ਬੇਅਦਬੀ ਮਾਮਲਿਆਂ ’ਚ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਪੈਦਾ ਕਰ ਰਹੇ ਭੁਲੇਖੇ : ਖਹਿਰਾ

08/30/2019 1:35:46 AM

ਚੰਡੀਗੜ੍ਹ,(ਰਮਨਜੀਤ): ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀ. ਬੀ. ਆਈ. ਕੋਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲਏ ਜਾਣ ਦੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਇਨਵੈਸਟੀਗੇਸ਼ਨ ਦੇ ਇਕ-ਦੂਸਰੇ ਤੋਂ ਉਲਟ ਸਟੈਂਡਾਂ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਨੈਤਿਕਤਾ ਉੱਪਰ ਸਵਾਲ ਖਡ਼੍ਹੇ ਕੀਤੇ। ਖਹਿਰਾ ਨੇ ਕਿਹਾ ਕਿ ਸੀ.ਬੀ.ਆਈ. ਵੱਲੋਂ ਮੋਹਾਲੀ ਦੀ ਸੀ.ਬੀ.ਆਈ. ਕੋਰਟ ’ਚ ਕਲੋਜ਼ਰ ਰਿਪੋਰਟ ਫਾਈਲ ਕੀਤੇ ਜਾਣ ਉਪਰੰਤ ਪੰਜਾਬ ਪੁਲਸ ਦੇ ਡੀ.ਜੀ.ਪੀ. ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਨੇ ਸੀ.ਬੀ.ਆਈ. ਡਾਇਰੈਕਟਰ ਨੂੰ ਜਾਂਚ ਜਾਰੀ ਰੱਖਣ ਲਈ ਵਿਵਾਦਿਤ ਪੱਤਰ ਲਿਖਿਆ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ’ਚ ਇਹ ਸਟੈਂਡ ਲੈ ਰਹੇ ਹਨ ਕਿ ਸੀ.ਬੀ.ਆਈ. ਨੂੰ ਕੇਸ ਫਾਈਲਾਂ ਵਾਪਸ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਕੇਂਦਰੀ ਏਜੰਸੀ ਕੋਲੋਂ ਜਾਂਚ ਵਾਪਸ ਲੈਣ ਦੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਮਤੇ ਤੋਂ ਬਾਅਦ ਸੀ.ਬੀ.ਆਈ. ਕੋਲ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਪਰ ਹਕੀਕਤ ’ਚ ਉਹ ਸੀ.ਬੀ.ਆਈ. ਨੂੰ ਜਾਂਚ ਜਾਰੀ ਰੱਖਣ ਦਾ ਆਖ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਉਸ ਦੇ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੇ ਹਨ ਅਤੇ ਕੋਈ ਵੀ ਅਾਸਾਨੀ ਨਾਲ ਅੰਦਾਜਾ ਲਾ ਸਕਦਾ ਹੈ ਕਿ ਕੈ. ਅਮਰਿੰਦਰ ਸਿੰਘ ਬਾਦਲ ਪਰਿਵਾਰ ਦੇ ਪਾਪਾਂ ਨੂੰ ਧੋਣ ਵਾਸਤੇ ਪੂਰੀ ਵਾਹ ਲਾ ਰਹੇ ਹਨ। ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਪ੍ਰਬੋਧ ਕੁਮਾਰ ਨੇ ਇਹ ਪੱਤਰ ਉਨ੍ਹਾਂ ਦੀ ਸਹਿਮਤੀ ਨਾਲ ਲਿਖਿਆ ਹੈ। ਜੇਕਰ ਨਹੀਂ ਤਾਂ ਉਹ ਡੀ.ਜੀ.ਪੀ. ਖਿਲਾਫ ਕੀ ਕਾਰਵਾਈ ਕਰਨਗੇ, ਜੇਕਰ ਹਾਂ ਤਾਂ ਕਿਸ ਹਾਲਾਤ ’ਚ ਸੀ.ਬੀ.ਆਈ ਨੂੰ ਜਾਂਚ ਜਾਰੀ ਰੱਖਣ ਬਾਰੇ ਆਖਿਆ ਗਿਆ ਜਦਕਿ ਅਦਾਲਤ ’ਚ ਸਰਕਾਰ ਨੇ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ। ਜੇਕਰ ਸੀ.ਬੀ.ਆਈ. ਨੇ ਮਾਮਲਿਆਂ ਨੂੰ ਮੁਡ਼ ਖੋਲ੍ਹਣ ਦਾ ਯੂ ਟਰਨ ਲਿਆ ਹੈ ਤਾਂ ਇਹ ਸਿਆਸੀ ਸਾਜ਼ਿਸ਼ ਦਾ ਨਤੀਜਾ ਹੈ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਪੂਰੀ ਤਰ੍ਹਾਂ ਸ਼ਾਮਲ ਹਨ।


Related News