ਸਰਕਾਰ ਦੁਆਰਾ ਮੰਡੀਕਰਨ ਦੇ ਦਿਸ਼ਾ ਨਿਰਦੇਸ਼ਾਂ ਵਿਚ ਛੋਟੇ ਕਿਸਾਨਾਂ ਨੂੰ ਪਹਿਲ : PAU ਉਪ-ਕੁਲਪਤੀ

Friday, Apr 17, 2020 - 10:00 AM (IST)

ਸਰਕਾਰ ਦੁਆਰਾ ਮੰਡੀਕਰਨ ਦੇ ਦਿਸ਼ਾ ਨਿਰਦੇਸ਼ਾਂ ਵਿਚ ਛੋਟੇ ਕਿਸਾਨਾਂ ਨੂੰ ਪਹਿਲ : PAU ਉਪ-ਕੁਲਪਤੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਵਾਇਰਸ ਨੇ ਪੰਜਾਬ ਨੂੰ ਅਜਿਹੇ ਸਮੇਂ ’ਤੇ ਘੇਰਾ ਪਾਇਆ, ਜਦੋਂ ਕਣਕ ਬਿਲਕੁੱਲ ਪੱਕ ਗਈ ਹੈ। ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ ਅਤੇ ਕੋਰੋਨਾ ਤੋਂ ਸੁਰੱਖਿਆ ਲਈ ਸਰਕਾਰ ਨੇ ਕਣਕ ਦੇ ਮੰਡੀਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ਤੋਂ ਕਿਸਾਨ ਨਾਖੁਸ਼ ਹਨ। ਇਸ ਬਾਰੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸੰਕਟ ਦੇ ਸਮੇਂ ਵਿਚ ਕਿਸਾਨਾਂ ਨੂੰ ਕਣਕ ਦੇ ਮੰਡੀਕਰਨ ਕਰਨ ਲਈ ਮੁਸੀਬਤ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਮੰਡੀ ਵਿਚ ਕਣਕ ਲੈ ਕੇ ਆਉਣ ਲਈ ਪਾਸ ਸਿਰਫ ਟਰਾਲੀ ਮੁਤਾਬਕ ਮਿਲੇਗਾ ਅਤੇ ਇਕ ਟਰਾਲੀ ਵਿਚ ਲੱਗਭੱਗ 50 ਕੁਇੰਟਲ ਤੋਂ 70 ਕੁਇੰਟਲ ਤੱਕ ਕਣਕ ਹੀ ਲਿਆਂਦੀ ਜਾ ਸਕਦੀ ਹੈ।

ਇਸ ਬਾਰੇ ਉਨ੍ਹਾਂ ਕਿਹਾ ਕਿ ਦਰਅਸਲ ਇਸ ਨਾਲ ਛੋਟੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦੀ ਕਣਕ ਦੀ ਪੈਦਾਵਾਰ ਲਗਭਗ 70 ਕੁਇੰਟਲ ਦੇ ਨੇੜੇ ਹੈ। ਇਸ ਨਾਲ ਛੋਟੇ ਕਿਸਾਨਾਂ ਦੀ ਕਣਕ ਦਾ ਮੰਡੀਕਰਨ ਛੇਤੀ ਹੋ ਜਾਵੇਗਾ। ਇਸ ਤੋਂ ਬਾਅਦ ਵੱਡੇ ਕਿਸਾਨ (ਜੋ ਕਿ ਛੋਟੇ ਕਿਸਾਨਾਂ ਦੇ ਮੁਕਾਬਲੇ ਕਣਕ ਦੀ ਪੈਦਾਵਾਰ ਘਰ ਵਿਚ ਵੀ ਸਟਾਕ ਕਰ ਸਕਦੇ ਹਨ) ਹੀ ਰਹਿ ਜਾਣਗੇ ਅਤੇ ਇਹ ਕਿਸਾਨ ਇਕ ਤੋਂ ਵੱਧ ਪਾਸ ਵੀ ਲੈ ਸਕਦੇ ਹਨ। 

ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਦੇ ਹਿਸਾਬ ਨਾਲ ਪਾਸ ਦਿੱਤੇ ਗਏ ਤਾਂ ਬਹੁਤ ਸਾਰੇ ਛੋਟੇ ਕਿਸਾਨ, ਜਿਨ੍ਹਾਂ ਕੋਲ ਘਰ ਕਣਕ ਦੀ ਉਪਜ ਰੱਖਣ ਲਈ ਜਗ੍ਹਾ ਨਹੀਂ ਹੈ, ਉਨ੍ਹਾਂ ਦਾ ਮੰਡੀ ਵਿਚ ਕਣਕ ਲੈ ਕੇ ਆਉਣ ਦਾ ਨੰਬਰ ਵੀ ਬੜੀ ਦੇਰੀ ਨਾਲ ਆਵੇਗਾ ਤਾਂ ਕਰਕੇ ਵੱਡੇ ਅਤੇ ਛੋਟੇ ਕਿਸਾਨਾਂ ਨੂੰ ਰਲ ਮਿਲ ਕੇ ਕਣਕ ਦਾ ਮੰਡੀਕਰਨ ਮੁਕੰਮਲ ਕਰਨਾ ਚਾਹੀਦਾ ਹੈ । 

ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਬਹੁਤ ਸਾਰੇ ਕਿਸਾਨ ਮੰਡੀ ਬੋਰਡ ਦੁਆਰਾ ਜਾਰੀ ਕੀਤੀ ਮੋਬਾਈਲ ਦੀ ਐਪਲੀਕੇਸ਼ਨ ਨਹੀਂ ਚਲਾ ਸਕਦੇ ਤਾਂ ਉਨ੍ਹਾਂ ਨੇ ਦੱਸਿਆ ਕਿ ਸਿੱਧੇ ਤੌਰ ’ਤੇ ਕਿਸਾਨ ਤੱਕ ਪਹੁੰਚਣ ਲਈ ਇਸ ਪਾਰਦਰਸ਼ੀ ਤਰੀਕੇ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ । ਇਸ ਲਈ ਕਿਸਾਨ ਐਪਲੀਕੇਸ਼ਨ ਵੀ ਵਰਤ ਸਕਦੇ ਹਨ ਅਤੇ ਆਪਣੇ ਆੜ੍ਹਤੀਏ ਨਾਲ ਸੰਪਰਕ ਕਰਕੇ ਵੀ ਪਾਸ ਲੈ ਸਕਦੇ ਹਨ । 


author

rajwinder kaur

Content Editor

Related News