ਗੂਗਲ ਗਿੱਲ ਅੰਕਲ ਗੁਰਭਜਨ ਗਿੱਲ

Saturday, Apr 11, 2020 - 02:46 PM (IST)

ਗੂਗਲ ਗਿੱਲ ਅੰਕਲ ਗੁਰਭਜਨ ਗਿੱਲ

ਜਗਬਾਣੀ ਸਾਹਿਤ ਵਿਸ਼ੇਸ਼ : ਕਿਸ਼ਤ 4


ਲੇਖਕ : ਨਵਦੀਪ ਗਿੱਲ

ਗੁਰਭਜਨ ਗਿੱਲ ਹਰ ਇਕ ਦਾ ਗੂਗਲ ਅੰਕਲ ਹੈ। ਉਨ੍ਹਾਂ ਦੇ ਦਾਇਰੇ ਵਾਲੇ ਕਿਸੇ ਸਿਆਸਤਦਾਨ, ਅਫ਼ਸਰ, ਪ੍ਰੋਫ਼ੈਸਰ, ਪੱਤਰਕਾਰ, ਲੇਖਕ ਜਾਂ ਖਿਡਾਰੀ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਗੂਗਲ ਵਿੱਚ ‘ਸਰਚ’ ਕਰਨ ਦੀ ਬਜਾਏ ਉਹ ਗੁਰਭਜਨ ਗਿੱਲ ਨੂੰ ਸਿੱਧਾ ਫ਼ੋਨ ਕਰ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਇਤਿਹਾਸਕ ਪ੍ਰਸੰਗ ਨਾਲ ਜੁੜੀ ਗੱਲ ਪਤਾ ਕਰਨੀ ਹੋਵੇ ਜਾਂ ਕਿਸੇ ਪੁਰਾਣੇ ਸਿਆਸਤਦਾਨ ਜਾਂ ਲਿਖਾਰੀ ਦੀ ਗੱਲ ਪੁੱਛਣੀ ਹੋਵੇ, ਕਿਸੇ ਵਿਸ਼ੇਸ਼ ਦਿਨ ਦੀ ਮਹੱਤਤਾ ਜਾਣਨੀ ਹੋਵੇ ਜਾਂ ਕਿਸੇ ਥਾਂ ਬਾਰੇ ਪਤਾ ਕਰਨਾ ਹੋਵੇ, ਸਮਕਾਲੀ ਸਥਿਤੀਆਂ ਨੂੰ ਇਤਿਹਾਸ ਦੇ ਨਜ਼ਰੀਏ ਵਿੱਚੋਂ ਦੇਖਣਾ ਹੋਵੇ ਤਾਂ ਗੁਰਭਜਨ ਗਿੱਲ ਕੋਲ ਪੁੱਛਣ ਵਾਲੇ ਦੇ ਹਰ ਸਵਾਲ ਦਾ ਜਵਾਬ ਤਿਆਰ ਹੁੰਦਾ ਹੈ। ਵੱਟਸਐਪ ਗਰੁੱਪਾਂ ਵਿੱਚ ਰੋਜ਼ਾਨਾ ਸਵੇਰੇ ਉਨ੍ਹਾਂ ਵੱਲੋਂ ਭੇਜੇ ਜਾਂਦੇ ਜਾਣਕਾਰੀ ਭਰਪੂਰ ਸੰਦੇਸ਼ ਪੱਤਰਕਾਰਾਂ ਤੇ ਲਿਖਾਰੀਆਂ ਲਈ ਭਰਪੂਰ ਗਿਆਨ ਦਾ ਸੋਮਾ ਹੁੰਦੇ ਹਨ। ਉਮਰ ਦੇ ਛਿਆਹਟਵੇਂ ਸਾਲ ਵਿੱਚ ਵੀ ਉਹ ਸੋਲਾਂ ਵਰਿ੍ਹਆਂ ਦੇ ਨੌਜਵਾਨ ਵਾਂਗ ਟੈਕਨਾਲੌਜੀ ਦੀ ਵਰਤੋਂ ਕਰ ਰਹੇ ਹਨ। ਪਿਛਲੀਆਂ ਦੋ ਪੁਸਤਕਾਂ ਦਾ ਮੈਟਰ ਉਨ੍ਹਾਂ ਮੋਬਾਈਲ ਉਪਰ ਹੀ ਟਾਈਪ ਕੀਤਾ ਹੈ। ਉਹ ਰੋਜ਼ਾਨਾ ਆਪਣੀ ਨਵੀ ਲਿਖੀ ਗ਼ਜ਼ਲ, ਨਜ਼ਮ ਜਾਂ ਰੁਬਾਈ ਮੋਬਾਈਲ ਉਪਰ ਹੀ ਟਾਈਪ ਕਰਕੇ ਦੋਸਤਾਂ ਨੂੰ ਵੱਟਸਐਪ ਉਪਰ ਭੇਜ ਦਿੰਦੇ ਹਨ।

PunjabKesari
ਉਹ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖੇਡ ਖੇਤਰ ਦੀ ਤ੍ਰਿਵੈਣੀ ਹੈ। ਉਹ ਸੱਤ ਪੱਤਣਾਂ ਦਾ ਤਾਰੂ ਹੈ। ਹਰ ਖੇਤਰ ਵਿੱਚ ਉਹ ਜਾਣੀ-ਪਛਾਣੀ ਸ਼ਖ਼ਸੀਅਤ ਹੈ। ਸਾਹਿਤ ਦੇ ਨਾਲ ਕਲਾ, ਸੱਭਿਆਚਾਰ, ਖੇਡਾਂ ਸਮੇਤ ਹਰ ਖੇਤਰ ਵਿੱਚ ਗੁਰਭਜਨ ਗਿੱਲ ਨੇ ਵੱਡੇ ਮੀਲ ਪੱਥਰ ਸਥਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਦਾ ਘੇਰਾ ਸਮਾਜ ਦੇ ਹਰ ਵਰਗ ਤੱਕ ਪਹੁੰਚਿਆ। ਵਿਦਿਆਰਥੀ, ਖਿਡਾਰੀ, ਪੱਤਰਕਾਰ, ਸਾਹਿਤਕਾਰ, ਕਲਾਕਾਰ, ਕਿਸਾਨ, ਅਫ਼ਸਰ, ਸਮਾਜ ਸੇਵੀ ਤੇ ਰਾਜਨੀਤਕ ਸ਼ਖ਼ਸੀਅਤਾਂ ਹਰ ਕੋਈ ਉਨ੍ਹਾਂ ਨੂੰ ਨਾ ਕੇਵਲ ਜਾਣਦਾ ਹੈ, ਸਗੋਂ ਇਸ ਖੇਤਰ ਦਾ ਹਰ ਵੱਡਾ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਛੋਟਾ ਸਤਿਕਾਰ ਕਰਦਾ ਹੈ। ਗੁਰਭਜਨ ਗਿੱਲ ਦੀ ਰਹਿਣੀ-ਸਹਿਣੀ, ਕਹਿਣੀ-ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਚੁੱਕਿਆ ਹੈ। ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਕਈ ਸੰਸਥਾਵਾਂ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਦਿਆਂ ਉਨ੍ਹਾਂ ਨਰੋਆ ਸਮਾਜ ਸਿਰਜਣ ਵਿੱਚ ਅਹਿਮ ਰੋਲ ਨਿਭਾਉਂਦਿਆਂ ਹਮੇਸ਼ਾ ਹੀ ਸ਼ਬਦ ਸੱਭਿਆਚਾਰ ਦਾ ਹੋਕਾ ਦਿੱਤਾ ਹੈ। ਜਾਣ-ਪਛਾਣ, ਬਾਹਰਲੇ ਵਿਸ਼ਿਆਂ ਬਾਰੇ ਗਿਆਨ, ਹਰ ਖੇਤਰ ਵਿੱਚ ਉਨ੍ਹਾਂ ਦੀਆਂ ਸਾਂਝਾਂ, ਸਰਗਰਮੀਆਂ ਅਤੇ ਸਤਿਕਾਰ ਕਾਰਨ ਗੁਰਭਜਨ ਗਿੱਲ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਵਿੱਚੋਂ ਸਭ ਤੋਂ ਵੱਧ ਜਾਣਿਆ ਜਾਣ ਵਾਲਾ ਨਾਮ ਹੈ। ਪੰਜਾਬੀ ਸਾਹਿਤ ਜਗਤ ਨੂੰ ਪੰਦਰਾਂ ਕਾਵਿ ਸ੍ਰੰਗਹਿ ਦੇਣ ਵਾਲੇ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ, ਕਵਿਤਾ ਤੇ ਨਜ਼ਮ ਦੇ ਖੇਤਰ ਵਿੱਚ ਤਾਂ ਝੰਡੇ ਗੱਡੇ ਹੀ ਹਨ, ਸਗੋਂ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਲਿਖੇ ਕੁਝ ਲੇਖ ਚੰਗੇ ਵਾਰਤਕ ਲਿਖਾਰੀ ਹੋਣ ਦਾ ਵੀ ਸਬੂਤ ਦਿੰਦੇ ਹਨ। ਉਹ ਜੇਕਰ ਵਾਰਤਕ ਖੇਤਰ ਵਿੱਚ ਨਿੱਤਰ ਆਉਣ ਤਾਂ ਉਨ੍ਹਾਂ ਦੀ ਗਿਣਤੀ ਗਾਰਗੀ ਤੇ ਸਰਵਣ ਸਿੰਘ ਤੋਂ ਬਾਅਦ ਆਵੇਗੀ।

PunjabKesari
ਉਨ੍ਹਾਂ ਦੀਆਂ ਪੰਦਰਾਂ ਕਾਵਿ ਸ੍ਰੰਗਹਿ ਪੁਸਤਕਾਂ ਵਿੱਚ ਗ਼ਜ਼ਲਾਂ, ਗੀਤਾਂ, ਕਵਿਤਾਵਾਂ ਅਤੇ ਰੁਬਾਈਆਂ ਸਭ ਸ਼ਾਮਲ ਹਨ। ਉਨ੍ਹਾਂ ਤਿੰਨ ਦਰਜਨ ਦੇ ਕਰੀਬ ਗੀਤ ਵੀ ਲਿਖੇ, ਜੋ ਵੱਡੇ ਗਾਇਕਾਂ ਨੇ ਗਾਏ। ਗੀਤਕਾਰੀ ਨਾਲੋਂ ਵੱਧ ਰੁਝਾਨ ਉਨ੍ਹਾਂ ਦਾ ਕਵੀ ਬਣਨ ਵੱਲ ਵਧਦਾ ਰਿਹਾ ਹੈ। ਗੁਰਭਜਨ ਗਿੱਲ ਕੋਲ ਕਵਿਤਾ ਲਿਖਣ ਲਈ ਵਿਸ਼ਿਆਂ ਦੀ ਕਮੀ ਨਹੀਂ ਅਤੇ ਕਦੇ ਵੀ ਉਨ੍ਹਾਂ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੀਮਤ ਕਰ ਕੇ ਨਹੀਂ ਰੱਖਿਆ, ਸ਼ਾਇਦ ਇਸ ਦਾ ਕਾਰਨ ਉਨ੍ਹਾਂ ਦੀਆਂ ਜੀਵਨ ਦੀਆਂ ਗਤੀਵਿਧੀਆਂ ਦਾ ਬਹੁ-ਦਿਸ਼ਾਵੀ ਅਤੇ ਬਹੁ-ਪੱਖੀ ਹੋਣਾ ਹੈ। ਉਨ੍ਹਾਂ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਢੁਕ ਜਾਂਦੀ ਹੈ। ਅਣਜੰਮੀ ਧੀ ਦੀ ਗਾਥਾ ਸੁਣਾਉਂਦੀ ਕਵਿਤਾ ‘ਲੋਰੀ’ ਨੇ ਗੁਰਭਜਨ ਗਿੱਲ ਨੂੰ ਸਮਾਜ ਵਿੱਚ ਸਭ ਤੋਂ ਸਨਮਾਨ ਦਿਵਾਇਆ ਹੈ, ਜਿੱਥੇ ਉਨ੍ਹਾਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ। ਸੰਤਾਲੀ ਦੀ ਵੰਡ ਦਾ ਸੰਤਾਪ ਗੁਰਭਜਨ ਗਿੱਲ ਦੀ ਸ਼ਾਇਰੀ ਵਿੱਚੋਂ ਆਮ ਨਜ਼ਰ ਆਉਂਦਾ ਹੈ ਅਤੇ ਰਾਵੀ ਦਰਿਆ ਇਸ ਦਾ ਪ੍ਰਤੀਕ ਹੈ ਜਿਸ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਉਨ੍ਹਾਂ ਦਾ ਇਕ ਕਾਵਿ ਸੰਗ੍ਰਹਿ ‘ਰਾਵੀ’ ਵੀ ਪ੍ਰਕਾਸ਼ਿਤ ਹੋਇਆ ਹੈ। ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਖ਼ਾਸ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਸ਼ਾਇਰੀ ਵਿੱਚੋਂ ਸਹਿਜੇ ਹੀ ਵੇਖੀ ਜਾ ਸਕਦੀ ਹੈ। ਸ਼ਾਇਦ ਇਸੇ ਪਿੱਛੇ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਰਾਵੀ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆ ਵਸਣਾ ਅਤੇ ਫੇਰ ਰਾਵੀ ਨੇੜਲੇ ਡੇਰਾ ਬਾਬਾ ਨਾਨਕ ਖਿੱਤੇ ਵਿੱਚ ਰਹਿਣ ਲੱਗਣਾ ਵੀ ਹੈ। ਜਦੋਂ ਵੀ ਕਰਤਾਰਪੁਰ ਲਾਂਘੇ ਦਾ ਜ਼ਿਕਰ ਹੁੰਦਾ ਤਾਂ ਉਨ੍ਹਾਂ ਦੇ ਮਨ ਦੀ ਵੇਦਨਾ ਸ਼ਬਦਾਂ ਰਾਹੀਂ ਪ੍ਰਗਟ ਹੋ ਜਾਂਦੀ ਹੈ, ਚਾਹੇ ਉਹ ਕਵਿਤਾ ਦੇ ਰੂਪ ਵਿੱਚ ਹੋਵੇ ਜਾਂ ਫੇਰ ਲੇਖਾਂ ਰਾਹÄ।
ਖੇਡ ਸੱਭਿਆਚਾਰ ਦੀ ਗੱਲ ਕਰੀਏ ਤਾਂ ਬਟਾਲਾ ਵਿਖੇ ਮਰਹੂਮ ਹਾਕੀ ਖਿਡਾਰੀ ਸੁਰਜੀਤ ਸਿੰਘ ਦਾ ਬੁੱਤ ਗੁਰਭਜਨ ਗਿੱਲ ਦੀ ਸਲਾਹ ਤੇ ਸਰਪ੍ਰਸਤੀ ਹੇਠ ਲੱਗਿਆ। ਪੰਜਾਬ ਵਿੱਚ ਕਿਸੇ ਖਿਡਾਰੀ ਦਾ ਲੱਗਿਆ ਇਹ ਆਪਣੀ ਕਿਸਮ ਦਾ ਪਹਿਲਾ ਬੁੱਤ ਸੀ। ਉਨ੍ਹਾਂ ਕਈ ਖੇਡ ਮੇਲਿਆਂ ਦੀ ਸਰਪ੍ਰਸਤੀ ਕਰਦਿਆਂ ਉਨ੍ਹਾਂ ਨੂੰ ਸਾਹਿਤਕ ਚਾਸ਼ਨੀ ਰਾਹੀਂ ਖੇਡ ਪ੍ਰੇਮੀਆਂ ਅੱਗੇ ਪਰੋਸਿਆ ਹੈ। ਖੇਡ ਮੇਲਿਆਂ ਨੂੰ ਕਲਮਬੰਦ ਕਰਨ ਦਾ ਸਿਹਰਾ ਗੁਰਭਜਨ ਗਿੱਲ ਨੂੰ ਜਾਂਦਾ ਹੈ, ਜਿਨ੍ਹਾਂ ਹਰ ਖੇਡ ਮੇਲੇ ਦੌਰਾਨ ਸੋਵੀਨਾਰ ਕੱਢਣ ਦੀ ਰੀਤ ਸ਼ੁਰੂ ਕੀਤੀ। ਚਾਹੇ ਇਹ ਕਿਲਾ ਰਾਏਪੁਰ ਦੀਆਂ ਮਸ਼ਹੂਰ ਖੇਡਾਂ ਹੋਣ, ਕੋਟਲਾ ਸ਼ਾਹੀਆਂ ਦੀਆਂ ਕਮਲਜੀਤ ਖੇਡਾਂ ਜਾਂ ਫੇਰ ਗੁੱਜਰਵਾਲ ਦੀਆਂ ਖੇਡਾਂ। ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਵਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਤੱਥਾਂ ਸਮੇਤ ਸਰਕਾਰ ਅੱਗੇ ਕੇਸ ਰੱਖਿਆ ਜਿਸ ਨੂੰ ਉਹ ਨਿਰਣਾਇਕ ਮੁਕਾਮ ਤੱਕ ਲੈ ਕੇ ਗਏ। ਬੈਲ ਗੱਡੀਆਂ ਦੀਆਂ ਦੌੜਾਂ ਨੂੰ ਸ਼ੁਰੂ ਕਰਵਾਉਣ ਲਈ ਜਿੱਥੇ ਉਨ੍ਹਾਂ ਆਪਣਾ ਰਸੂਖ਼ ਵਰਤ ਕੇ ਇਸ ਮੰਗ ਨੂੰ ਲੋਕ ਲਹਿਰ ਬਣਾਇਆ, ਉਥੇ ਆਪਣੀਆਂ ਵਾਜਬ ਦਲੀਲਾਂ ਨਾਲ ਇਸ ਦਾ ਹੱਲ ਕੱਢਣ ਦਾ ਰਸਤਾ ਵੀ ਦੱਸਿਆ।

PunjabKesari
ਗੁਰਭਜਨ ਗਿੱਲ ਦੀ ਸੋਚ ਹੁੰਦੀ ਸੀ ਕਿ ਚੰਗੇ ਖਿਡਾਰੀ ਬਣਨ ਲਈ ਚੰਗਾ ਸਾਹਿਤ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਇਸੇ ਸੋਚ ’ਤੇ ਚਲਦਿਆਂ ਕਮਲਜੀਤ ਖੇਡਾਂ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਵਿੱਚ ਪੁਸਤਕਾਂ ਵੰਡੀਆਂ ਜਾਂਦੀਆਂ ਹਨ। ਇਹ ਵੀ ਸੰਜੋਗ ਹੀ ਹੈ, ਜਦੋਂ ਪੰਜਾਬੀ ਦੇ ਪਹਿਲੇ ਅਤੇ ਚੋਟੀ ਦੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੂੰ ਕਿਲਾ ਰਾਏਪੁਰ ਦੀਆਂ ਖੇਡਾਂ ’ਤੇ ਸਨਮਾਨ ਵਿੱਚ ਲੋਈ ਤੇ ਕਿਰਪਾਨ ਭੇਟ ਕੀਤੀ ਗਈ ਤਾਂ ਅਤਿਵਾਦ ਦੇ ਦੌਰ ਕਾਰਨ ਪ੍ਰਿੰਸੀਪਲ ਸਰਵਣ ਸਿੰਘ ਕਿਰਪਾਨ ਨੂੰ ਆਪਣੇ ਨਾਲ ਨਾ ਲੈ ਕੇ ਗਏ। ਇਹ ਕਿਰਪਾਨ ਗੁਰਭਜਨ ਗਿੱਲ ਆਪਣੇ ਘਰ ਲੈ ਗਏ, ਜਿੱਥੋਂ ਬਾਅਦ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਨੂੰ ਪਹੁੰਚਾਈ ਗਈ।
ਇਸ ਕਿਰਪਾਨ ਦੀ ਇਕ ਅਨੋਖੀ ਘਟਨਾ ਹੈ। ਪ੍ਰਿੰ. ਸਰਵਣ ਸਿੰਘ ਜਦੋਂ ਗੁਰਭਜਨ ਗਿੱਲ ਦੇ ਘਰ ਆਏ ਹੋਏ ਸਨ ਤਾਂ ਉਨ੍ਹਾਂ ਦੀ ਗੋਦੀ ਵਿੱਚ ਬੈਠਾ ਗੁਰਭਜਨ ਗਿੱਲ ਦਾ ਉਸ ਵੇਲੇ ਚਾਰ-ਪੰਜ ਵਰਿ੍ਹਆਂ ਦਾ ਪੁੱਤਰ ਪੁਨੀਤਪਾਲ ਤੋਤਲੀ ਆਵਾਜ਼ ਵਿੱਚ ਬੋਲਿਆ  ‘‘ਅੰਕਲ ਥੋਨੂੰ ਪਤੈ, ਸਾਡੇ ਘਰੇ ਪਰਕਾਨ ਆ।’’ ਗੁਰਭਜਨ ਗਿੱਲ ਨਾਲ ਮੇਰੀ ਸਾਂਝ ਹੀ ਉਨ੍ਹਾਂ ਦੇ ਖੇਡਾਂ ਤੇ ਖਿਡਾਰੀਆਂ ਪ੍ਰਤੀ ਪਿਆਰ ਕਾਰਨ ਪਈ ਹੈ। ਖੇਡਾਂ ਉਪਰ ਲਿਖੀ ਮੇਰੀ ਹਰ ਖ਼ਬਰ ਜਾਂ ਲੇਖ ਉਤੇ ਜਿੱਥੇ ਉਹ ਮੈਨੂੰ ਸ਼ਾਬਾਸ਼ ਦਿੰਦੇ, ਉਥੇ ਅੱਗੇ ਤੋਂ ਹੋਰ ਚੰਗਾ ਲਿਖਣ ਦੀ ਹੱਲਾਸ਼ੇਰੀ ਵੀ ਦਿੰਦੇ। ਸੱਠਵਿਆਂ ਦੇ ਦਹਾਕੇ ਦੇ ਏਸ਼ੀਆ ਦੇ ਬੈਸਟ ਅਥਲੀਟ ਗੁਰਬਚਨ ਰੰਧਾਵਾ ਤੋਂ ਲੈ ਕੇ ਅਜੋਕੇ ਦੌਰ ਦੇ ਏਸ਼ੀਆ ਚੈਂਪੀਅਨ ਤੇਜਿੰਦਰ ਤੂਰ, ਅਰਪਿੰਦਰ ਤੇ ਸਵਰਨ ਵਿਰਕ ਤੱਕ ਉਨ੍ਹਾਂ ਨੂੰ ਹਰ ਖਿਡਾਰੀ ਬਾਰੇ ਪਤਾ ਹੈ। ਖਿਡਾਰੀਆਂ ਨੂੰ ਪ੍ਰਮੋਟ ਕਰਨ ਦਾ ਹਰ ਵੇਲੇ ਹੋਕਾ ਦੇਣ ਵਾਲੇ ਗੁਰਭਜਨ ਗਿੱਲ ਨੇ ਖੇਡ ਮੇਲਿਆਂ ਦੌਰਾਨ ਨਾਮੀ ਪਰ ਅਣਗੌਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨ ਦੀ ਪਿਰਤ ਪਾਈ। ਇਕ ਵਾਰ ਕੋਈ ਖੇਡਾਂ ਨਾਲ ਜੁੜਿਆ ਸ਼ਖ਼ਸ ਉਨ੍ਹਾਂ ਨੂੰ ਮਿਲ ਲਵੇ ਤਾਂ ਪੱਕੇ ਤੌਰ ਉਤੇ ਉਨ੍ਹਾਂ ਦਾ ਖ਼ਾਸਮ-ਖ਼ਾਸ ਬਣ ਜਾਂਦਾ ਹੈ। ਦਰੋਣਾਚਾਰੀਆ ਐਵਾਰਡੀ ਮੁੱਕੇਬਾਜ਼ੀ ਦੇ ਕੋਚ ਗੁਰਬਖ਼ਸ਼ ਸਿੰਘ ਸੰਧੂ ਨੂੰ ਪਹਿਲੀ ਵਾਰ ਉਹ ਕਮਲਜੀਤ ਖੇਡਾਂ ’ਤੇ ਮਿਲੇ ਅਤੇ ਫੇਰ ਉਸ ਤੋਂ ਬਾਅਦ ਉਹ ਪੱਕੇ ਮਿੱਤਰ ਬਣ ਗਏ। ਉਨ੍ਹਾਂ ਕਿਲਾ ਰਾਏਪੁਰ ਦੇ ਖੇਡ ਪ੍ਰਬੰਧਕਾਂ ਨੂੰ ਅਜਿਹਾ ਵੰਗਾਰਿਆ ਕਿ ਅਗਲੇ ਸਾਲ ਉਤੇ ਸੰਧੂ ਕੋਚ ਦਾ ਸਨਮਾਨ ਰੱਖ ਦਿੱਤਾ। ਹੁਣ ਇੰਝ ਲਗਦਾ ਹੈ ਕਿ ਸੰਧੂ ਕੋਚ ਤੇ ਗੁਰਭਜਨ ਗਿੱਲ ਦੀ ਲਿਹਾਜ਼ ਦਹਾਕਿਆਂ ਪੁਰਾਣੀ ਹੈ। ਆਪਣੇ ਸਮਕਾਲੀ ਅਥਲੀਟ ਨੂੰ ਵੀਰ-ਭੈਣ ਕਹਿਣ ਵਾਲੇ ਗੁਰਭਜਨ ਗਿੱਲ ਨਵੀਂ ਉਮਰ ਦੇ ਖਿਡਾਰੀਆਂ ਨੂੰ ਆਪਣੇ ਪੁੱਤਰ-ਧੀ ਵਾਂਗ ਪਿਆਰ ਕਰਦੇ ਹਨ। ਅਥਲੀਟ ਮਨਜੀਤ ਨੂੰ ਆਪਣੀ ਧੀ ਸਮਝਣ ਵਾਲੇ ਗੁਰਭਜਨ ਗਿੱਲ ਜਦੋਂ ਕਮਲਜੀਤ ਖੇਡਾਂ ਮੌਕੇ ਹਾਕੀ ਖਿਡਾਰੀ ਅਤੇ ਮਨਜੀਤ ਦੇ ਪਤੀ ਗੁਰਵਿੰਦਰ ਚੰਦੀ ਨੂੰ ਸਨਮਾਨਤ ਕਰਨ ਲੱਗੇ ਤਾਂ ਉਸ ਨੂੰ ਜਵਾਈ ਵਾਂਗ ਸਤਿਕਾਰ ਦਿੱਤਾ। ਅਪਣੱਤ ਉਨ੍ਹਾਂ ਦੇ ਸੁਭਾਅ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਦੇ ਖੇਡ ਗਿਆਨ ਦੇ ਦਾਇਰੇ ਵਿੱਚ ਪੁਰਾਣੇ ਜ਼ਮਾਨੇ ਦਾ ਕਬੱਡੀ ਖਿਡਾਰੀ ਸਰਵਣ ਬੱਲ ਵੀ ਆਉਂਦਾ ਹੈ ਅਤੇ ਅੱਜ ਦੇ ਦੌਰ ਦੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਵੀ। ਹਰ ਖੇਡ ਤੇ ਖਿਡਾਰੀ ਬਾਰੇ ਡੂੰਘਾ ਗਿਆਨ ਰੱਖਣ ਵਾਲੇ ਗੁਰਭਜਨ ਗਿੱਲ ਜੇ ਖੇਡ ਲੇਖਣੀ ਵੱਲ ਆ ਜਾਂਦੇ ਤਾਂ ਪਿ੍ਰੰਸੀਪਲ ਸਰਵਣ ਸਿੰਘ ਦੇ ਜਾਨਸ਼ੀਨ ਸਾਬਤ ਹੁੰਦੇ।
ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 1953 ਨੂੰ ਹੋਇਆ। ਗੁਰਭਜਨ ਗਿੱਲ ਦੇ ਜਨਮ ਸਮੇਂ ਦੀ ਕਹਾਣੀ ਵੀ ਉਨ੍ਹਾਂ ਦੇ ਪਰਮ ਮਿੱਤਰ ਰਵਿੰਦਰ ਭੱਠਲ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਗੁਰਭਜਨ ਹੁਰਾਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੇ ਘਰ ਇਕ ਮੁੰਡੇ ਤੇ ਇਕ ਕੁੜੀ ਦੇ ਜਨਮ ਤੋਂ ਬਾਅਦ ਹੀ ਮੌਤ ਹੋ ਗਈ ਸੀ। ਗੁਰਭਜਨ ਗਿੱਲ ਦਾ ਜਦੋਂ ਜਨਮ ਹੋਇਆ ਤਾਂ ਮਾਂ ਨੇ ਪੁੱਤ ਨੂੰ ਬਚਾਉਣ ਲਈ ਕਿਸੇ ਵੱਲੋਂ ਦੱਸਿਆ ਉਪਾਅ ਕੀਤਾ। ਉਪਾਅ ਅਨੁਸਾਰ ਛੋਟੇ ਗੁਰਭਜਨ ਨੂੰ ਛੱਜ ਵਿੱਚ ਪਾ ਕੇ ਘਰ ਦੇ ਬਾਹਰ ਹੋਕਾ ਦਿਵਾਇਆ ਗਿਆ ਅਤੇ ਫੇਰ ਉਸ ਦੀ ਮਾਂ ਨੇ ਬੱਚੇ ਦੇ ਭਾਰ ਜਿੰਨਾ ਲੂਣ ਦੇ ਕੇ ਛੱਜ ਵਿੱਚੋਂ ਬੱਚਾ ਲਿਆ। ਮਾਂ ਅਨੁਸਾਰ ਵਹਿਮ ਨਾਲ ਬਚਿਆ ਇਹ ਬੱਚਾ ਵੱਡਾ ਹੋ ਕੇ ਵਹਿਮਾਂ-ਭਰਮਾਂ ਤੋਂ ਮੁਕਤ ਤਰਕਸ਼ੀਲ ਵਿਚਾਰਾਂ ਵਾਲਾ ਬਣਿਆ। ਪਿਤਾ ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪਿ੍ਰੰਸੀਪਲ ਮਨਜੀਤ ਕੌਰ, ਵੱਡੇ ਭਰਾ ਪਿ੍ਰੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨਹੀਂ ਅਜਿਹੀ ਮਜ਼ਬੂਤ ਕੀਤੀ ਕਿ ਹੁਣ ਉਹ ਪੰਜਾਬੀ ਸਾਹਿਤ, ਸੱਭਿਆਚਾਰ, ਖੇਡਾਂ, ਪੰਜਾਬੀਅਤ ਅਤੇ ਪੰਜਾਬੀ ਰਹਿਣੀ-ਸਹਿਣੀ ਦਾ ਬੋਹੜ ਦਾ ਵੱਡਾ ਦਰੱਖ਼ਤ ਬਣ ਗਿਆ।

PunjabKesari
ਗੁਰਭਜਨ ਗਿੱਲ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਹੀ ਸਕੂਲੋਂ ਪ੍ਰਾਪਤ ਕੀਤੀ ਅਤੇ ਦਸਵੀਂ ਦੀ ਪੜ੍ਹਾਈ ਧਿਆਨਪੁਰੋਂ ਕੀਤੀ। ਗਿਆਰ੍ਹਵੀਂ ਤੇ ਬਾਰ੍ਹਵੀਂ ਕਾਲਾ ਅਫ਼ਗ਼ਾਨਾ ਕਾਲਜ ਤੋਂ ਕਰਨ ਪਿੱਛੋਂ ਗੁਰਭਜਨ ਗਿੱਲ ਨੇ ਦੋ ਦਰਿਆਵਾਂ ਬਿਆਸ ਤੇ ਸਤਲੁਜ ਨੂੰ ਪਾਰ ਕਰਦਿਆਂ ਲੁਧਿਆਣਾ ਦੇ ਜੀ.ਜੀ.ਐਨ. ਖ਼ਾਲਸਾ ਕਾਲਜ ਵਿੱਚ ਬੀ.ਏ. ਦੀ ਪੜ੍ਹਾਈ ਲਈ ਦਾਖ਼ਲਾ ਲੈ ਲਿਆ। ਇਹ ਗੁਰਭਜਨ ਗਿੱਲ ਦੀ ਜ਼ਿੰਦਗੀ ਦਾ ਅਹਿਮ ਮੋੜ ਸਾਬਤ ਹੋਇਆ, ਜਿੱਥੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਮਿਲੀ। ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸਾਹਿਤ ਤੇ ਸੱਭਿਆਚਾਰ ਦਾ ਵੀ ਗੜ੍ਹ ਸੀ, ਜਿੱਥੇ ਗੁਰਭਜਨ ਗਿੱਲ ਨੂੰ ਗੁਰੂ ਵਜੋਂ ਡਾ. ਐਸ.ਪੀ. ਸਿੰਘ ਦੀ ਸ਼ਾਗਿਰਦਗੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ। ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ. ਕਰਦਿਆਂ ਗੁਰਭਜਨ ਗਿੱਲ ਨੇ ਰਸਮੀ ਸਿੱਖਿਆ ਤਾਂ ਹਾਸਲ ਕੀਤੀ ਹੀ ਹੈ, ਸਗੋਂ ਸਾਹਿਤ ਦੀ ਲੱਗੀ ਚੇਟਕ ਕਾਰਨ ਆਪਣੇ ਸਾਹਿਤਕ ਸ਼ੌਕ ਵੀ ਪੂਰੇ ਕੀਤੇ। 1975 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਗੁਰਭਜਨ ਗਿੱਲ ਨੂੰ ਪਹਿਲਾ ਸਨਮਾਨ ‘ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਪਿੰਡ ਬਸੰਤ ਕੋਟ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਦਾ ਸਫ਼ਰ ਸ਼ੁਰੂ ਹੋਇਆ, ਜੋ ਧਿਆਨਪੁਰ, ਕਾਲਾ ਅਫ਼ਗ਼ਾਨਾ ਹੁੰਦਾ ਹੋਇਆ ਲੁਧਿਆਣਾ ਦੇ ਦੋ ਕਾਲਜਾਂ ਵਿੱਚ ਸਿੱਖਿਆ ਹਾਸਲ ਕਰਨ ਉਪਰੰਤ ਪੂਰਾ ਹੋਇਆ।
ਪੜ੍ਹਾਈ ਦੇ ਮਾਮਲੇ ਵਿੱਚ ਉਹ ਕਿਸਮਤ ਵਾਲਾ ਵੀ ਰਿਹਾ। ਜਦੋਂ ਪ੍ਰਾਇਮਰੀ ਸਕੂਲ ਵਿੱਚ ਦਾਖ਼ਲਾ ਲੈਣਾ ਸੀ ਤਾਂ ਪਿੰਡ ਵਿੱਚ ਹੀ ਪ੍ਰਾਇਮਰੀ ਸਕੂਲ ਖੁੱਲ੍ਹ ਗਿਆ ਅਤੇ ਫੇਰ ਜਦੋਂ ਸਕੂਲੀ ਪੜ੍ਹਾਈ ਪੂਰੀ ਹੋਣ ’ਤੇ ਆਈ ਤਾਂ ਨੇੜੇ ਪੈਂਦੇ ਪਿੰਡ ਕਾਲਾ ਅਫ਼ਗ਼ਾਨਾ ਵਿਖੇ ਨਵਾਂ ਕਾਲਜ ਖੁੱਲ੍ਹ ਗਿਆ। ਇੰਝ ਗੁਰਭਜਨ ਗਿੱਲ ਨੂੰ ਆਪਣੇ ਵੱਡੇ ਭਰਾਵਾਂ ਵਾਂਗ ਘਰੋਂ ਜ਼ਿਆਦਾ ਦੂਰ ਪ੍ਰਾਇਮਰੀ ਸਕੂਲ ਅਤੇ ਫੇਰ ਕਾਲਜ ਪੜ੍ਹਨ ਨਹੀਂ ਜਾਣਾ ਪਿਆ। ਗੁਰਭਜਨ ਗਿੱਲ ਨੇ ਪੜ੍ਹਾਈ ਪੂਰੀ ਕਰਦਿਆਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਛੇ ਸਾਲ ਪੜ੍ਹਾਇਆ। ਗੁਰਭਜਨ ਗਿੱਲ ਨੇ ਅਪਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਨੌਕਰੀ ਜੁਆਇਨ ਕੀਤੀ, ਜਿੱਥੇ ਉਨ੍ਹਾਂ ਤੀਹ ਸਾਲ ਸੇਵਾਵਾਂ ਨਿਭਾਈਆਂ। ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ੍ਹ ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ। ਫ਼ਰਵਰੀ 2014 ਤੋਂ ਬਾਅਦ ਗੁਰਭਜਨ ਗਿੱਲ ਭਾਵੇਂ ਨੌਕਰੀ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਵਿਹਲੇ ਹੋ ਗਏ ਪ੍ਰੰਤੂ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਵਧਾ ਦਿੱਤਾ। ਆਪਣੀ ਸਰਵਿਸ ਦੌਰਾਨ ਉਨ੍ਹਾਂ ਸਾਹਿਤ ਖੇਤਰ ਦੀਆਂ ਸਿਖਰਾਂ ਛੋਹੀਆਂ।
ਗੁਰਭਜਨ ਗਿੱਲ ਦੀ ਪਹਿਲੀ ਪੁਸਤਕ ਕਾਵਿ ‘ਸ਼ੀਸ਼ਾ ਝੂਠ ਬੋਲਦਾ ਹੈ’ 1978 ਵਿੱਚ ਪ੍ਰਕਾਸ਼ਿਤ ਹੋਈ। ਹੁਣੇ ਜਿਹੇ ਉਨ੍ਹਾਂ ਦੀ ਸੋਲ੍ਹਵÄ ਪੁਸਤਕ ‘ਧਰਤੀ ਨਾਦ’ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਪੰਦਰਾਂ ਕਾਵਿ ਸੰਗ੍ਰਹਿ ਤੇ ਇਕ ਵਾਰਤਕ (ਸ਼ਬਦ ਚਿੱਤਰ) ਦੀ ਪੁਸਤਕ ਲਿਖੀ। ਇਸ ਤੋਂ ਇਲਾਵਾ ਪੰਜ ਪੁਸਤਕਾਂ ਸੰਪਾਦਿਤ ਕੀਤੀਆਂ। ਦੂਜੀ ਪੁਸਤਕ ‘ਹਰ ਧੁਖਦਾ ਪਿੰਡ ਮੇਰਾ ਹੈ’ (1985) ਸੀ ਫੇਰ ‘ਬੋਲ ਮਿਟੀ ਦਿਆ ਬਾਵਿਆ’ ਤੇ ‘ਅਗਨ ਕਥਾ’ (2002)। ਇਸ ਤੋਂ ਬਾਅਦ 2005 ਵਿੱਚ ‘ਧਰਤੀ ਨਾਦ’ ਤੋਂ ਸ਼ੁਰੂ ਕੀਤਾ ਸਫ਼ਰ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ’ਤੇ ‘ਖ਼ੈਰ ਪੰਜਾਂ ਪਾਣੀਆਂ ਦੀ’, ਫੁੱਲਾਂ ਦੀ ਝਾਂਜਰ (2006), ਪਾਰਦਰਸ਼ੀ (2008), ਮੋਰ ਪੰਖ (2010), ਮਨ ਤੰਦੂਰ (2013), ਗੁਲਨਾਰ (2015), ਮਿਰਗਾਵਲੀ (2016), ਰਾਵੀ (2017), ਸੰਧੂਰਦਾਨੀ (2018) ਤੱਕ ਚਲਦਾ ਹੋਇਆ ਧਰਤੀ ਨਾਦ ਤੱਕ ਹੀ ਪੁੱਜ ਗਿਆ ਹੈ। ਸੰਪਾਦਿਤ ਕੀਤੀਆਂ ਪੰਜ ਪੁਸਤਕਾਂ ਵਿੱਚ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ, ਤਾਰਿਆਂ ਨਾਲ ਗੱਲਾਂ ਕਰਦਿਆਂ ਤੇ ਪਿੱਪਲ ਪੱਤੀਆਂ ਸ਼ਾਮਲ ਹਨ। ਵਾਰਤਕ ਦੀ ਇਕਲੌਤੀ ਪੁਸਤਕ ‘ਕੈਮਰੇ ਦੀ ਅੱਖ ਬੋਲਦੀ’ ਹੈ ਜਿਸ ਵਿੱਚ ਲੁਧਿਆਣੇ ਦੇ ਪ੍ਰਸਿੱਧ ਫ਼ੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਬਾਰੇ ਸ਼ਬਦ ਚਿੱਤਰ ਲਿਖਦਿਆਂ ਗੁਰਭਜਨ ਗਿੱਲ ਨੇ ਤਸਵੀਰਾਂ ਜਿੰਨੇ ਹੀ ਖ਼ੂਬਸੁਰਤ ਸ਼ਬਦ ਦਿੱਤੇ ਹਨ।
ਪ੍ਰਸਿੱਧ ਹਸਤੀਆਂ ਅਤੇ ਸਮੇਂ-ਸਮੇਂ ਦੀਆਂ ਵੱਡੀਆਂ ਘਟਨਾਵਾਂ ਬਾਰੇ ਕਹਾਣੀ ਬਿਆਨਦਿਆਂ ਗੁਰਭਜਨ ਗਿੱਲ ਦੇ ਕਥਾ ਰਸ ਨੂੰ ਵੇਖਦਿਆਂ ਉਨ੍ਹਾਂ ਨੂੰ ਕਈਆਂ ਨੇ ਵਾਰਤਕ ਦੀ ਪੁਸਤਕ ਲਿਖਣ ਲਈ ਪ੍ਰੇਰਿਆ ਹੈ। ਉਹ ਕਈ ਵਾਰ ਸਾਹਮਣੇ ਵਾਲੇ ਦਾ ਮਾਣ ਰੱਖਣ ਲਈ ਅਗਲੀ ਪੁਸਤਕ ਵਾਰਤਕ ਦੀ ਲਿਖਣ ਦਾ ਝੂਠੀ-ਮੂਠੀ ਜਿਹਾ ਵਾਅਦਾ ਹੀ ਕਰਕੇ ਸਾਰ ਦਿੰਦੇ ਹਨ। ਇਕਲੌਤੀ ਵਾਰਤਕ ਦੀ ਪੁਸਤਕ ਲਿਖਣ ਦਾ ਸਬੱਬ ਵੀ ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਸੇਧ ਕਾਰਨ ਬਣਿਆ। ਉਸ ਵੇਲੇ ਜਦੋਂ ਤੇਜ ਪ੍ਰਤਾਪ ਸੰਧੂ ਵੱਲੋਂ ਸਮਾਜ ਵਿੱਚ ਵਾਪਰਦੀਆਂ ਵੱਖ-ਵੱਖ ਘਟਨਾਵਾਂ ਅਤੇ ਹਾਦਸਿਆਂ ਬਾਰੇ ਖਿੱਚੀਆਂ ਤਸਵੀਰਾਂ ਨੂੰ ਅਜੀਤ ਅਖ਼ਬਾਰ ਵਿੱਚ ਲੜੀਵਾਰ ਸ਼ੁਰੂ ਕਰਵਾਉਣ ਲਈ ਉਹ ਡਾ. ਹਮਦਰਦ ਹੁਰਾਂ ਨੂੰ ਮਿਲੇ ਸਨ। ਅੱਗਿਉਂ ਹਮਦਰਦ ਸਾਹਬ ਨੇ ਗੁਰਭਜਨ ਗਿੱਲ ਨੂੰ ਤਸਵੀਰਾਂ ਦੇ ਆਲੇਖ ਲਿਖਣ ਲਈ ਕਹਿ ਦਿੱਤਾ। ਇਉਂ ਅਜੀਤ ਅਖ਼ਬਾਰ ਵਿੱਚ ਲਗਾਤਾਰ 77 ਹਫ਼ਤੇ ਤੇਜ ਪ੍ਰਤਾਪ ਸੰਧੂ ਦੀਆਂ ਖਿੱਚੀਆਂ ਤਿੰਨ ਤਸਵੀਰਾਂ ਅਤੇ ਉਸ ਬਾਰੇ ਗੁਰਭਜਨ ਗਿੱਲ ਦਾ ਲਿਖਿਆ ਆਲੇਖ ਛਪਦਾ ਰਿਹਾ। ਬਾਅਦ ਵਿੱਚ ਦੋਵਾਂ ਨੇ ਸਾਂਝੇ ਤੌਰ ’ਤੇ ‘ਕੈਮਰੇ ਦੀ ਅੱਖ ਬੋਲਦੀ’ ਪੁਸਤਕ ਪ੍ਰਕਾਸ਼ਿਤ ਕੀਤੀ।
ਗੁਰਭਜਨ ਗਿੱਲ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2013 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ। ਹਾਲ ਹੀ ਵਿੱਚ ਖ਼ਾਲਸਾ ਕਾਲਜ ਪਟਿਆਲਾ ਵਿਖੇ ਕਰਵਾਈ ਜਾ ਰਹੀ ‘ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ’ ਦੌਰਾਨ ਗੁਰਭਜਨ ਗਿੱਲ ਨੂੰ ‘ਖ਼ਾਲਸਾ ਕਾਲਜ ਗਲੋਬਲ ਪੰਜਾਬ ਰਤਨ’ ਨਾਲ ਸਨਮਾਨਤ ਕੀਤਾ ਗਿਆ। 2018 ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ ‘ਫ਼ੈਲੋ ਪੁਰਸਕਾਰ’ ਨਾਲ ਸਨਮਾਨਤ ਕੀਤਾ। ਇਸੇ ਸਾਲ ਉਨ੍ਹਾਂ ਹਰਭਜਨ ਹਲਵਾਰਵੀ ਕਵਿਤਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਜ਼ਿੰਦਗੀ ਵਿੱਚ ਮਿਲੇ ਹੋਰ ਮਾਣ-ਸਨਮਾਨਾਂ ਤੇ ਐਵਾਰਡਾਂ ਦੀ ਗੱਲ ਕਰੀਏ ਤਾਂ 2005 ਵਿੱਚ ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ, 2003 ਵਿੱਚ ਪਿ੍ਰੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, 2002 ਵਿੱਚ ਐਸ.ਐਸ. ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ ਤੇ ਪ੍ਰੋ. ਪੂਰਨ ਸਿੰਘ ਐਵਾਰਡ, 1998 ਵਿੱਚ ਬਾਵਾ ਬਲਵੰਤ ਐਵਾਰਡ, 1992 ਵਿੱਚ ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ 1979 ਵਿੱਚ ‘ਭਾਈ ਵੀਰ ਸਿੰਘ ਐਵਾਰਡ’ ਮਿਲੇ। 1975 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਿਲਿਆ ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਉਨ੍ਹਾਂ ਦਾ ਪਹਿਲਾ ਸਨਮਾਨ ਸੀ। 
ਸਾਹਿਤਕ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਉਹ ਚਾਰ ਸਾਲ (2010-2014) ਤੱਕ ਪ੍ਰਧਾਨ ਰਹੇ ਅਤੇ ਇਸ ਕਾਰਜਕਾਲ ਦੌਰਾਨ ਲਾਮਿਸਾਲ ਕੰਮ ਕੀਤੇ। ਅਕਾਦਮੀ ਦਾ ਦਾਇਰਾ ਹੋਰ ਵੱਡਾ ਕੀਤਾ। ਪੰਜਾਬੀ ਸਾਹਿਤ ਅਕਾਦਮੀ  ਲੁਧਿਆਣਾ ਦੇ ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ ’ਤੇ ਗੁਰਭਜਨ ਗਿੱਲ ਨੇ 20 ਸਾਲ ਸੇਵਾਵਾਂ ਨਿਭਾਈਆਂ ਹਨ। ਚਾਰ ਸਾਲ ਕਾਰਜਕਾਰਨੀ ਮੈਂਬਰ, 6 ਸਾਲ ਮੀਤ ਪ੍ਰਧਾਨ, 6 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਫੇਰ 4 ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਗੁਰਭਜਨ ਗਿੱਲ ਨੇ ਅਕਾਦਮੀ  ਨੂੰ ਹਰ ਪੜਾਅ ’ਤੇ ਸੇਵਾਵਾਂ ਦਿੱਤੀਆਂ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਵੀ ਰਹੇ ਹਨ, ਜਿੱਥੇ ਉਨ੍ਹਾਂ ਪੰਜਾਬੀ ਸੱਭਿਆਚਾਰ ਦੇ ਭੀਸ਼ਮ ਪਿਤਾਮਾ ਸਵ. ਜਗਦੇਵ ਸਿੰਘ ਜੱਸੋਵਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਪ੍ਰੋ. ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਦੁਆਈ। ਇਸ ਤੋਂ ਇਲਾਵਾ ਗੁਰਭਜਨ ਗਿੱਲ ਅਨੇਕਾਂ ਸੰਸਥਾਵਾਂ ਦੇ ਅਹੁਦੇਦਾਰ ਹਨ ਅਤੇ ਇਨ੍ਹਾਂ ਸੰਸਥਾਵਾਂ ਨੂੰ ਨਵÄ ਦਿਸ਼ਾ ਤੇ ਦਸ਼ਾ ਦਿੰਦਿਆਂ ਅਹਿਮ ਕੰਮ ਕੀਤੇ। 
ਮਾਝੇ ਦੀਆਂ ਪ੍ਰਸਿੱਧ ਖੇਡਾਂ ਅਤੇ ਉਲੰਪਿਕ ਚਾਰਟਰ ਵਾਲੀਆਂ ਇਕਲੌਤੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ, ਜਿਨ੍ਹਾਂ ਨੇ 28 ਵਰਿ੍ਹਆਂ ਤੋਂ ਸਫ਼ਲਤਾਪੂਰਵਕ ਖੇਡਾਂ ਕਰਵਾਈਆਂ ਹਨ। ਦਸੰਬਰ 2018 ਤੱਕ 28ਵੀਆਂ ਕਮਲਜੀਤ ਖੇਡਾਂ ਸ਼ਾਨਦਾਰ ਤਰੀਕੇ ਨਾਲ ਨੇਪਰੇ ਚੜ੍ਹੀਆਂ। ਉਹ 2012 ਤੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਚਲੇ ਆ ਰਹੇ ਹਨ, ਜਿਨ੍ਹਾਂ ਦੀ ਅਗਵਾਈ ਹੇਠ ਬੱਸੀਆਂ ਕੋਠੀਆਂ ਵਿਖੇ ਖ਼ਾਲਸਾ ਰਾਜ ਦੇ ਆਖ਼ਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣੀ ਹੈ। ਇਸ ਤੋਂ ਇਲਾਵਾ ਉਹ 1987 ਤੋਂ ਲੋਕ ਵਿਰਾਸਤ ਅਕਾਦਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਤੇ ਸੱਭਿਆਚਾਰਕ ਸੱਥ ਪੰਜਾਬ ਦੇ ਸਰਪ੍ਰਸਤ ਅਤੇ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫ਼ੈਲੋ ਹਨ।
ਨਿੰਦਰ ਘੁਗਿਆਣਵੀ ਨੂੰ ਪ੍ਰੇਰਨਾ ਦੇ ਕੇ ਆਪਣੇ ਮਿੱਤਰ ਤੇ ਚਹੇਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਤੇ ਕਲਾ ਬਾਰੇ ਡਾਕੂਮੈਂਟਰੀ ਫ਼ਿਲਮ ਬਣਵਾਈ। ਨਿੰਦਰ ਦੱਸਦਾ ਹੈ ਕਿ ਉਹ ਬਚਪਨ ਵਿੱਚ ਸੀ, ਜਦੋਂ ਪੰਜਾਬੀ ਟ੍ਰਿਬਿਊਨ ਵਿੱਚ ਗੁਰਭਜਨ ਗਿੱਲ ਦਾ ਲਿਖਿਆ ਲੇਖ ‘ਲੋਕ ਸੁਰਾਂ ਦਾ ਮੇਲਾ ਯਮਲੇ ਦੇ ਡੇਰੇ ’ਤੇ’ ਪੜ੍ਹਕੇ ਉਹ ਗਿੱਲ ਦਾ ਮੁਰੀਦ ਬਣਿਆ। ਨਿੰਦਰ ਦੇ ਵਿਕਾਸ ਵਿੱਚ ਵੀ ਗਿੱਲ ਸਾਹਬ ਦਾ ਅਹਿਮ ਯੋਗਦਾਨ ਹੈ। ਇਹਨੀਂ ਦਿਨੀਂ ਉਹ ਆਪਣੇ ਦੋਸਤ ਅਤੇ ਫ਼ੋਟੋ ਆਰਟਿਸਟ ਤੇਜ ਪ੍ਰਤਾਪ ਸੰਧੂ ਨਾਲ ਮਿਲ ਕੇ ਕੰਮ ਰਹੇ ਹਨ। ਕੁਦਰਤ ਦੇ ਕਾਦਰ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨ ਵਾਲੇ ਤੇਜ ਪ੍ਰਤਾਪ ਹੁਰਾਂ ਦੀਆਂ ਤਸਵੀਰਾਂ ਨੂੰ ਸ਼ਬਦ ਗੁਰਭਜਨ ਗਿੱਲ ਨੇ ਦਿੱਤੇ। ਉਨ੍ਹਾਂ ਹਰ ਤਸਵੀਰ ਬਾਰੇ ਚਾਰ ਕਾਵਿ ਸਤਰਾਂ ਲਿਖੀਆਂ, ਜੋ ਤਸਵੀਰ ਉਪਰ ਬਹੁਤ ਢੁਕਦੀਆਂ ਹਨ। ਇਹ ਸਤਰਾਂ ਇਕੱਲੀ ਤਸਵੀਰ ਦੀ ਕਹਾਣੀ ਹੀ ਨਹੀਂ ਪੇਸ਼ ਕਰਦੀਆਂ, ਸਗੋਂ ਵੱਡਾ ਵਿਅੰਗ ਅਤੇ ਤੰਜ ਵੀ ਕਸਦੀਆਂ ਹਨ। ਹਾਲੇ ਇਸ ਪੁਸਤਕ ਦਾ ਖਰੜਾ ਪ੍ਰਕਾਸ਼ਨਾ ਅਧੀਨ ਹੈ। ਫੇਰ ਵÄ ਮੈਂ ਦੋਵਾਂ ਦੀ ਇਜਾਜ਼ਤ ਲਏ ਬਗ਼ੈਰ ਇਕ ਉਦਾਹਰਣ ਪੇਸ਼ ਕਰਨ ਦੀ ਗੁਸਤਾਖ਼ੀ ਕਰ ਰਿਹਾ ਹਾਂ। ਇਕ ਮੁਰਝਾਏ/ਕੁਮਲਾਏ ਗ਼ੁਲਾਬ ਦੇ ਫੁੱਲ ਦੀ ਤਸਵੀਰ ਬਾਰੇ ਗੁਰਭਜਨ ਗਿੱਲ ਲਿਖ ਰਹੇ ਹਨ:-
ਕਾਹਨੂੰ ਮੁਰਝਾਇਆ ਓਇ ਤੂੰ ਫੁੱਲ ਗ਼ੁਲਾਬ ਦਾ।
ਏਨਾ ਮੰਦਾ ਹਾਲ ਹੋਇਆ ਤੇਰੇ ਕਿਉਂ ਸ਼ਬਾਬ ਦਾ।
ਮਿਲਿਆ ਜਵਾਬ, ਸੁਣ, ਮੈਂ ਤਾਂ ਸੰੁਨ ਹੋ ਗਿਆ,
ਜੜ੍ਹਾਂ ’ਚ ਸਿਉਂਕ ਮੇਰੇ, ਵਾਸੀ ਹਾਂ ਪੰਜਾਬ ਦਾ।

ਰੁਤਬੇ ਵਿੱਚ ਸਾਹਮਣੇ ਵਾਲਾ ਕੋਈ ਕਿੱਡਾ ਵੀ ਵੱਡਾ ਹੋਵੇ, ਗੁਰਭਜਨ ਗਿੱਲ ਕਿਸੇ ਨੂੰ ਵੀ ਗੱਲ ਕਹਿਣ ਤੋਂ ਨਹੀਂ ਝਿਜਕਦੇ। ਜਦੋਂ ਰਾਏਕੋਟ ਨੇੜੇ ਪਿੰਡ ਬੱਸੀਆ ਕੋਠੀਆਂ ਨੂੰ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਿੱਚ ਬਦਲਣ ਦੀ ਮੰਗ ਚਲ ਰਹੀ ਸੀ ਤਾਂ ਉਨ੍ਹਾਂ ਦਿਨਾਂ ਦੌਰਾਨ ਰਾਏਕੋਟ ਵਿਖੇ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰੋਗਰਾਮ ਸੀ। ਉਥੇ ਮੌਜੂਦ ਗੁਰਭਜਨ ਗਿੱਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦਾ ਆਖ਼ਰੀ ਪ੍ਰਭੂਸੱਤਾ ਸੰਪੰਨ ਰਾਜਾ ਮੌਜੂਦ ਰਾਜੇ ਤੋਂ ਪੁੱਛ ਰਿਹਾ ਹੈ ਕਿ ਉਹ ਉਸ ਲਈ ਕੀ ਕਰ ਸਕਦਾ ਹੈ। ਇਸ ਤੋਂ ਬਾਅਦ ਬੱਸੀਆਂ ਵਿਖੇ ਸ਼ਾਨਦਾਰ ਯਾਦਗਾਰ ਬਣੀ। ਬਾਅਦ ਵਿੱਚ ਸਰਕਾਰ ਤੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ਵਿੱਚ ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਕਾਲਜ ਮਨਜ਼ੂਰ ਕਰਵਾਉਣਾ ਵੀ ਕਿਸੇ ਤੋਂ ਲੁਕਿਆ ਨਹੀਂ। ਵੱਡੇ-ਵੱਡੇ ਰਾਜਸੀ ਆਗੂਆਂ ਨਾਲ ਉਨ੍ਹਾਂ ਦੀ ਨੇੜੇ ਦੀ ਸਾਂਝ ਰਹੀ ਹੈ ਪਰ ਕਿਸੇ ਤੋਂ ਨਿੱਜੀ ਫ਼ਾਇਦਾ ਨਹੀਂ ਲਿਆ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਲੈ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੱਕ ਵੇਲੇ ਦੀਆਂ ਹਕੂਮਤਾਂ ਦੇ ਆਗੂਆਂ ਨਾਲ ਉਨ੍ਹਾਂ ਦੀ ਨੇੜਤਾ ਰਹੀ। ਰਾਜਸੀ ਆਗੂ ਤਕਰੀਰਾਂ ਲਈ ਲੋੜÄਦੇ ਨੁਕਤੇ ਪੁੱਛਣ ਲਈ ਅਸਕਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। 
2012 ਵਿੱਚ ਅਕਾਦਮੀ ਦੀ ਚੋਣ ਨਾਲ ਜੁੜੀ ਇਕ ਗੱਲ ਹੋਰ ਬਹੁਤ ਦਿਲਚਸਪ ਹੈ। ਗੁਰਭਜਨ ਗਿੱਲ ਦੂਜੀ ਵਾਰ ਪ੍ਰਧਾਨਗੀ ਦੀ ਚੋਣ ਲੜ ਰਹੇ ਸਨ। ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਪੰਜਾਬੀ ਭਵਨ ਲੁਧਿਆਣਾ ਪਹੁੰਚ ਕੇ ਗੁਰਭਜਨ ਗਿੱਲ ਦੇ ਕਮਰੇ ਵਿੱਚ ਬੈਠੇ ਵੋਟਰ ਲਿਸਟ ਵਿੱਚ ਆਪਣਾ ਨਾਮ ਲੱਭੀ ਜਾਣ। ਕਮਰੇ ਵਿੱਚ ਬੈਠੇ ਸਾਰੇ ਜਣਿਆਂ ਨੇ ਆਪਣੀ ਟਿੱਲ ਲਾ ਲਈ ਪਰ ਘੜੂੰਆਂ ਹੁਰਾਂ ਦਾ ਨਾਮ ਨਾ ਲੱਭਿਆ। ਆਖ਼ਰ ਪਤਾ ਲੱਗਾ ਕਿ ਘੜੂੰਆਂ ਕੇਂਦਰੀ ਲੇਖਕ ਸਭਾ ਦੇ ਵੋਟਰ ਹਨ ਨਾ ਕਿ ਪੰਜਾਬੀ ਸਾਹਿਤ ਅਕਾਦਮੀ ਦੇ। ਇਹ ਗਿੱਲ ਹੁਰਾਂ ਪ੍ਰਤੀ ਸਤਿਕਾਰ ਹੀ ਸੀ, ਜਿਹੜਾ ਸਾਬਕਾ ਮੰਤਰੀ ਵੀ ਉਨ੍ਹਾਂ ਦੀ ਸਪੋਰਟ ਲਈ ਪਹੁੰਚ ਗਏ। ਗਿੱਲ ਹੁਰਾਂ ਦੀ ਪ੍ਰੇਰਣਾ ਨਾਲ ਹੀ ਹਰਨੇਕ ਸਿੰਘ ਘੜੂੰਆਂ ਨੇ ਆਪਣੀ ਪਾਕਿਸਤਾਨ ਫੇਰੀ ਨੂੰ ਕਿਤਾਬੀ ਰੂਪ ਦਿੰਦਿਆਂ ਪੁਸਤਕ ‘ਉੱਠ ਚੱਲੇ ਗਵਾਂਢੋਂ ਯਾਰ’ ਲਿਖੀ।
ਗੁਰਭਜਨ ਗਿੱਲ ਬਹੁਤ ਸੰਵੇਦਨਸ਼ੀਲ ਹੈ, ਜੋ ਜਲਦੀ ਹੀ ਭਾਵੁਕ ਹੋ ਜਾਂਦੇ ਹਨ। ਫ਼ੋਨ ਉਪਰ ਹੀ ਕਿਸੇ ਮਨਹੂਸ ਖ਼ਬਰ ਨੂੰ ਸੁਣਦਿਆਂ ਉਹ ਛੇਤੀ ਡੋਲ ਵੀ ਜਾਂਦਾ ਹੈ। ਕਈ ਵਾਰ ਉਨ੍ਹਾਂ ਦੇ ਇਸ ਸੁਭਾਅ ਦਾ ਨੇੜਲੇ ਮਿੱਤਰ-ਦੋਸਤ ਫ਼ਾਇਦਾ ਉਠਾਉਂਦੇ ਹੋਏ ਟਿੱਚਰ ਵੀ ਕਰ ਲੈਂਦੇ ਹਨ। ਕਲਾਕਾਰ ਤੋਂ ਸਿਆਸਤ ਵਿੱਚ ਆਏ ਇਕ ਰਾਜਸੀ ਪਾਰਟੀ ਦੇ ਆਗੂ ਨੇ ਇਕੇਰਾਂ ਗੁਰਭਜਨ ਗਿੱਲ ਨੂੰ ਫ਼ੋਨ ਕਰਕੇ ਗੰਭੀਰ ਹੁੰਦਿਆਂ ਦੱਸਿਆ ਕਿ ਉਸ ਦੇ ਸੱਟ ਲੱਗਣ ਕਾਰਨ ਲੱਤ ਕੱਟਣੀ ਪੈ ਰਹੀ ਹੈ। ਅੱਗਿਉਂ ਗੁਰਭਜਨ ਗਿੱਲ ਦਾ ਗੱਲ ਸੁਣਦੇ ਹੀ ਬੁਰਾ ਹਾਲ ਹੋ ਗਿਆ। ਉਹ ਸਾਹਮਣੇ ਵਾਲਾ ਦਾ ਦੁੱਖ ਵੰਡਾਉਂਦਿਆਂ ਉਸ ਨੂੰ ਢਾਰਸ ਦਿੰਦੇ-ਦਿੰਦੇ ਖ਼ੁਦ ਹੀ ਸੁੰਨ ਹੋ ਗਏ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਹੋਰ ਜ਼ਿਆਦਾ ਮੰਦਾ ਹਾਲ ਹੁੰਦਾ, ਅੱਗਿਓਂ ਮਸਕਰੇ ਸੁਭਾਅ ਵਾਲੇ ਸਿਆਸਤਦਾਨ ਨੇ ਦੰਦ ਕੱਢਦਿਆਂ ਸਾਰੀ ਗੱਲ ਨੂੰ ਮਜ਼ਾਕ ਦੱਸਿਆ। ਉਤੋਂ ਗੁਰਭਜਨ ਗਿੱਲ ਨੇ ਗਾਲ੍ਹਾਂ ਦੀ ਬੁਛਾੜ ਕਰ ਦਿੱਤੀ।

PunjabKesari
ਗੁਰਭਜਨ ਗਿੱਲ ਵੀ ਬਾਪੂ ਜੱਸੋਵਾਲ ਵਾਂਗ ਸਾਹਿਤ ਤੇ ਸੱਭਿਆਚਾਰ ਵਿਚਾਲੇ ਉਹ ਕੜੀ ਹੈ, ਜਿਹੜੀ ਦੋਵਾਂ ਨੂੰ ਜੋੜ ਕੇ ਰੱਖਦੀ ਹੈ। ਉਨ੍ਹਾਂ ਕਈ ਗਾਇਕਾਂ ਦੀ ਸਰਪ੍ਰਸਤੀ ਕਰਦਿਆਂ ਉਨ੍ਹਾਂ ਨੂੰ ਸਹੀ ਰਾਹ ’ਤੇ ਪਾਇਆ। ਉਨ੍ਹਾਂ ਹੁਣ ਤੱਕ 30-35 ਗੀਤ ਵੀ ਲਿਖੇ, ਜਿਹੜੇ ਨਾਮੀ ਗਾਇਕਾਂ ਨੇ ਸੁਰਬੱਧ ਕੀਤੇ। ਇਨ੍ਹਾਂ ਵਿੱਚ ’70 ਦੇ ਦਹਾਕੇ ਦੇ ਸਦਾ-ਬਹਾਰ ਗਾਇਕਾਂ ਤੋਂ ਲੈ ਕੇ ਅੱਜ ਦੀ ਪੀੜ੍ਹੀ ਦਾ ਚੋਟੀ ਦੇ ਗਾਇਕ ਸ਼ਾਮਲ ਹਨ, ਜਿਨ੍ਹਾਂ ਵਿੱਚ ਸੁਰਿੰਦਰ ਛਿੰਦਾ, ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਕੁਲਦੀਪ ਪਾਰਸ, ਲਾਭ ਜੰਜੂਆ, ਹਰਭਜਨ ਮਾਨ, ਜਸਬੀਰ ਜੱਸੀ, ਸਾਬਰ ਕੋਟੀ, ਰਾਜ ਕਾਕੜਾ, ਕੇਸਰ ਸਿੰਘ ਨਰੂਲਾ, ਹਰਦਿਆਲ ਪਰਵਾਨਾ, ਸੁਰਜੀਤ ਮਾਧੋਪੁਰੀ, ਵਿਜੇ ਯਮਲਾ ਜੱਟ, ਜਸਦੇਵ ਯਮਲਾ ਜੱਟ, ਡਾ. ਸੁਖਨੈਨ, ਅਕਬਰ ਅਲੀ, ਸ਼ੀਰਾ ਜਸਵੀਰ, ਹਰਿੰਦਰ ਸੋਹਲ, ਰਣਜੀਤ ਬਾਵਾ ਆਦਿ ਸ਼ਾਮਲ ਹਨ। 
ਹੰਸ ਵੱਲੋਂ ਗਾਇਆ ‘ਇਹ ਰਣ ਹੈ ਪੌਣ ਸਵਾਰਾਂ ਦਾ’, ਨਰਿੰਦਰ ਬੀਬਾ ਦਾ ‘ਜੁਗ ਜੁਗ ਜੀ ਭਾਬੋ’, ਜਗਮੋਹਨ ਕੌਰ ਦਾ ‘ਵੇ ਤੇਰੇ ਨਾਨਕੇ ਮੈਂ ਤੀਆਂ ਵੇਖਣ ਜਾਣਾ’, ਅਮਰਜੀਤ ਗੁਰਦਾਸਪੁਰੀ ਦਾ ‘ਸਾਨੂੰ ਮੋੜ ਦਿਉ ਰੰਗਲਾ ਪੰਜਾਬ, ਅਸÄ ਨੀ ਕੁਝ ਹੋਰ ਮੰਗਦੇ’, ਹਰਭਜਨ ਮਾਨ ਦਾ ‘ਚੁੱਪ ਵਾਲੀ ਮਾਰ’, ਸ਼ੀਰਾ ਜਸਵੀਰ ਦਾ ‘ਅਨੰਦਪੁਰ ਸਾਹਿਬ ਇਕ ਸ਼ਹਿਰ ਨਹੀਂ, ਇਕ ਹੈ ਵਿਸ਼ਵਾਸ ਦਾ ਨਾਮ’ ਬਹੁਤ ਮਕਬੂਲ ਹੋਏ ਹਨ। ਮਾਦਾ ਭਰੂਣ ਹੱਤਿਆ ’ਤੇ ਚੋਟ ਕਰਦੇ ਗੀਤ ‘ਲੋਰੀ’ ਨੂੰ ਤਾਂ ਵੀਹ ਤੋਂ ਵੱਧ ਗਾਇਕਾਂ ਨੇ ਆਵਾਜ਼ ਦਿੱਤੀ ਹੈ। ‘ਲੋਰੀ’ ਗੀਤ ਨੂੰ ਗਾਉਣ ਵਾਲੇ ਜਸਬੀਰ ਜੱਸੀ ਤੇ ਰਣਜੀਤ ਬਾਵਾ ਦੋਵੇਂ ਇਸ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਗੀਤ ਮੰਨਦੇ ਹਨ। ਹੁਣ ਅਮਰ ਨੂਰੀ ਇਸ ਗੀਤ ਨੂੰ ਰਿਕਾਰਡ ਕਰਨ ਜਾ ਰਹੀ ਹੈ।
ਗੁਰਭਜਨ ਗਿੱਲ ਦਾ ਦਾਇਰਾ ਪੰਜਾਬ ਤੋਂ ਬਾਹਰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਫੈਲਿਆ ਹੋਇਆ ਹੈ। ਮਹਾਰਾਸ਼ਟਰ ਵਿਖੇ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਹੋਏ ਵਿਸ਼ਵ ਸੰਮੇਲਨ ਅਤੇ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ਬਾਰਾਂ ਪੁਸਤਕਾਂ ਛਾਪਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਸਰੀ (ਕੈਨੇਡਾ) ਵਿਖੇ ਸੁੱਖੀ ਬਾਠ ਵੱਲੋਂ ਬਣਾਏ ਪੰਜਾਬ ਭਵਨ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਸਲਾਹ ਪ੍ਰਮੁੱਖ ਸੀ ਅਤੇ ਫੇਰ ਇਸ ਭਵਨ ਵਿੱਚ ਚੋਟੀ ਦੇ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਤ ਕਰਨ ਵਿੱਚ ਅਹਿਮ ਰੋਲ ਨਿਭਾਇਆ। ਉਹ ਹੁਣ ਤੱਕ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰੇ ਕਰ ਚੁੱਕੇ ਹਨ। ਵੱਖ-ਵੱਖ ਟੀ.ਵੀ. ਚੈਨਲਾਂ ਉਪਰ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੁੜੇ ਹਰ ਸਾਹਿਤਕ, ਸਮਾਜਿਕ, ਸੱਭਿਆਚਾਰਕ ਮੁੱਦੇ ਉਪਰ ਹੁੰਦੀਆਂ ਬਹਿਸਾਂ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਂਦਾ ਹੈ। ਵੱਖ-ਵੱਖ ਥਾਈਂ ਹੁੰਦੇ ਸੈਮੀਨਾਰਾਂ, ਗੋਸ਼ਟੀਆਂ, ਸੰਮਲੇਨਾਂ ਅਤੇ ਵਿਚਾਰ-ਚਰਚਾਵਾਂ ਦੀ ਗੱਲ ਕਰੀਏ ਤਾਂ ਗੁਰਭਜਨ ਗਿੱਲ ਵੱਲੋਂ ਦਿੱਤੇ ਗਏ ਭਾਸ਼ਣਾਂ ਦੀ ਵੱਡੀ ਗਿਣਤੀ ਹੈ। 
ਗੁਰਭਜਨ ਗਿੱਲ ਪੰਜਾਬੀ ਸਾਹਿਤ, ਸੱਭਿਆਚਾਰ ਦਾ ਉਹ ਸਰਵਣ ਪੁੱਤ ਹੈ ਜਿਸ ਨੇ ਹਰ ਪੜਾਅ, ਮੁਹਾਜ਼ ਅਤੇ ਥਾਂ ’ਤੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਪੰਜਾਬੀ ਰਹਿਣੀ-ਸਹਿਣੀ ਅਤੇ ਪੰਜਾਬ ਦੀਆਂ ਖੇਡਾਂ ਦਾ ਝੰਡਾ ਬੁਲੰਦ ਕੀਤਾ ਹੈ। ‘ਧਰਤੀ ਨਾਦ’ ਪੁਸਤਕ ਦੇ ਮੁੱਖ ਬੰਦ ਵਿੱਚ ਪ੍ਰੋ. ਜਸਵੰਤ ਜ਼ਫ਼ਰ ਲਿਖਦਾ ਹੈ, ‘‘ਪੜ੍ਹਨ ਦੇ ਨਾਲ-ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਨਣਾ, ਜਾਣੇ ਜਾਣਾ ਅਤੇ ਜਾਣਦਿਆਂ ਨਾਲ ਜੁੜਨਾ ਉਨ੍ਹਾਂ ਦਾ ਸ਼ੌਕ ਅਤੇ ਸੁਭਾਅ ਹੈ। ਉਹ ਲੁਧਿਆਣੇ ਤੋਂ ਕਿਸੇ ਵੀ ਰੂਟ ਦੀ ਬੱਸ ਵਿਚ ਜਾਂ ਕਿਸੇ ਵੀ ਗੱਡੀ ਦੇ ਡੱਬੇ ਵਿਚ ਬੈਠ ਜਾਣ, ਜਾਣੂੰ ਸਵਾਰੀਆਂ ਮਿਲ ਹੀ ਜਾਂਦੀਆਂ ਹਨ। ਉਹ ਕਿਸੇ ਗ਼ਰੀਬੜੇ ਜਿਹੇ ਕਿਰਤੀ ਤੋਂ ਲੈ ਕੇ ਉੱਚੇ ਤੋਂ ਉੱਚੇ ਮੁਕਾਮ ਵਾਲੇ ਕਿਸੇ ਅਮੀਰ ਵਜ਼ੀਰ ਨਾਲ ਇੱਕੋ ਜਿੰਨੀ ਸੌਖ ਅਤੇ ਅਪਣੱਤ ਨਾਲ ਗੱਲਬਾਤ ਕਰ ਲੈਂਦੇ ਹਨ। ਸਾਂਝ, ਸੰਵਾਦ ਜਾਂ ਸੰਗਤ ਕਰਨ ਵੇਲੇ ਅਗਲੇ ਦਾ ਛੋਟਾ-ਵੱਡਾ ਹੋਣਾ ਅੜਿੱਕਾ ਨਹੀਂ ਬਣਦਾ। ਇੰਝ ਉਨ੍ਹਾਂ ਨੇ ਆਪਣੀ ਅਕਾਦਮਿਕ ਮੁਸ਼ੱਕਤ ਅਤੇ ਮਿਲਣਸਾਰਤਾ ਦੇ ਸੰਯੋਗ ਨਾਲ ਆਪਣੇ ਭਾਸ਼ਾਈ ਭੰਡਾਰ ਜਾਂ ਭਾਸ਼ਾਈ ਯੋਗਤਾ ਨੂੰ ਭਰਪੂਰ ਕੀਤਾ ਹੈ। ਉਨ੍ਹਾਂ ਦਾ ਚਿੱਤ ਅਤੇ ਚੇਤਨਾ ਭਾਸ਼ਾਈ ਸਮਰੱਥਾ ਨਾਲ ਮਾਲਾਮਾਲ ਹਨ। ਇਸ ਸਮਰੱਥਾ ਕਾਰਨ ਉਨ੍ਹਾਂ ਨੂੰ ਆਪਣੇ ਕਿਸੇ ਵਿਚਾਰ, ਅਨੁਭਵ ਜਾਂ ਟਿੱਪਣੀ ਨੂੰ ਕਵਿਆਉਣ ਵਿਚ ਬਹੁਤ ਸੌਖਿਆਈ ਰਹਿੰਦੀ ਹੈ। ਭਾਸ਼ਾ ਵੱਲੋਂ ਖੁੱਲ੍ਹਾ ਹੱਥ ਉਨ੍ਹਾਂ ਨੂੰ ਕਵਿਤਾਕਾਰੀ ਲਈ ਪ੍ਰੇਰਤ ਜਾਂ ਰਵਾਂ ਕਰੀ ਰੱਖਦਾ ਹੈ। ਦੂਜੇ ਸ਼ਬਦਾਂ ਵਿੱਚ ਉਨ੍ਹਾਂ ਵੱਲੋਂ ਗ੍ਰਹਿਣ ਕੀਤੀ ਭਾਸ਼ਾਈ ਸਮਰੱਥਾ ਉਨ੍ਹਾਂ ਉਤੇ ਕਵਿਤਾ ਲਿਖਣ ਲਈ ਅਜਿਹਾ ਦਬਾਅ ਬਣਾ ਕੇ ਰੱਖਦੀ ਹੈ ਕਿ ਵੰਨ-ਸੁਵੰਨੇ ਵਿਸ਼ਿਆਂ, ਹਾਲਤਾਂ, ਵਿਚਾਰਾਂ ਅਤੇ ਭਾਵਾਂ ਨੂੰ ਕਵਿਆਉਣ ਲਈ ਉਨ੍ਹਾਂ ਦਾ ਚਾਅ ਅਤੇ ਉਤਸ਼ਾਹ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਰਚਨਾਕਾਰੀ ਦੀ ਨਿਰੰਤਰਤਾ ਅਤੇ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੇ ਸ਼ੌਕ ਕਾਰਨ ਵਰਤਮਾਨ ਸਮੇਂ ਵਿਚ ਉਹ ਪੰਜਾਬੀ ਦੇ ਸਭ ਤੋਂ ਸਰਗਰਮ ਕਵੀ ਹੋ ਨਿਬੜੇ ਹਨ।’’
ਗੁਰਭਜਨ ਗਿੱਲ ਦਾ ਕਾਵਿ ਬਿਆਨ ਸੰਕੋਚਵਾਂ ਜਾਂ ਸੰਜਮੀ ਹੋਣ ਦੀ ਬਜਾਏ ਖੁੱਲ੍ਹੇ-ਖਲਾਸੇ ਬਿਆਨ ਵਾਲਾ ਹੁੰਦਾ ਹੈ। ਆਕਾਰ ਪੱਖੋਂ ਭਾਵੇਂ ਉਨ੍ਹਾਂ ਲਘੂ ਕਵਿਤਾਵਾਂ ਦੀ ਵੀ ਰਚਨਾ ਕੀਤੀ ਹੈ ਪਰ ਉਨ੍ਹਾਂ ਦੀ ਤਸੱਲੀ ਵਿਸਥਾਰ ਵਾਲੀਆਂ ਕਵਿਤਾਵਾਂ ਲਿਖ ਕੇ ਹੀ ਹੁੰਦੀ ਜਾਪਦੀ ਹੈ। ਉਹ ਆਪਣੀ ਕਵਿਤਾ ‘ਆਵਾਜ਼ ਦਿਓ’ ਵਿੱਚ ਕਹਿੰਦੇ ਹਨ:
ਕਬਰਾਂ ਵਿਚ ਪਏ ਮੁਰਦਾ ਸਰੀਰੋ!
ਆਵਾਜ਼ ਦਿਓ।
ਘਰਾਂ ’ਚ ਟੀ.ਵੀ. ਦੇਖਦੇ ਮਿਹਰਬਾਨ ਵੀਰੋ!
ਚੁੱਪ ਨਾ ਬੈਠੋ! ਆਵਾਜ਼ ਦਿਓ।
ਨੌਕਰੀ ਕਰਦੀਓ ਮੇਜ਼ ਕੁਰਸੀਓ!
ਕੁਝ ਤਾਂ ਕਹੋ।
ਜਬਰ ਝੱਲਣ ਨੂੰ ਸਬਰ ਨਾ ਕਹੋ!
ਦੂਰ ਦੇਸ਼ ਚਲਦੇ ਪਟਾਕੇ,
ਜੋ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ
ਤਾਂ ਕੱਲ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ। 
(ਆਵਾਜ਼ ਦਿਓ)

ਪ੍ਰੋ. ਗੁਰਭਜਨ ਗਿੱਲ ਪੰਜਾਬ ਦੇ ਉਸ ਮਾਣਮੱਤੇ ਸਮੇਂ ਨੂੰ ਯਾਦ ਕਰਦਿਆਂ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜਾਂਦਾ ਹੈ, ਜਦੋਂ ਲੋਕਾਂ ਦੇ ਮਨਾਂ ਵਿੱਚ ਸੰਜਮ ਤੇ ਠਹਿਰਾਅ ਹੁੰਦਾ ਸੀ ਅਤੇ ਸਮੂਹ ਭਾਈਚਾਰਿਆਂ ਦੇ ਲੋਕ ਆਪਸ ਵਿੱਚ ਮੋਹ-ਪਿਆਰ ਦੀਆਂ ਤੰਦਾਂ ਵਿੱਚ ਬੱਝ ਕੇ ਰਹਿੰਦੇ ਸਨ। ਕੁਦਰਤ ਵੀ ਆਪਣੇ ਆਪ ਨੂੰ ਕਈ ਰੰਗਾਂ ਵਿੱਚ ਰੂਪਮਾਨ ਕਰਦੀ ਹੋਈ ਫੁੱਲ-ਬੂਟਿਆਂ ਅਤੇ ਜੀਵ-ਜੰਤੂਆਂ ਤੇ ਇਨਸਾਨਾਂ ਦਰਮਿਆਨ ਇਕਸੁਰਤਾ ਬਣਾ ਕੇ ਚਲਦੀ ਸੀ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਦਾ ਕੇਂਦਰ ਬਿੰਦੂ ਆਪਣੇ ਸਮੁੱਚੇ ਪ੍ਰਗਟਾਵਿਆਂ ਦੀਆਂ ਲਿਸ਼ਕੋਰਾਂ ਬਿਖੇਰਦਾ ਸੁਹੱਪਣ ਰਿਹਾ ਹੈ। ਉਨ੍ਹਾਂ ਲਈ ਬੱਚੇ, ਪੰਛੀ, ਫੁੱਲ ਅਤੇ ਤਾਰੇ ਅਜਿਹੇ ਸੂਚਕ ਸਨ, ਜੋ ਸਮੁੱਚੇ ਬ੍ਰਹਿਮੰਡ ਦੀ ਇਕਸੁਰਤਾ ਦੀ ਸ਼ਾਹਦੀ ਭਰਦੇ ਸਨ। ਉਹ ਨਾ ਤਾਂ ਸਿਰਫ਼ ਇਕ ਸੁਪਨਸਾਜ਼ ਹੈ ਅਤੇ ਨਾ ਹੀ ਹਮੇਸ਼ਾ ਧੁੰਦਲਕਿਆਂ ਵਿੱਚ ਵਿਚਰਦਾ ਹੈ। ਉਹ ਜ਼ਿੰਦਗੀ ਦੇ ਹਰ ਪਹਿਲੂ ਨੂੰ ਠੋਸ ਆਧਾਰ ਉੱਤੇ ਚਿਤਵਦਾ ਹੈ। ਉਸ ਲਈ ਸੋਕਾ ਹੰਢਾਉਣ ਪਿੱਛੋਂ ਮੀਂਹ ਦੀਆਂ ਫੁਹਾਰਾਂ ਨਾਲ ਸਰਸ਼ਾਰ ਹੋਈ ਗਿੱਲੀ ਮਿੱਟੀ ਦੀ ਮਹਿਕ ਅਤੇ ਹਵਾ ਦਾ ਸੁਮੇਲ ਉਸ ਨੂੰ ਕਿਸੇ ਵੱਖਰੇ ਹੀ ਸੰਸਾਰ ਵਿੱਚ ਖਿੱਚ ਲੈ ਜਾਂਦਾ ਹੈ।
ਗੁਰਭਜਨ ਗਿੱਲ ਦੇ ਸਾਹਾਂ ਵਿੱਚ ਵਸਦੀ ਪੰਜ ਦਰਿਆਵਾਂ ਦੀ ਧਰਤੀ ਨੂੰ ਸਮੇਂ ਦੀ ਵਗੀ ਕਾਲੀ ਹਨੇਰੀ ਦੌਰਾਨ ਜਿਨ੍ਹਾਂ ਝੱਖੜਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਵਰਤਾਰਿਆਂ ਨੇ ਉਸ ਦੀ ਮਾਨਸਿਕਤਾ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ। ਬਦਲੇ ਹੋਏ ਹਾਲਾਤ ਨਾਲ ਉਹ ਹਾਲੇ ਤੱਕ ਸਮਝੌਤਾ ਨਹੀਂ ਕਰ ਸਕਿਆ। ਕਤਲੋਗ਼ਾਰਤ ਦੀ ਆਗ਼ੋਸ਼ ਵਿੱਚ ਜਾ ਪਈਆਂ ਮਾਸੂਮ ਜਿੰਦਾਂ ਦੀ ਯਾਦ ਅਜੇ ਵੀ ਉਸ ਦੇ ਮਨ ਨੂੰ ਤੜਫਾ ਜਾਂਦੀ ਹੈ। ਉਸ ਕਾਲੇ ਦੌਰ ਨੇ ਜ਼ਿੰਦਗੀ ਨੂੰ ਇਕ ਅਜਿਹਾ ਭੈੜਾ ਸੁਪਨਾ ਬਣਾ ਦਿੱਤਾ ਸੀ ਜਿਸ ਨੇ ਆਮ ਆਦਮੀ ਦਾ ਸੁੱਖ ਅਤੇ ਮਨ ਦਾ ਚੈਨ ਖੋਹ ਲਿਆ ਸੀ। ਬੀਤੇ ਜ਼ਮਾਨੇ ਦੀਆਂ ਸ਼ਾਨਾਮੱਤੀਆਂ ਗੱਲਾਂ ਅਲੋਪ ਹੋਣ ਦੀ ਤੜਫ ਵੀ ਉਸ ਦੀਆਂ ਰਚਨਾਵਾਂ ’ਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਪੂਰਨ ਤੌਰ ’ਤੇ ਪੰਜਾਬੀਅਤ ਦੇ ਰੰਗ ਵਿੱਚ ਲਬਰੇਜ਼ ਹੈ। ਉਸ ਲਈ ਪੰਜ ਦਰਿਆਵਾਂ ਦੀ ਇਹ ਧਰਤੀ ਇਕ ਅਜਿਹਾ ਸੰਸਾਰ ਹੈ, ਜੋ ਇਨਸਾਨੀ ਕਦਰਾਂ-ਕੀਮਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੰਦਾ ਹੈ। ਉਸ ਦਾ ਸਭ ਤੋਂ ਵੱਡਾ ਸਰੋਕਾਰ ਬਿਨਾਂ ਧਰਮ ਅਤੇ ਜਾਤ-ਪਾਤ ਦੇ ਵਖਰੇਵੇਂ ਤੋਂ ਇਨਸਾਨੀਅਤ ਨਾਲ ਪਿਆਰ ਹੈ। ਪੰਜਾਬੀ ਵਿਰਸੇ ਨੂੰ ਉਹ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੁਹੱਬਤ ਕਰਦਾ ਹੈ ਅਤੇ ਇਸੇ ਨੂੰ ਮੁਜੱਸਮਾ ਮੰਨਦੇ ਹੋਏ ਆਪਸੀ ਸਮਝ, ਦਿਆਨਤਦਾਰੀ, ਪ੍ਰੇਮ-ਪਿਆਰ ਅਤੇ ਸਾਂਝ ਦਾ ਢਾਂਚਾ ਉਸਾਰਨਾ ਲੋਚਦਾ ਹੈ। ਪੰਜਾਬੀ ਸੂਫ਼ੀ ਕਾਵਿ ਅਤੇ ਗੁਰਬਾਣੀ ਦੀ ਖ਼ੁਦਾਈ ਸ਼ਾਨ ਨੇ ਉਸ ਲਈ ਸੋਚ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ। ਇਸੇ ਦੇ ਨਾਲ ਹੀ ਅਜੋਕੇ ਸਮਿਆਂ ਵਿੱਚ ਭਵਿੱਖ ਬਾਰੇ ਸੋਚਦੀ ਦੁਰਾਹੇ ਉੱਤੇ ਖੜ੍ਹੀ ਇਨਸਾਨੀਅਤ ਅਤੇ ਦੱਬੇ ਤੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਰਗੇ ਵਿਸ਼ੇ ਵੀ ਉਸ ਦੇ ਮਨ ਨੂੰ ਟੁੰਬਦੇ ਹਨ। 
ਉਹ ਇਕ ਬੇਹੱਦ ਊਰਜਾਵਾਨ ਲਿਖਾਰੀ ਹੈ ਅਤੇ ਬੀਤੇ ਦੋ ਦਹਾਕਿਆਂ ਦੌਰਾਨ ਅਨੇਕਾਂ ਹੀ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਦੇ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ। ਪੰਜਾਬੀ ਲੋਕ ਵਿਰਸੇ ਦੇ ਰੰਗ ਵਿੱਚ ਰੰਗਿਆ ਇਹ ਮਹਾਨ ਲਿਖਾਰੀ ਇਨ੍ਹਾਂ ਲੋਕ ਰੰਗਾਂ ਨੂੰ ਆਪਣੀਆਂ ਸਾਹਿਤਕ ਤੇ ਕਾਵਿ-ਰਚਨਾਵਾਂ ਦਾ ਵਿਸ਼ਾ ਬਣਾਉਂਦਾ ਹੈ। ਪਰ, ਇਸ ਸਭ ਦੇ ਨਾਲ ਹੀ ਇਹ ਲਿਖਾਰੀ ਇਨਸਾਨੀ ਹੋਂਦ ਦੇ ਤੇਜ਼ੀ ਨਾਲ ਬਦਲਦੇ ਢੰਗ-ਤਰੀਕਿਆਂ ਤੋਂ ਵੀ ਬੇਖ਼ਬਰ ਨਹੀਂ ਹੈ। ਉਹ ਆਪਣੀ ਜਨਮ ਭੂਮੀ ਦੀ ਪੁਰਾਣੀ ਸ਼ਾਨਦਾਰ ਤਸਵੀਰ ਨੂੰ ਬਹਾਲ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਮਾਣ ਨਾਲ ਆਪਣਾ ਸਿਰ ਉੱਚਾ ਕਰ ਸਕੇ। ਸਮਾਂ ਬੀਤਣ ਦੇ ਨਾਲ ਉਹ ਕੁੱਝ ਗ਼ਲਤ ਧਾਰਨਾਵਾਂ ਤੋਂ ਬਚਦਾ ਹੋਇਆ ਖਰੂਦੀ ਤੱਤਾਂ ਦੀ ਪਛਾਣ ਕਰਨ ਵਿੱਚ ਸਫ਼ਲ ਰਿਹਾ ਹੈ। ਉਹ ਅਮਨ ਅਤੇ ਸ਼ਾਂਤੀ ਦੀ ਦੁਹਾਈ ਪਾਉਂਦਾ ਹੈ ਪਰ ਸਵੈ-ਮਾਣ ਦੀ ਕੀਮਤ ਉੱਤੇ ਨਹੀਂ। ਹਾਲ ਵਿੱਚ ਉਨ੍ਹਾਂ ਲਾਹੌਰ ਵਿਖੇ ਵਿਸ਼ਵ ਅਮਨ ਕਾਨਫ਼ਰੰਸ ਵਿੱਚ ਹਿੱਸਾ ਲਿਆ।
ਗੁਰਭਜਨ ਗਿੱਲ ਦੀ ਸਰਪ੍ਰਸਤੀ, ਸਲਾਹਕਾਰੀ ਤੇ ਸੁਹਿਰਦ ਸੇਧ ਸਦਕਾ ਕਈ ਕਲਾਕਾਰਾਂ ਨੇ ਕਲਾ ਦੇ ਖੇਤਰ ਵਿੱਚ ਦਾਖ਼ਲਾ ਲਿਆ ਅਤੇ ਅੱਜ ਉਹ ਇਸ ਖੇਤਰ ਦੀ ਬੁਲੰਦੀ ’ਤੇ ਪਹੁੰਚੇ ਹੋਏ ਹਨ। ਇਨ੍ਹਾਂ ਵਿੱਚੋਂ ਪੰਜਾਬੀ ਦੀ ਸਭ ਤੋਂ ਮਕਬੂਲ ਕਾਮੇਡੀ ਜੋੜੀ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਪ੍ਰਮੁੱਖ ਹਨ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭੱਲਾ ਤੇ ਬਾਲਾ ਦੀ ਜੁਗਲਬੰਦੀ ਨਾਲ ਲਬਰੇਜ਼ ਹਰ ਸਾਲ ਜਿਹੜੀ ਛਣਕਾਟਾ ਕੈਸੇਟ ਨੇ ਛਣਕਾਟੇ ਪਾਏ, ਉਸ ਦਾ ਨਾਮ ਗੁਰਭਜਨ ਗਿੱਲ ਨੇ ਹੀ ਰੱਖਿਆ ਸੀ। ਜਸਵਿੰਦਰ ਭੱਲਾ ਦੋਰਾਹੇ ਦਾ ਰਹਿਣ ਵਾਲਾ ਸੀ ਅਤੇ ਪ੍ਰੋ. ਗੁਰਭਜਨ ਗਿੱਲ ਨੇ ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਵੀ ਪੜ੍ਹਾਇਆ ਹੈ, ਜਿੱਥੇ ਭੱਲੇ ਦੀ ਵੱਡੀ ਭੈਣ ਉਨ੍ਹਾਂ ਦੀ ਵਿਦਿਆਰਥਣ ਸੀ। ਭੱਲੇ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਅਕਸਰ ਗੁਰਭਜਨ ਗਿੱਲ ਨੂੰ ਕਹਿੰਦੇ ਹੁੰਦੇ ਸਨ ਕਿ ਸਾਡਾ ਜਸਵਿੰਦਰ ਵੀ ਗਾਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਗੁਰਭਜਨ ਗਿੱਲ ਦੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦਾ ਰਹਿਣ ਵਾਲਾ ਬਲਵਿੰਦਰ ਸਿੰਘ, ਜਸਵਿੰਦਰ ਭੱਲਾ ਦੇ ਘਰ ਕਿਰਾਏ ਉਤੇ ਰਹਿੰਦਾ ਸੀ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਇਕ ਹੋਰ ਸ਼ਖ਼ਸ ਕਸ਼ਮੀਰਾ ਸਿੰਘ ਦੋਰਾਹਾ ਪੁਲਿਸ ਚੌਕੀ ਵਿੱਚ ਮੁਨਸ਼ੀ ਲੱਗਾ ਸੀ। ਤਿੰਨੇ ਗੁਰਦਾਸਪੁਰੀਏ ਸ਼ਾਮ ਨੂੰ ਮਹਿਫ਼ਲ ਲਾਉਂਦੇ। ਇਕ ਵਾਰ ਤਿੰਨਾਂ ਨੇ ਜਸਵਿੰਦਰ ਭੱਲੇ ਦਾ ਗਾਣਾ ਸੁਣਿਆ, ਜਿਹੜਾ ਉਸ ਨੇ ਡਾਲਡੇ ਦੇ ਡੱਬੇ ਨੂੰ ਢੋਲਕੀ ਬਣਾ ਕੇ ਗਾਇਆ। ਗੀਤ ਦੇ ਬੋਲ ਸਨ ‘ਮੁੱਕ ਗੀ, ’ਫ਼ੀਮ ਡੱਬੀ ’ਚੋਂ ਯਾਰੋ’। ਕਸ਼ਮੀਰਾ ਸਿੰਘ ਨੇ ਜਸਵਿੰਦਰ ਭੱਲਾ ਨੂੰ 10 ਰੁਪਏ ਇਨਾਮ ਵਜੋਂ ਦਿੱਤੇ, ਜੋ ਉਸ ਦਾ ਜ਼ਿੰਦਗੀ ਭਰ ਦਾ ਪਹਿਲਾ ਇਨਾਮ ਸੀ। ਇਸ ਤੋਂ ਬਾਅਦ ਜਦੋਂ ਗੁਰਭਜਨ ਗਿੱਲ ਜਗਰਾਉਂ ਕਾਲਜ ਵਿਖੇ ਪੜ੍ਹਾਉਣ ਲੱਗਾ ਤਾਂ ਉਥੇ ਜਸਵਿੰਦਰ ਭੱਲੇ ਦੀ ਭੂਆ ਵਿਆਹੀ ਹੋਣ ਕਾਰਨ ਫੇਰ ਵਾਹ ਪੈਂਦਾ ਰਿਹਾ। 
ਜਦੋਂ ਗੁਰਭਜਨ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਨੌਕਰੀ ਕਰਨ ਲੱਗਾ ਤਾਂ ਉਸ ਵੇਲੇ ਜਸਵਿੰਦਰ ਭੱਲਾ ਉਥੇ ਐਮ.ਐਸ.ਸੀ. ਦਾ ਵਿਦਿਆਰਥੀ ਸੀ। ਇੰਝ ਜਸਵਿੰਦਰ ਭੱਲੇ ਨੂੰ ਹਰ ਮੌਕੇ ਗੁਰਭਜਨ ਗਿੱਲ ਦੀ ਸਰਪ੍ਰਸਤੀ ਮਿਲੀ।  ਭੱਲਾ ਤੇ ਬਾਲਾ ਨੇ ਪਹਿਲੀ ਵਾਰ ਪ੍ਰੋੋ. ਮੋਹਨ ਸਿੰਘ ਮੇਲੇ ਦੌਰਾਨ ਆਪਣੇ ਭੰਡ ਦੀਆਂ ਸਕਿੱਟਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਾ, ਜਿੱਥੇ ਜੱਸੋਵਾਲ ਤੇ ਗੁਰਭਜਨ ਗਿੱਲ ਹੋਰਾਂ ਦੀ ਪਾਰਖੂ ਅੱਖ ਨੇ ਇਸ ਹਾਸਰਸ ਜੋੜੀ ਦਾ ਹੁਨਰ ਪਰਖਿਆ ਅਤੇ ਅੱਜ ਸਮਾਂ ਗਵਾਹ ਹੈ, ਇਸ ਜੋੜੀ ਨੇ ਕਿਵੇਂ ਨਾਮਣਾ ਖੱਟਿਆ। ਉਸ ਵੇਲੇ ਗੁਰਭਜਨ ਗਿੱਲ ਨੇ ਉਨ੍ਹਾਂ ਬਾਰੇ ਪੰਜਾਬੀ ਟਿ੍ਰਬਿਊਨ ਵਿੱਚ ਲੇਖ ‘ਖੁਰਦੇ ਸੱਭਿਆਚਾਰ ਦੇ ਰਾਖੇ’ ਸਿਰਲੇਖ ਹੇਠ ਲਿਖਿਆ। ਇਹ ਭੱਲਾ ਤੇ ਬਾਲੇ ਦੀ ਜੋੜੀ ਬਾਰੇ ਛਪਿਆ ਪਹਿਲਾ ਲੇਖ ਸੀ।
ਗੱਲ 1988 ਦੀ ਹੈ, ਜਦੋਂ ਗੁਰਭਜਨ ਗਿੱਲ ਨੇ ਭੱਲਾ ਤੇ ਬਾਲਾ ਨੂੰ ਆਪਣੇ ਭੰਡਾਂ ਦੀਆਂ ਸਕਿੱਟਾਂ ਅਤੇ ਚੁਟਕਲਿਆਂ ਨੂੰ ਰਿਕਾਰਡ ਕਰਕੇ ਕੈਸੇਟ ਦੇ ਰੂਪ ਵਿੱਚ ਰਿਲੀਜ਼ ਕਰਨ ਲਈ ਕਿਹਾ। ਇਸ ਕੈਸੇਟ ਦਾ ਨਾਮ ਉਨ੍ਹਾਂ ‘ਛਣਕਾਟਾ’ ਪੰਜਾਬੀ ਦੇ ਪ੍ਰਸਿੱਧ ਗੀਤ ‘ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ ਗਲੀ’ ਵਿੱਚੋਂ ਲਿਆ ਸੀ। ਇਹ ਕੈਸੇਟ 1988 ਵਿੱਚ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਰਿਲੀਜ਼ ਕੀਤੀ ਗਈ। ਐਚ.ਐਮ. ਸਿੰਘ ਵੱਲੋਂ ਰਿਕਾਰਡ ਕੀਤੀ ਇਸ ਕੈਸੇਟ ਦੀਆਂ ਇਕ ਹਜ਼ਾਰ ਕਾਪੀਆਂ ਤਿਆਰ ਕੀਤੀਆਂ ਗਈਆਂ ਅਤੇ ਕੀਮਤ ਪ੍ਰਤੀ ਕੈਸੇਟ 10 ਰੁਪਏ ਰੱਖੀ ਗਈ। ਪ੍ਰੋ. ਮੋਹਨ ਸਿੰਘ ਮੇਲੇ ਦੇ ਪਹਿਲੇ ਦਿਨ 300 ਦੇ ਕਰੀਬ ਅਤੇ ਦੂਜੇ ਦਿਨ 250 ਦੇ ਕਰੀਬ ਕੈਸੇਟ ਵਿਕੀ ਅਤੇ ਇਹ ਹਾਸਰਸ ਜੋੜੀ ਪੰਜਾਬੀ ਸਰੋਤਿਆਂ ਨੂੰ ਅਜਿਹੀ ਪਸੰਦ ਆਈ ਕਿ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਰ ਸਾਲ ਇਨ੍ਹਾਂ ਨੇ ਛਣਕਾਟੇ ਪਾਏ। ਵਿਚਕਾਰ ਤਾਂ ਇਕ ਦੋ ਵਾਰ ਇਕ ਸਾਲ ਵਿੱਚ ਦੋ ਵਾਰ ‘ਛਣਕਾਟਾ’ ਕੈਸੇਟ ਰਿਲੀਜ਼ ਕਰਨੀ ਪਈ। ਇਹ ਵੀ ਪ੍ਰੋ. ਗੁਰਭਜਨ ਗਿੱਲ ਦੀ ਹੀ ਸਲਾਹ ਸੀ ਕਿ ਕੈਸੇਟ ਦਾ ਟਾਈਟਲ ਦਾ ਨਾਂ ‘ਛਣਕਾਟਾ’ ਹੀ ਰੱਖਿਆ ਜਾਵੇ ਅਤੇ ਸਿਰਫ਼ ਸਾਲ ਹੀ ਬਦਲਿਆ ਜਾਵੇ।
ਗੁਰਭਜਨ ਗਿੱਲ ਦੀ ਪੰਮੀ ਬਾਈ ਨਾਲ ਸਾਂਝ ਉਸ ਦੇ ਪਿਤਾ ਵੇਲੇ ਤੋਂ ਹੈ। ਕਾਮਰੇਡ ਪ੍ਰਤਾਪ ਸਿੰਘ ਬਾਗ਼ੀ ਦਾ ਲੁਧਿਆਣਾ ਚੰਗਾ ਆਉਣਾ-ਜਾਣਾ ਸੀ। ਗੁਰਭਜਨ ਗਿੱਲ ਨੇ ਪਹਿਲੀ ਵਾਰ ਪੰਮੀ ਬਾਈ ਨੂੰ 1977-78 ਵਿੱਚ ਖੰਨਾ ਵਿੱਚ ਯੁਵਕ ਮੇਲੇ ਦੌਰਾਨ ਦੇਖਿਆ, ਜਿੱਥੇ ਉਹ ਲੱਤ ਟੁੱਟਣ ਕਾਰਨ ਫਹੁੜੀਆਂ ਦੇ ਸਹਾਰੇ ਨਾਲ ਆਇਆ ਸੀ। ਉਸ ਵੇਲੇ ਗੁਰਭਜਨ ਗਿੱਲ ਜੱਜਮੈਂਟ ਲਈ ਆਏ ਹੋਏ ਸਨ ਅਤੇ ਪੰਮੀ ਦੀ ਬੁਲੰਦ ਆਵਾਜ਼ ਸੁਣ ਕੇ ਉਸ ਦੇ ਵੱਡੇ ਕਲਾਕਾਰ ਬਣਨ ਦੀ ਪੇਸ਼ੀਨਗੋਈ ਕੀਤੀ। ਇਸ ਤੋਂ ਬਾਅਦ ਪੰਮੀ ਬਾਈ ਨੇ ਪ੍ਰੋ. ਮੋਹਨ ਸਿੰਘ ਮੇਲੇ ’ਤੇ ਬੋਲੀਆਂ ਪਾਈਆਂ ਅਤੇ ਫੇਰ ਗੁਰਭਜਨ ਗਿੱਲ ਦੀ ਪ੍ਰੇਰਣਾ ਨਾਲ ਪਹਿਲੀ ਕੈਸੇਟ ‘ਅਣਖੀ ਸ਼ੇਰ ਪੰਜਾਬ ਦੇ’ ਕੱਢੀ। ਇਸ ਦੌਰਾਨ ਸੁਰਿੰਦਰ ਛਿੰਦਾ, ਜੋ ਗੁਰਭਜਨ ਗਿੱਲ ਦਾ ਗੂੜ੍ਹਾ ਮਿੱਤਰ ਹੈ, ਨੂੰ ਪਹਿਲੀ ਵਾਰ ਗੁਰਭਜਨ ਗਿੱਲ ਨੇ ਸ਼ਮਸ਼ੇਰ ਸੰਧੂ ਤੇ ਬਾਬੂ ਸਿੰਘ ਮਾਨ ਨਾਲ ਰੱਖਬਾਗ਼ ਸਟੇਡੀਅਮ (ਮੌਜੂਦਾ ਗੁਰੂ ਨਾਨਕ ਸਟੇਡੀਅਮ) ਲੁਧਿਆਣਾ ਵਿਖੇ ਸੁਣਿਆ ਸੀ, ਜਿੱਥੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਜ਼ੋਰਾ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਆਏ ਸਨ। ਉਸ ਵੇਲੇ ਗੁਰਭਜਨ ਗਿੱਲ ਨੇ ਦਾਅਵਾ ਕੀਤਾ ਕਿ ਇਸ ਆਵਾਜ਼ ਨੂੰ ਮਸ਼ਹੂਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

PunjabKesari
ਅੱਜ ਦੇ ਪ੍ਰਸਿੱਧ ਫ਼ਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਜਦੋਂ ‘ਲੱਕ ਟਵੰਟੀ ਏਟ’ ਗੀਤ ਗਾਇਆ ਤਾਂ ਉਸ ਦੀ ਚਹੁੰ-ਪਾਸਿਉਂ ਆਲੋਚਨਾ ਹੋਈ। ਗੁਰਭਜਨ ਗਿੱਲ ਨੇ ਵੀ ਉਸ ਨੂੰ ਉਲਾਂਭਾ ਦਿੱਤਾ ਜਿਸ ਤੋਂ ਬਾਅਦ ਦਿਲਜੀਤ ਉਚੇਚੇ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਕੇ ਉਨ੍ਹਾਂ ਕੋਲੋਂ ਮੁਆਫ਼ੀ ਮੰਗ ਕੇ ਗਿਆ। ਮੁਆਫ਼ੀ ਭਾਵੇਂ ਬੰਦ ਕਮਰੇ ਵਿੱਚ ਮੰਗੀ ਸੀ ਜਿਸ ਦਾ ਗਵਾਹ ਰਵਿੰਦਰ ਰੰਗੂਵਾਲ ਤੇ ਪੱਤਰਕਾਰ ਚਰਨਜੀਤ ਤੇਜਾ ਸੀ ਪਰ ਦਿਲਜੀਤ ਦੀ ਬੇਨਤੀ ’ਤੇ ਇਸ ਘਟਨਾ ਨੂੰ ਅਖ਼ਬਾਰ ਦੀਆਂ ਸੁਰਖੀਆਂ ਬਣਨ ਤੋਂ ਰੋਕ ਦਿੱਤਾ ਗਿਆ ਸੀ। ਦਿਲਜੀਤ, ਗਿੱਲ ਹੁਰਾਂ ਦੇ ਸੰਵੇਦਨਾ ਭਰਪੂਰ ‘ਲੋਰੀ’ ਗੀਤ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਨੇ ਅਜੀਤ ਅਖ਼ਬਾਰ ਵਿੱਚ ਛਪੇ ਇਸ ਗੀਤ ਦੀ ਕਾਤਰ ਹੁਣ ਤੱਕ ਆਪਣੇ ਪਰਸ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਪੰਮੀ ਬਾਈ ਨੇ ਜਦੋਂ ਆਪਣੇ ਪਿੰਡ ਜਖੇਪਲ ਵਿਖੇ ਆਪਣੇ ਪਿਤਾ ਕਾਮਰੇਡ ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਵਿੱਚ ਲਾਇਬਰੇਰੀ ਬਣਾਈ ਤਾਂ ਗੁਰਭਜਨ ਗਿੱਲ ਦੇ ਘਰ ਆਏ ਪੰਮੀ ਬਾਈ ਨੂੰ ਕਿਤਾਬਾਂ ਦਾ ਭਰਿਆ ਟੋਕਰਾ ਤੋਹਫ਼ੇ ਵਿੱਚ ਮਿਲਿਆ। 
8 ਨਵੰਬਰ, 1994 ਨੂੰ ਗੁਰਭਜਨ ਗਿੱਲ ਨੂੰ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਨਿਰਪਜੀਤ ਕੌਰ ਅਕਾਲ ਚਲਾਣਾ ਕਰ ਗਏ। ਇਹ ਬੜਾ ਔਖਾ ਦੌਰ ਸੀ। ਆਂਟੀ ਜਸਵਿੰਦਰ ਕੌਰ ਨੇ ਦੁਬਾਰਾ ਘਰ ਬੰਨਿ੍ਹਆ। ਅੱਜ ਉਨ੍ਹਾਂ ਦਾ ਹਸਦਾ-ਵਸਦਾ ਪਰਿਵਾਰ ਹੈ ਜਿਸ ਵਿੱਚ ਪੁੱਤਰ ਪੁਨੀਤਪਾਲ, ਨੂੰਹ ਰਵਨੀਤ ਤੇ ਨੰਨ੍ਹੀ ਪੋਤਰੀ ਅਸੀਸ ਸੁਖੀ-ਸੁਖੀ ਰਹਿੰਦੇ ਹਨ। ਉਨ੍ਹਾਂ ਦੇ ਘਰ ਵੀ ਜੱਸੋਵਾਲ ਦੇ ਆਲ੍ਹਣੇ ਵਾਂਗੂ ਮਹਿਮਾਨਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਲੁਧਿਆਣੇ ਕੋਲੋਂ ਕੋਈ ਵੀ ਲੰਘ ਰਿਹਾ ਹੋਵੇ, ਉਹ ਗੁਰਭਜਨ ਗਿੱਲ ਦੇ ਸ਼ਹੀਦ ਭਗਤ ਸਿੰਘ ਨਗਰ ਸਥਿਤ 121-ਐਫ ਘਰ ਵਿੱਚ ਫੇਰਾ ਪਾਏ ਬਿਨਾਂ ਅੱਗੇ ਨਹੀਂ ਲੰਘਦਾ। ਚਾਹੇ ਉਹ ਨਾਮੀ ਗਾਇਕ ਹਰਭਜਨ ਮਾਨ, ਪੰਮੀ ਬਾਈ, ਅਮਰਿੰਦਰ ਗਿੱਲ, ਜਸਬੀਰ ਜੱਸੀ ਜਾਂ ਰਣਜੀਤ ਬਾਵਾ ਹੋਵੇ ਜਾਂ ਫੇਰ ਸਰਕਾਰ ਦਾ ਕੋਈ ਮੰਤਰੀ, ਐਮ.ਪੀ., ਐਮ.ਐਲ.ਏ. ਜਾਂ ਵੱਡਾ ਆਈ.ਏ.ਐਸ. ਅਧਿਕਾਰੀ, ਤੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਗੱਲ ਕੀ, ਗੁਰਭਜਨ ਗਿੱਲ ਦੇ ਘਰ ਦੇ ਹਰ ਇਕ ਜੀਅ ਨੂੰ ਮਹਿਮਾਨਨਿਵਾਜ਼ੀ ਲਈ ਜਾਣਿਆ ਜਾਂਦਾ ਹੈ ਜਿਸ ਕਾਰਨ ਇਕ ਵਾਰ ਉਨ੍ਹਾਂ ਦੇ ਘਰ ਆਉਣ ਵਾਲਾ ਮਹਿਮਾਨ ਵਾਰ-ਵਾਰ ਆਉਂਦਾ ਹੈ। 
ਹੱਥਲੀ ਪੁਸਤਕ ਲਿਖਦਿਆਂ ਮੈਂ ਜਦੋਂ ਗੁਰਭਜਨ ਗਿੱਲ ਦੀ ਰਸਮੀ ਇੰਟਰਵਿਊ ਕਰ ਰਿਹਾ ਸੀ ਤਾਂ ਬੈਠਿਆਂ ਹੀ ਉਨ੍ਹਾਂ ਨੂੰ ਗਾਇਕ ਜਸਬੀਰ ਜੱਸੀ ਦਾ ਫ਼ੋਨ ਆ ਗਿਆ ਤੇ ਅੱਗੋ ਪੁੱਛਿਆ ‘ਘਰ ਖਾਣ ਨੂੰ ਕੀ ਬਣਿਆ।’ ਜੱਸੀ ਦਿੱਲੀ ਜਾਂਦਾ ਹੋਇਆ ਖਾਣ ਲਈ ਸਿੱਧਾ ਉਨ੍ਹਾਂ ਦੇ ਘਰ ਪੁੱਜਿਆ ਅਤੇ ਕਮਰੇ ਵਿੱਚ ਵੜਦਿਆਂ ਹੀ ਕਹਿਣ ਲੱਗਾ, ‘ਜਲਦੀ ਰੋਟੀ ਲਿਆਉ, ਮੈਂ ਜਲਦੀ ਜਾਣਾ।’ ਜੱਸੀ ਨੂੰ ਜਵਾਬ ਉਨ੍ਹਾਂ ਪ੍ਰੋ. ਮੋਹਨ ਸਿੰਘ ਦੀਆਂ ਕਵਿਤਾ ਦੀਆਂ ਤੁਕਾਂ ‘ਆਵੇ ਤੇ ਆਉਣ ਸਾਰ ਹੀ ਗੱਲ ਜਾਣ ਦੀ ਕਰੇ, ਆਖ਼ਰ ਉਨ੍ਹਾਂ ਦੀ ਯਾਦ ਨੇ ਉਨ੍ਹਾਂ ’ਤੇ ਜਾਵਣਾ’ ਬੋਲ ਕੇ ਦਿੱਤਾ। ਆਪਣੀ ਹਾਜ਼ਰ-ਜਵਾਬੀ ਲਈ ਜਾਣੇ ਜਾਂਦੇ ਪ੍ਰੋ. ਗਿੱਲ ਹਰ ਗੱਲ ਦਾ ਜਵਾਬ ਆਪਣੇ ਹੀ ਸਟਾਈਲ ਵਿੱਚ ਦਿੰਦੇ ਹਨ। ਜੱਸੀ ਨੇ ਉਨ੍ਹਾਂ ਨੂੰ ਮਿਹਣਾ ਵੀ ਮਾਰਿਆ ਕਿ ਇੱਥੇ ਬੈਠੇ ਕੀ ਕਰਦੇ ਹੋ, ਉਸ ਨਾਲ ਦਿੱਲੀ ਚੱਲੋ ਤੇ ਉਨ੍ਹਾਂ ਦੇ ਵਿਸ਼ਾਲ ਗਿਆਨ ਦਾ ਫ਼ਾਇਦਾ ਲੈਂਦੇ ਹੋਏ ਕਈ ਕਮਰਸ਼ੀਅਲ ਕੰਮ ਕਰੀਏ ਪਰ ਗੁਰਭਜਨ ਗਿੱਲ ਇਨ੍ਹਾਂ ਗੱਲਾਂ ਤੋਂ ਬਹੁਤ ਉਪਰ ਉਠੇ ਹੋਏ ਹਨ। ਉਨ੍ਹਾਂ ਤਾਂ ਹਮੇਸ਼ਾ ਆਪਣੇ ਅਜ਼ੀਜ਼ ਗਾਇਕਾਂ ਨੂੰ ਸਦਾ ਵਪਾਰਕ ਗੀਤਾਂ ਤੋਂ ਵਰਜਿਆ ਹੈ। ਜੱਸੀ ਖ਼ੁਦ ਦੱਸਦਾ ਹੈ ਕਿ ਇਕ ਵਾਰ ਸ੍ਰੀ ਹਰਗੋਬਿੰਦਪੁਰ ਵਿਖੇ ਕਿਸੇ ਮੇਲੇ ਦੌਰਾਨ ਜਦੋਂ ਉਸ ਨੇ ਕੋਈ ਵਪਾਰਕ ਗੀਤ ਗਾਉਣਾ ਸੀ ਤਾਂ ਪਹਿਲਾਂ ਗੁਰਭਜਨ ਗਿੱਲ ਹੁਰਾਂ ਨੂੰ ਕਿਹਾ, ‘‘ਮੈਨੂੰ ਹੁਣ ਮਿਲ ਲਵੋ, ਫੇਰ ਮੇਰਾ ਗੀਤ ਸੁਣਨ ਤੋਂ ਬਾਅਦ ਤੁਸੀਂ ਮਿਲਣਾ ਨਹੀਂ।’’
ਲੁਧਿਆਣਾ ਰਹਿੰਦੇ ਸੁਰਿੰਦਰ ਛਿੰਦਾ, ਜਸਵਿੰਦਰ ਭੱਲਾ, ਜਸਵੰਤ ਸੰਦੀਲਾ, ਨਿਰਮਲ ਜੌੜਾ, ਤੇਜ ਪ੍ਰਤਾਪ ਸੰਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪਰਮਿੰਦਰ ਜੱਟਪੁਰੀ, ਰਵਿੰਦਰ ਰੰਗੂਵਾਲ ਦਾ ਤਾਂ ਨਿੱਤ ਵਾਂਗ ਉਨ੍ਹਾਂ ਦੇ ਘਰ ਗੇੜਾ ਰਹਿੰਦਾ ਹੈ। ਸ਼ਾਮ ਨੂੰ ਜਦੋਂ ਵੀ ਉਨ੍ਹਾਂ ਨੂੰ ਮਿਲਣ ਜਾਉ ਤਾਂ ਉਹ ਆਪਣੇ ਪਰਮ ਮਿੱਤਰ ਅਤੇ ਗੁਆਂਢੀ ਪ੍ਰੋ. ਰਵਿੰਦਰ ਭੱਠਲ ਜਾਂ ਰਿਸ਼ਤੇਦਾਰੀ ’ਚੋਂ ਜਵਾਈ ਲਗਦੇ ਐਸ.ਪੀ. ਪਿ੍ਰਥੀਪਾਲ ਸਿੰਘ ਹੇਅਰ ਨਾਲ ਹੀ ਮਿਲਦੇ ਹਨ। ਟੈਲੀਵਿਜ਼ਨ ਉਪਰ ਕੋਈ ਵਿਚਾਰ ਚਰਚਾ ਹੋਣੀ ਹੋਵੇ ਜਾਂ ਕਲਾ, ਸਾਹਿਤ ਜਾਂ ਸੱਭਿਆਚਾਰ ਦੇ ਖੇਤਰ ਵਿੱਚ ਕੋਈ ਵੱਡੀ ਘਟਨਾ ਵਾਪਰੀ ਹੋਵੇ ਤਾਂ ਟੀ.ਵੀ. ਚੈਨਲ ਵਾਲੇ ਆਪਣਾ ‘ਲਾਈਵ ਯੂ’ ਯੂਨਿਟ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਹਨ। ਰਿਸ਼ਤੇਦਾਰੀਆਂ ਕੱਢਣ ਵਾਲੇ ਜੱਟਾਂ ਵਾਲਾ ਸੁਭਾਅ ਗੁਰਭਜਨ ਗਿੱਲ ਵਿੱਚ ਵੀ ਹੈ। ਉਹ ਵੀ ਦੂਰੋਂ-ਨੇੜਿਉਂ ਰਿਸ਼ਤੇਦਾਰੀ ਵਿੱਚ ਲੱਗਦੇ ਹਰ ਸ਼ਖ਼ਸ ਬਾਰੇ ਰਿਸ਼ਤੇਦਾਰੀ ਹੁੱਬ ਕੇ ਦੱਸਦੇ ਹਨ। ਉਨ੍ਹਾਂ ਦੀ ਵਿਸ਼ਾਲਤਾ ਇਹ ਵੀ ਹੈ ਕਿ ਮੇਰੇ ਵਰਗੇ ਕਈ ਜਣਿਆਂ ਨੂੰ ਆਪਣੀ ਰਿਸ਼ਤੇਦਾਰੀ ਦੇ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਹਨ।
ਮੈਂ ਸਦਾ ਉਨ੍ਹਾਂ ਨੂੰ ਆਪਣੇ ਪਿਤਾ ਸਮਾਨ ਸਮਝਦਾ ਹਾਂ। ਉਨ੍ਹਾਂ ਮੈਨੂੰ ਪੁਨੀਤ ਜਿੰਨਾ ਹੀ ਪਿਆਰ ਦਿੱਤਾ। ਮੇਰੀ ਤੇ ਪੁਨੀਤ ਦੀ ਸਿਹਤ ਤੇ ਦਿੱਖ ਮਿਲਦੀ ਹੋਣ ਕਰਕੇ ਅਤੇ ਪੇਸ਼ਾ ਇਕ ਹੋਣ ਕਰਕੇ ਸਾਡਾ ਦੋਵਾਂ ਦਾ ਬਹੁਤ ਜਣਿਆਂ ਨੂੰ ਭੁਲੇਖਾ ਪੈ ਜਾਂਦਾ ਹੈ। ਪੁਨੀਤ ਦੇ ਸਰਕਲ ਵਾਲੇ ਮੈਨੂੰ ਪੁਨੀਤ ਸਮਝ ਲੈਂਦੇ ਹਨ। ਜਦੋਂ ਪੁਨੀਤ ਦੀ ਮੇਰੇ ਸ਼ਹਿਰ ਬਰਨਾਲਾ ਤਾਇਨਾਤੀ ਸੀ ਤਾਂ ਬਹੁਤੇ ਜਣੇ ਪੁਨੀਤ ਨੂੰ ਮੇਰੇ ਭੁਲੇਖੇ ਮਿਲ ਆਉਂਦੇ। ਗੁਰਭਜਨ ਗਿੱਲ ਜਦੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਦੀ ਚੋਣ ਲੜ ਰਹੇ ਸਨ ਤਾਂ ਚੰਡੀਗੜ੍ਹ ਵਿਖੇ ਮੁਹਿੰਮ ਦਾ ਜ਼ਿੰਮਾ ਮੈਂ ਸਾਂਭਿਆ ਹੋਇਆ ਸੀ। ਉਸ ਵੇਲੇ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਕਰਦਿਆਂ ਮੈਂ ਕਈ ਵਾਰ ਖ਼ਬਰਾਂ ਲਗਵਾਉਣ ਵਿੱਚ ਵੀ ਰਿਆਇਤ ਵਰਤ ਜਾਂਦਾ ਸੀ। ਉਸ ਵੇਲੇ ਵਿਰੋਧੀ ਗਰੁੱਪ ਨੇ ਮੇਰੇ ਸੰਪਾਦਕ ਕੋਲ ਜਦੋਂ ਇਹ ਕਹਿ ਕੇ ਸ਼ਿਕਾਇਤ ਕੀਤੀ ਕਿ ਗਰਭਜਨ ਗਿੱਲ ਦਾ ਮੁੰਡਾ ਆਪਣੇ ਪਿਤਾ ਦੀਆਂ ਖ਼ਬਰਾਂ ਹੀ ਲਗਾਈ ਜਾਂਦੀ ਹੈ ਤਾਂ ਸੰਪਾਦਕ ਬਹੁਤ ਹੱਸੇ। ਉਸ ਦਿਨ ਤੋਂ ਗੁਰਭਜਨ ਗਿੱਲ ਹਰ ਇਕ ਨੂੰ ਮੇਰੀ ਪਛਾਣ ਇਹ ਕਹਿ ਕੇ ਕਰਵਾਉਂਦੇ ਹਨ, ‘‘ਇਹ ਮੇਰਾ ਚੰਡੀਗੜ੍ਹ ਵਾਲਾ ਮੰੁਡਾ ਹੈ, ਜਿਹੜਾ ਕਈ ਵਾਰ ਮੇਰੇ ਕਰਕੇ ਝਿੜਕਾਂ ਖਾ ਲੈਂਦਾ ਹੈ।’’

PunjabKesari
ਸਾਹਿਤ ਦੇ ਖੇਤਰ ਵਿੱਚ ਭਾਵੇਂ ਉਨ੍ਹਾਂ ਦੀ ਪਛਾਣ ਕਵੀ ਤੌਰ ’ਤੇ ਹੈ ਪ੍ਰੰਤੂ ਅਜੋਕੇ ਦੌਰ ਵਿੱਚ ਵੱਟਸਐਪ ਉਪਰ ਉਨ੍ਹਾਂ ਵੱਲੋਂ ਭੇਜੇ ਜਾਂਦੇ ਸੰਦੇਸ਼ ਵਾਰਤਕ ਦਾ ਉੱਤਮ ਨਮੂਨਾ ਹੁੰਦੇ ਹਨ। ਇਸ ਲਈ ਉਹ ਅਜੋਕੇ ਸਮੇਂ ਦੇ ਸਭ ਤੋਂ ਤੇਜ਼ ਅਤੇ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੇ ਸੰਚਾਰ ਸਾਧਨ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ। ਵੱਟਸਐਪ ਉਪਰ ਉਨ੍ਹਾਂ ਵੱਲੋਂ ਬਣਾਏ ਗਰੁੱਪ ਸਿਰਜਣਧਾਰਾ ਉਪਰ ਉਹ ਆਪਣੀ ਸਿਰਜਣਾ ਰਾਹੀਂ ਅਨੇਕਾਂ ਦੋਸਤਾਂ-ਪਾਠਕਾਂ ਨੂੰ ਸਵੇਰ-ਸਾਰ ਆਪਣੇ ਸ਼ਾਇਰਾਨਾ ਅੰਦਾਜ਼ ਰਾਹÄ ਸ਼ੁਭ ਸਵੇਰ ਕਹਿੰਦੇ ਹਨ। ਕੋਈ ਖ਼ਾਸ ਦਿਨ-ਤਿਉਹਾਰ ਹੋਵੇ ਜਾਂ ਕੋਈ ਵੱਡੀ ਘਟਨਾ ਵਾਪਰੀ ਹੋਵੇ, ਕਿਤੇ ਛੋਟੇ-ਵੱਡੇ ਸਮਾਗਮ ਵਿੱਚ ਹਿੱਸਾ ਲੈ ਕੇ ਪਰਤੇ ਹੋਣ ਜਾਂ ਅਦਬੀ, ਮੌਸਿਕੀ, ਸਿਆਸੀ, ਖੇਡਾਂ ਜਾਂ ਪੱਤਰਕਾਰੀ ਖੇਤਰ ਨਾਲ ਜੁੜੀ ਕੋਈ ਵੀ ਹਸਤੀ ਉਨ੍ਹਾਂ ਦੇ ਘਰ ਆਈ ਹੋਵੇ ਤਾਂ ਗੁਰਭਜਨ ਗਿੱਲ ਵੱਟਸਐਪ ਗਰੁੱਪ ਰਾਹÄ ਇਸ ਸਬੰਧੀ ਸੰਖੇਪ, ਢੁਕਵÄ ਤੇ ਸਟੀਕ ਜਾਣਕਾਰੀ ਆਪਣੇ ਸ਼ਬਦਾਂ ਰਾਹੀਂ ਦੋਸਤਾਂ-ਪਾਠਕਾਂ ਨੂੰ ਦੇ ਦਿੰਦੇ ਹਨ। ਅਕਸਰ ਹੀ ਪੱਤਰਕਾਰੀ ਨਾਲ ਜੁੜੇ ਸ਼ਖ਼ਸ ਕਿਸੇ ਵੀ ਵੱਡੀ ਘਟਨਾ ਜਾਂ ਕਿਸੇ ਵੀ ਖੇਤਰ ਦੇ ਕਿਸੀ ਵੀ ਸ਼ਖ਼ਸੀਅਤ ਵੱਲੋਂ ਮਾਰੀ ਕੋਈ ਮੱਲ ਸਮੇਂ ਲਿਖਣ ਵੇਲੇ ਗੁਰਭਜਨ ਗਿੱਲ ਦੇ ਸੰਦੇਸ਼ ਦੀ ਉਡੀਕ ਕਰਦੇ ਹਨ। 
ਚਲੰਤ ਮਾਮਲਿਆਂ ਨੂੰ ਬਹੁਤ ਬਾਰੀਕੀ ਨਾਲ ਦੇਖਣ ਵਾਲੇ ਗੁਰਭਜਨ ਗਿੱਲ ਹਰ ਘਟਨਾ ਨੂੰ ਸਾਹਿਤ ਦੀ ਚਾਸ਼ਨੀ ਵਿੱਚ ਡਬੋ ਕੇ ਇੰਝ ਪੇਸ਼ ਕਰਦੇ ਹਨ ਕਿ ਪਾਠਕਾਂ ਦੀ ਸਾਹਿਤਕ ਮਿਠਾਸ ਵਿੱਚ ਤ੍ਰਿਪਤੀ ਹੋ ਜਾਂਦੀ ਹੈ। ਵਾਤਾਵਰਣ ਦਿਵਸ ਹੋਵੇ ਜਾਂ ਫੇਰ ਪੁਸਤਕ, ਰੰਗਮੰਚ, ਖੇਡ ਦਿਵਸ। ਬਾਬਾ ਫ਼ਰੀਦ ਆਗਮਨ ਪੁਰਬ, ਕਿਸਾਨ ਮੇਲਾ, ਕਿਲਾ ਰਾਏਪੁਰ ਖੇਡਾਂ ਜਾਂ ਕਮਲਜੀਤ ਖੇਡਾਂ ਹੋਣ, ਕਿਸੇ ਨਾਮੀ ਸ਼ਖ਼ਸੀਅਤ ਦੀ ਜਨਮ ਵਰ੍ਹੇਗੰਢ ਜਾਂ ਬਰਸੀ ਹੋਵੇ, ਉਹ ਆਪਣੇ ਵੱਟਸਐਪ ਰਾਹÄ ਢੁਕਵÄ ਜਾਣਕਾਰੀ ਦਿੰਦੇ ਹੋਏ ਆਪਣੀ ਅਕੀਦਤ ਭੇਟ ਕਰਦੇ ਹਨ। ਨਾਮੀ ਸ਼ਖ਼ਸੀਅਤਾਂ ਬਾਰੇ ਵੱਟਸਐਪ ਉਪਰ ਲਿਖੇ ਸੰਖੇਪ ਰੇਖਾ ਚਿੱਤਰ ਸਬੰਧਤ ਸ਼ਖ਼ਸ ਬਾਰੇ ਪੂਰੀ ਜਾਣਕਾਰੀ ਦੇ ਦਿੰਦੇ ਹਨ। ਸੂਚਨਾ ਤਕਨਾਲੌਜੀ ਦੇ ਦੌਰ ਵਿੱਚ ਗੁਰਭਜਨ ਗਿੱਲ ਉਹ ਸ਼ਾਹ ਅਸਵਾਰ ਹੈ ਜਿਸ ਕੋਲ ਹਰ ਵਿਸ਼ੇ ਦੀ ਹਰ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਉਸ ਦੇ ਦਾਇਰੇ ਵਾਲੇ ਲੋਕ ‘ਗੂਗਲ’ ਨਾਲੋਂ ‘ਗਿੱਲ’ ਉਪਰ ਜ਼ਿਆਦਾ ਯਕੀਨ ਕਰਦੇ ਹਨ। ਗੂਗਲ ਦੀ ਖੋਜ ਜਿੱਥੇ ਜਾ ਕੇ ਮੁੱਕ ਜਾਂਦੀ ਹੈ, ਪੋ੍ਰ. ਗਿੱਲ ਹੁਰਾਂ ਦਾ ਗਿਆਨ ਭੰਡਾਰ ਉਥੋਂ ਸ਼ੁਰੂ ਹੁੰਦਾ ਹੈ।


author

jasbir singh

News Editor

Related News