ਹੁਣ ਨਹੀਂ ਰੁਕਣਗੇ ਆਮ ਜਨਤਾ ਦੇ ਕੰਮ, ਸਰਕਾਰ ਨੇ ਤਿਆਰ ਕੀਤੀ ਹਰ ਜ਼ਿਲ੍ਹੇ ’ਚ CM ਆਫਿਸ ਬਣਾਉਣ ਦੀ ਯੋਜਨਾ
Tuesday, Jun 11, 2024 - 11:25 PM (IST)
ਲੁਧਿਆਣਾ/ਚੰਡੀਗੜ੍ਹ (ਵਿੱਕੀ, ਅੰਕੁਰ) – ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਸਮੇਤ 10 ਹਲਕਿਆਂ ’ਚ ਮਿਲੀ ਹਾਰ ਤੋਂ ਬਾਅਦ ਸਰਕਾਰ ਹੁਣ ਇਸ ਤਰ੍ਹਾਂ ਦੀ ਵਿਵਸਥਾ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਸਰਕਾਰੀ ਦਫਤਰਾਂ ’ਚ ਪਾਰਟੀ ਦੇ ਵਾਲੰਟੀਅਰਾਂ ਦੇ ਨਾਲ ਆਮ ਜਨਤਾ ਦੇ ਕੰਮ ਵੀ ਨਹੀਂ ਰੁਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਇਧਰ-ਓਧਰ ਭਟਕਣਾ ਪਵੇਗਾ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਹੁਣ ਹਰ ਜ਼ਿਲ੍ਹੇ ’ਚ ਸੀ. ਐੱਮ. ਆਫਿਸ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ, ਜਿਥੇ ਮੁੱਖ ਮੰਤਰੀ ਦਫਤਰ ਤੋਂ ਇਕ ਸੀਨੀਅਰ ਆਈ. ਏ. ਐੱਸ., ਆਈ. ਪੀ. ਐੱਸ., ਪੀ. ਸੀ. ਐੱਸ. ਅਧਿਕਾਰੀ ਮੌਜੂਦ ਰਹਿ ਕੇ ਪਾਰਟੀ ਵਾਲੰਟੀਅਰਾਂ ਵੱਲੋਂ ਲਿਆਂਦੇ ਜਾਣ ਵਾਲੇ ਜਨਤਾ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣਗੇ।
ਪਤਾ ਲੱਗਾ ਹੈ ਕਿ ਉਕਤ ਯੋਜਨਾ ਇਸ ਲਈ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਆਮ ਚੋਣਾਂ ’ਚ ‘ਆਪ’ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲੋਕ ਸਭਾ ਹਲਕਾਵਾਰ ਮੀਟਿੰਗਾਂ ਲੈ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਪਾਰਟੀ ਦੇ ਵਾਲੰਟੀਅਰਾਂ ਨੇ ਇਹ ਗੱਲ ਲਿਆਂਦੀ ਹੈ ਕਿ ਸਰਕਾਰੀ ਦਫਤਰਾਂ ’ਚ ਉਨ੍ਹਾਂ ਦੇ ਕੰਮ ਨਹੀਂ ਹੁੰਦੇ ਅਤੇ ਨਾ ਹੀ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਸੰਪਰਕ ਟੁੱਟਦਾ ਜਾ ਰਿਹਾ ਹੈ।
ਪਾਰਟੀ ਵੱਲੋਂ ਸਰਕਾਰ ਦੇ ਵੱਖ-ਵੱਖ ਅਹੁਦਿਆਂ ਤੱਕ ਤਾਇਨਾਤ ਕੀਤੇ ਗਏ ਕਈ ਵਾਲੰਟੀਅਰਾਂ ਵੱਲੋਂ ਵੀ ਉਕਤ ਮੁੱਦਾ ਵਾਰ-ਵਾਰ ਚੁੱਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹਾ ਪੱਧਰ ’ਤੇ ਸੀ. ਐੱਮ. ਆਫਿਸ ਬਣਾਉਣ ਦਾ ਫਾਰਮੂਲਾ ਵਰਤਿਆ ਹੈ, ਤਾਂ ਕਿ ਜਨਤਾ ਨਾਲ ਜੁੜੇ ਕਾਰਜ ਪਹਿਲ ਦੇ ਆਧਾਰ ’ਤੇ ਹੋ ਸਕਣ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਬੇਕਾਬੂ ਬੱਸ ਨੇ ਰੇਹੜੀ ਵਾਲਿਆਂ ਨੂੰ ਦਰੜਿਆ, ਇਕ ਦੀ ਮੌਤ ਤੇ ਕਈ ਜ਼ਖਮੀ
ਸੀ. ਐੱਮ. ਨੇ 5 ਵਿਧਾਨ ਸਭਾ ਉਪ ਚੋਣਾਂ ਲਈ ਭਰਿਆ ਜੋਸ਼
ਲੁਧਿਆਣਾ ਲੋਕ ਸਭਾ ਹਲਕੇ ’ਚ ਪਾਰਟੀ ਨੂੰ ਮਿਲੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸਥਾਨਕ ਵਿਧਾਇਕਾਂ, ਚੇਅਰਮੈਨਾਂ, ਡਾਇਰੈਕਟਰਾਂ ਅਤੇ ਹੋਰ ਅਹੁਦੇਦਾਰਾਂ ਨਾਲ ਰੂ-ਬ-ਰੂ ਹੋ ਕੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਮੀਟਿੰਗ ’ਚ ਸਰਕਾਰੀ ਦਫਤਰਾਂ ਵਿਚ ਪਾਰਟੀ ਵਾਲੰਟੀਅਰਾਂ ਦੀ ਸੁਣਵਾਈ ਨਾ ਹੋਣ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਅਤੇ ਸਾਰਿਆਂ ਨੇ ਇਕਸੁਰ ’ਚ ਕਿਹਾ ਕਿ ਸਰਕਾਰੀ ਦਫਤਰਾਂ ’ਚ ਅਧਿਕਾਰੀ ਗੱਲ ਨਹੀਂ ਸੁਣਦੇ ਜੇਕਰ ਕਿਸੇ ਦਫਤਰ ਤੋਂ ਗੱਲ ਸੁਣੀ ਜਾਂਦੀ ਹੈ ਤਾਂ ਕੰਮ ਨਹੀਂ ਕਰਦੇ। ਅਧਿਕਾਰੀਆਂ ਨੇ ਇਸ ਵਿਵਹਾਰ ਤੋਂ ਜਨਤਾ ਪਾਰਟੀ ਦੀ ਇਮੇਜ ’ਤੇ ਪ੍ਰਭਾਵ ਪਿਆ ਹੈ, ਜੋ ਪਾਰਟੀ ਦੀ ਹਾਰ ਦਾ ਅਹਿਮ ਕਾਰਨ ਬਣਿਆ ਹੈ।
ਇਸ ਮੀਟਿੰਗ ’ਚ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ, ਅਹੁਦੇਦਾਰਾਂ ਨੂੰ ਮੋਟੀਵੇਟ ਕਰਦੇ ਹੋਏ ਜਲੰਧਰ ਸਮੇਤ 5 ਸੀਟਾਂ ’ਤੇ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਕਮਰ ਕਸਣ ਦਾ ਸੱਦਾ ਕੀਤਾ। ਮਾਨ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਹਰ ਹਾਰ ਤੋਂ ਬਾਅਦ ਦਿਲ ਛੋਟਾ ਨਾ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਮੀਦਵਾਰ ਨੂੰ ਜਿਤਾਉਣ ਲਈ ਕਿਸੇ ਦੀ ਮਿਹਨਤ ’ਚ ਕੋਈ ਕਸਰ ਨਹੀਂ ਰਹੀ ਪਰ ਇਕ ਗੱਲ ਯਾਦ ਰੱਖੀ ਜਾਵੇ ਕਿ ਸਾਨੂੰ ਜਨਤਾ ਦੀਆਂ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਹੁਣ ਹੋਰ ਮਿਹਨਤ ਕਰਨੀ ਹੋਵੇਗੀ।
ਇਹ ਵੀ ਪੜ੍ਹੋ- ਰੇਲਵੇ ਆਮ ਲੋਕਾਂ ਨੂੰ ਜੋੜਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ, ਅਸੀਂ ਇੱਕ ਟੀਮ ਵਜੋਂ ਕੰਮ ਕਰਾਂਗੇ: ਰਵਨੀਤ ਬਿੱਟੂ
ਅਧਿਕਾਰੀਆਂ ਨਾਲ ਮੀਟਿੰਗ ਕਰਾਂਗੇ : ਸੀ. ਐੱਮ.
ਅਧਿਕਾਰੀਆਂ ਵੱਲੋਂ ਪਾਰਟੀ ਨਾਲ ਜੁੜੇ ਵਾਲੰਟੀਅਰਾਂ ਦੇ ਕੰਮ ਨਾ ਕਰਨ ਬਾਰੇ ਸੀ. ਐੱਮ. ਨੇ ਕਿਹਾ ਕਿ ਸਾਰੇ ਜ਼ਿਲਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਕਿਹਾ ਜਾਵੇਗਾ ਕਿ ਜਨਤਾ ਨਾਲ ਜੁੜੇ ਕਿਸੇ ਵੀ ਕੰਮ ਨੂੰ ਕਰਨ ’ਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀ. ਐੱਮ. ਨੇ ਕਿਹਾ ਕਿ ਜਨਤਾ ਨੂੰ ਕਿਸੇ ਸਰਕਾਰੀ ਵਿਭਾਗ ਨਾਲ ਜੁੜੀਆਂ ਸਕੀਮਾਂ ਦਾ ਫਾਇਦਾ ਲੈਣ ’ਚ ਕੋਈ ਪ੍ਰੇਸ਼ਾਨੀ ਨਾ ਆਵੇ ਇਸਦੇ ਲਈ ਵੀ ਪਾਲਿਸੀ ਬਣਾ ਕੇ ਉਸਨੂੰ ਜ਼ਿਲਾ ਪੱਧਰ ’ਤੇ ਲਾਗੂ ਕਰਕੇ ਲਗਾਤਾਰ ਮਾਨੀਟਰਿੰਗ ਕੀਤੀ ਜਾਵੇਗੀ।
ਮੀਟਿੰਗ ’ਚ ਲੁਧਿਆਣਾ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਸਾਰੇ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਚੋਣਾਂ ’ਚ ਸਾਥ ਦਿੱਤਾ ਹੈ ਪਰ ਰਿਜ਼ਲਟ ਤੋਂ ਬਾਅਦ ਗਰਾਊਂਡ ਪੱਧਰ ’ਤੇ ਜੋ ਕਮੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਸੁਧਾਰਨ ਲਈ ਵੀ ਯਤਨ ਸਰਕਾਰ ਤੇ ਪਾਰਟੀ ਨੇ ਸ਼ੁਰੂ ਕਰ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e