ਪੰਜਾਬ ਸਰਕਾਰ ਵਲੋਂ 30 ਜਨਵਰੀ ਤੋਂ ਬਾਅਦ ਪਰਤੇ ਪ੍ਰਵਾਸੀਆਂ ਨੂੰ ਆਪਣੇ ਵੇਰਵੇ ਦੇਣ ਦੀ ਅਪੀਲ

Saturday, Mar 28, 2020 - 09:43 PM (IST)

ਚੰਡੀਗੜ੍ਹ,(ਰਮਨਜੀਤ)- ਕੋਵਿਡ-19 ਨੂੰ ਕਾਬੂ ਪਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਪੰਜਾਬ ਸਰਕਾਰ ਨੇ 30 ਜਨਵਰੀ ਤੋਂ ਬਾਅਦ ਭਾਰਤ ਆਏ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਅਤੇ ਵਿਦੇਸ਼ ਯਾਤਰਾ ਤੋਂ ਪਰਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵੇਰਵਾ ਹੈਲਪਲਾਈਨ ਨੰਬਰ 112 'ਤੇ ਦਰਜ ਕਰਵਾਉਣ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇਕ ਸਵੈ ਘੋਸ਼ਣਾ ਪ੍ਰੋਫਾਰਮਾ ਵੀ ਜਾਰੀ ਕੀਤਾ ਹੈ, ਜਿਸ 'ਚ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ ਯਾਤਰਾ ਤੋਂ ਪਰਤਣ ਵਾਲਿਆਂ ਨੂੰ ਆਪਣਾ ਪਾਸਪੋਰਟ ਨੰਬਰ, ਏਅਰਪੋਰਟ ਦਾ ਨਾਂ, ਭਾਰਤ ਆਉਣ ਦੀ ਤਰੀਕ ਅਤੇ ਪੰਜਾਬ ਆਉਣ ਦੀ ਤਰੀਕ ਜਿਹੇ ਵੇਰਵੇ ਦੇਣੇ ਪੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਸਥਾਈ ਸਿਰਨਾਵੇਂ ਜਾਂ ਮੌਜੂਦਾ ਠਹਿਰ ਜਾਂ ਹੋਟਲ ਜੇ ਕੋਈ ਹੈ ਤਾਂ ਉਸ ਬਾਰੇ ਦੱਸਣਾ ਪਵੇਗਾ। ਉਨ੍ਹਾਂ ਨੂੰ ਪੰਜਾਬ ਵਿਚਲੀਆਂ ਆਪਣੀਆਂ ਜਾਣ ਵਾਲੀਆਂ ਵਾਲੀਆਂ ਥਾਵਾਂ ਅਤੇ ਸੰਪਰਕ ਨੰਬਰ ਜਿਵੇਂ ਕਿ ਮੋਬਾਇਲ, ਲੈਂਡਲਾਈਨ ਅਤੇ ਈ-ਮੇਲ ਪਤੇ ਬਾਰੇ ਵੀ ਦੱਸਣਾ ਹੋਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਜੇ ਕਿਸੇ ਪ੍ਰਵਾਸੀ ਭਾਰਤੀ ਜਾਂ ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀ ਨੇ ਆਪਣੇ ਵੇਰਵੇ ਜਾਣ-ਬੁੱਝ ਕੇ ਸਰਕਾਰ ਤੋਂ ਲੁਕਾਏ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਉਣ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਇਹ ਜਾਣਕਾਰੀ ਹੈਲਪਲਾਈਨ ਨੰਬਰ 112 ਤੋਂ ਇਲਾਵਾ ਈ-ਮੇਲ dial-1120punjabpolice.gov.in ਅਤੇ ਵੈੱਬਸਾਈਟ https;//ners.in/ 'ਤੇ ਵੀ ਭਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਹ ਜਾਣਕਾਰੀ 112 ਮੋਬਾਈਲ ਐਪ 'ਤੇ ਵੀ ਦਰਜ ਕਰ ਸਕਦੇ ਹਨ।


Deepak Kumar

Content Editor

Related News