਵੇਗਾ।