ਉਮੀਦਵਾਰਾਂ ਲਈ ਵੱਡੀ ਟੈਨਸ਼ਨ, ਚੋਣਾਂ ’ਚ ਉੱਤਰਨ ਲਈ ਨਹੀਂ ਮਿਲ ਰਹੇ ਸ਼ੁਭ ਮਹੂਰਤ
Wednesday, Jan 26, 2022 - 12:24 PM (IST)
ਜਲੰਧਰ (ਨਰੇਸ਼ ਕੁਮਾਰ)-ਪੰਜਾਬ ’ਚ ਚੋਣ ਮੌਸਮ ਦਰਮਿਆਨ ਉਮੀਦਵਾਰਾਂ ਨੂੰ ਪਾਰਟੀ ਦੀ ਟਿਕਟ ਹਾਸਲ ਕਰਨ ਦੀ ਚੁਣੌਤੀ ਦੇ ਨਾਲ ਨਜਿੱਠਣ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਚੋਣਾਂ ’ਚ ਉੱਤਰਨ ਲਈ ਮਹੂਰਤ ਕੱਢਵਾਉਣ ਦੀ ਹੋ ਰਹੀ ਹੈ। ਜਿਨ੍ਹਾਂ ਨੇਤਾਵਾਂ ਨੂੰ ਪਾਰਟੀਆਂ ਨੇ ਟਿਕਟ ਨਾਲ ਨਿਵਾਜ ਦਿੱਤਾ ਹੈ, ਉਨ੍ਹਾਂ ਨੇਤਾਵਾਂ ਦੀ ਲਾਈਨ ਪੰਡਤਾਂ ਦੇ ਕੋਲ ਲੱਗੀ ਹੋਈ ਹੈ ਅਤੇ ਪੰਡਤ ਉਨ੍ਹਾਂ ਨੂੰ ਚੋਣਾਂ ’ਚ ਜਿੱਤ ਲਈ ਜੋਤਿਸ਼ ਦੇ ਲਿਹਾਜ਼ ਨਾਲ ਸਹੀ ਉਪਾਅ ਦੇ ਨਾਲ-ਨਾਲ ਨਾਮਜਦਗੀ ਪੱਤਰ ਦਾਖ਼ਲ ਕਰਨ ਲਈ ਸ਼ੁਭ ਮਹੂਰਤ ਕੱਢਣ ’ਚ ਮਦਦ ਕਰ ਰਹੇ ਹਨ ਪਰ ਇਸ ਵਾਰ ਚੋਣਾਂ ’ਚ ਉੱਤਰਨ ਲਈ ਸ਼ੁਭ ਮਹੂਰਤ ਬਹੁਤ ਘੱਟ ਹਨ।
ਦਰਅਸਲ ਇਸ ਸਾਲ ਚੋਣਾਂ ਦੀਆਂ ਤਾਰੀਖ਼ਾਂ ਕੁਝ ਇਸ ਤਰੀਕੇ ਨਾਲ ਐਲਾਨੀਆਂ ਗਈਆਂ ਹਨ ਕਿ ਪੰਡਤਾਂ ਦੇ ਵੀ ਚੰਗੇ ਲਗਨ ਅਤੇ ਮਹੂਰਤ ਕੱਢਣ ’ਚ ਪਸੀਨੇ ਛੁੱਟ ਰਹੇ ਹਨ। ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ 25 ਜਨਵਰੀ ਨੂੰ ਸ਼ੁਰੂ ਹੋਇਆ ਹੈ ਅਤੇ 26 ਅਤੇ 30 ਜਨਵਰੀ ਦੇ ਦਿਨ ਸਰਕਾਰੀ ਛੁੱਟੀ ਹੋਣ ਕਾਰਨ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਦੇ, ਲਿਹਾਜਾ ਉਮੀਦਵਾਰਾਂ ਦੇ ਕੋਲ ਹੁਣ 27, 28, 29 ਅਤੇ 31 ਜਨਵਰੀ ਤੋਂ ਇਲਾਵਾ 1 ਫਰਵਰੀ ਦਾ ਦਿਨ ਬਚਦਾ ਹੈ। ਇਨ੍ਹਾਂ ’ਚੋਂ ਵੀ 1 ਫਰਵਰੀ ਦੇ ਦਿਨ ਮੱਸਿਆ ਆ ਰਹੀ ਹੈ ਅਤੇ ਇਹ ਦਿਨ ਵੀ ਚੋਣਾਂ ’ਚ ਉੱਤਰਨ ਦੇ ਲਿਹਾਜ਼ ਨਾਲ ਸ਼ੁੱਭ ਨਹੀਂ ਹੈ। ਪੰਡਿਤਾਂ ਨੂੰ ਹੁਣ ਬਚੇ ਹੋਏ ਚਾਰ ਦਿਨਾਂ ’ਚ ਹੀ ਉਮੀਦਵਾਰਾਂ ਲਈ ਸ਼ੁਭ ਮਹੂਰਤ ਤਲਾਸ਼ਨੇ ਹਨ, ਲਿਹਾਜਾ ਇਸ ਕੰਮ ’ਚ ਜੋਤਿਸ਼ੀ ਵੀ ਕਾਫ਼ੀ ਦੁਬਿਧਾ ’ਚ ਹਨ। ਜੋਤਿਸ਼ ਗਿਣਤੀ ਦੇ ਲਿਹਾਜ਼ ਨਾਲ 31 ਜਨਵਰੀ ਦਾ ਦਿਨ ਚੋਣ ਮੈਦਾਨ ’ਚ ਉੱਤਰਨ ਲਈ ਸਭ ਤੋਂ ਸ਼ੁੱਭ ਹੈ ਅਤੇ ਇਸ ਦਿਨ ਜ਼ਿਆਦਾਤਰ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਦੇ ਹਨ।
ਰੰਧਾਵਾ ਦਾ ਸੁਖਬੀਰ 'ਤੇ ਵੱਡਾ ਹਮਲਾ, ਕਿਹਾ-ਲਾਲ ਡਾਇਰੀ ਤੋਂ ਨਹੀਂ ਘਬਰਾਉਂਦਾ, ਅਧਿਕਾਰੀਆਂ ਨੂੰ ਧਮਕੀਆਂ ਦੇਣਾ ਕਰਨ ਬੰਦ
31 ਜਨਵਰੀ ਨੂੰ 10.47 ਤੋਂ 12.21 ਵਜੇ ਤੱਕ ਦਾ ਸਮਾਂ ਸ਼ੁੱਭ
ਚੋਣ ਲੜਨ ਲਈ ਸ਼ੁਕਲ ਪੱਖ ਦੀਆਂ 2, 3, 5, 9, 10, 12 ਤੇ 15 ਤਰੀਕਾਂ ਸ਼ੁੱਭ ਮੰਨੀਆਂ ਗਈਆਂ ਹਨ ਪਰ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਕ੍ਰਿਸ਼ਨ ਪੱਖ ’ਚ ਚੱਲ ਰਹੀ ਹੈ ਲਿਹਾਜਾ ਜੋਤਿਸ਼ੀ ਤਾਰੀਕ ਦੇ ਲਿਹਾਜ਼ ਨਾਲ ਸ਼ੁੱਭ ਮਹੂਰਤ ਨਹੀਂ ਕੱਢ ਸਕਣਗੇ। ਇਸ ਤੋਂ ਇਲਾਵਾ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਭਰਨੀ ਜੋਤਿਸ਼ ਦੀ ਨਜ਼ਰ ਨਾਲ ਸ਼ੁੱਭ ਮੰਨਿਆ ਜਾਂਦਾ ਹੈ, ਲਿਹਾਜਾ ਇਨ੍ਹਾਂ ’ਚੋਂ 27 ਅਤੇ 28 ਜਨਵਰੀ ਦੀਆਂ ਤਰੀਕਾਂ ਨੂੰ ਧਿਆਨ ’ਚ ਰੱਖ ਕੇ ਹੀ ਮਹੂਰਤ ਕੱਢਣਾ ਪਵੇਗਾ ਪਰ ਇਨ੍ਹਾਂ ਦੋ ਦਿਨਾਂ ’ਚ ਚੰਗੇ ਨਛੱਤਰ ਨਹੀਂ ਮਿਲ ਰਹੇ। 27 ਜਨਵਰੀ ਨੂੰ ਚੰਦਰਮਾ ਸਵੇਰੇ 8 ਵੱਜ ਕੇ 51 ਮਿੰਟ ਤੱਕ ਵਿਸ਼ਾਖਾ ਨਛੱਤਰ ’ਚ ਰਹਿਣਗੇ ਅਤੇ ਇਸ ਤੋਂ ਬਾਅਦ ਅਨੁਰਾਧਾ ਨਛੱਤਰ ’ਚ ਪ੍ਰਵੇਸ਼ ਕਰਨਗੇ। ਵਿਸ਼ਾਖਾ ਹਾਲਾਂਕਿ ਗੁਰੂ ਦਾ ਨਛੱਤਰ ਹੈ ਪਰ ਜਦੋਂ ਤੱਕ ਨਾਮਜ਼ਦਗੀ ਦਾਖ਼ਲ ਕਰਨ ਲਈ ਸਰਕਾਰੀ ਦਫ਼ਤਰ ਖੁੱਲ੍ਹਣਗੇ ਉਦੋਂ ਤੱਕ ਸ਼ਨੀ ਦਾ ਅਨੁਰਾਧਾ ਨਛੱਤਰ ਸ਼ੁਰੂ ਹੋ ਜਾਵੇਗਾ ਅਤੇ ਇਹ ਪੂਰਾ ਦਿਨ ਚੱਲੇਗਾ। ਇਸ ਤੋਂ ਅਗਲੇ ਦਿਨ 28 ਜਨਵਰੀ ਨੂੰ ਹਾਲਾਂਕਿ ਸ਼ੁੱਕਰਵਾਰ ਹੈ ਪਰ ਉਸ ਦਿਨ ਚੰਦਰਮਾ ਪੂਰਾ ਦਿਨ ਬੁੱਧ ਦੇ ਜਿਏਸ਼ਠਾ ਨਛੱਤਰ ’ਚ ਰਹਿਣਗੇ ਅਤੇ ਇਹ ਗੰਡ ਮੂਲ ਦਾ ਨਛੱਤਰ ਹੋਣ ਕਾਰਨ ਇਹ ਦਿਨ ਵੀ ਨਾਮਜਦਗੀ ਦਾਖ਼ਲ ਕਰਨ ਦੀ ਨਜ਼ਰ ਨਾਲ ਸ਼ੁੱਭ ਨਹੀਂ ਹੈ। 29 ਜਨਵਰੀ ਦੇ ਦਿਨ ਸ਼ਨੀਵਾਰ ਦਾ ਦਿਨ ਨਾਮਜ਼ਦਗੀ ਲਈ ਸ਼ੁੱਭ ਨਹੀਂ ਹੈ ਅਤੇ ਇਸ ਦਿਨ ਚੰਦਰਮਾ ਵੀ ਕੇਤੁ ਦੇ ਮੂਲਾ ਨਛੱਤਰ ’ਚ ਰਹਿਣਗੇ, ਜਿਸ ਕਾਰਨ ਇਹ ਤਾਰੀਕ ਵੀ ਚੋਣਾਂ ’ਚ ਉੱਤਰਨ ਲਈ ਚੰਗੀ ਨਹੀਂ ਰਹਿੰਦੀ। 31 ਜਨਵਰੀ ਦੇ ਦਿਨ ਸੋਮਵਾਰ ਹੈ ਅਤੇ ਇਸ ਦਿਨ ਚੰਦਰਮਾ ਵੀ ਸੂਰਜ ਦੇ ਉੱਤਰਾ ਅਸ਼ਾੜਾ ਨਛੱਤਰ ’ਚ ਰਹਿਣਗੇ, ਲਿਹਾਜਾ ਨਾਮਜਦਗੀ ਦਾਖਲ ਕਰਨ ਲਈ ਇਹ ਦਿਨ ਸਭ ਤੋਂ ਚੰਗਾ ਨਿਕਲਦਾ ਹੈ। ਬੁੱਧ ਇਸ ਸਮੇਂ ਅਸਤ ਸਥਿਤੀ ’ਚ ਚੱਲ ਰਹੇ ਹਨ ਅਤੇ 30 ਜਨਵਰੀ ਨੂੰ ਬੁੱਧ ਵੀ ਉਦੇ ਸਥਿਤੀ ’ਚ ਆ ਜਾਣਗੇ, ਲਿਹਾਜਾ ਸਥਿਤੀ ਵੀ ਚੋਣ ’ਚ ਉੱਤਰਨ ਦੇ ਲਿਹਾਜ਼ ਨਾਲ ਚੰਗੀ ਹੈ। ਇਸ ਦਿਨ ਵੀ ਜੇਕਰ ਅਸੀਂ ਨਾਮਜ਼ਦਗੀ ਭਰਨ ਦਾ ਸਭ ਤੋਂ ਸਟੀਕ ਸਮਾਂ ਕੱਢੀਏ ਤਾਂ ਸਵੇਰੇ 10 ਵੱਜ ਕੇ 47 ਮਿੰਟ ਤੋਂ ਲੈ ਕੇ 12 ਵੱਜ ਕੇ 21 ਮਿੰਟ ਤੱਕ ਦਾ ਨਿਕਲਦਾ ਹੈ, ਲਿਹਾਜਾ ਤਾਰੀਕ ਅਤੇ ਨਛੱਤਰ ਦੇ ਲਿਹਾਜ਼ ਨਾਲ ਨਾਮਜ਼ਦਗੀ ਭਰਨ ਲਈ ਉਮੀਦਵਾਰਾਂ ਲਈ ਸਿਰਫ਼ ਡੇਢ ਘੰਟੇ ਦਾ ਸਮਾਂ ਹੀ ਸ਼ੁੱਭ ਹੈ। ਹਾਲਾਂਕਿ ਇਸ ਸ਼ੁੱਭ ਸਮੇਂ ਦੌਰਾਨ ਵੀ ਸ਼ੁਕਲ ਪੱਖ ਦੀ ਤਾਰੀਕ ਅਤੇ ਕੇਂਦਰ ’ਚ ਸ਼ੁੱਭ ਗ੍ਰਹਿ ਹੋਣ ਦੀ ਸ਼ਰਤ ਪੂਰੀ ਨਹੀਂ ਹੋ ਪਾ ਰਹੀ।
ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ’ਚ ਲਹਿਰਾਇਆ ਤਿਰੰਗਾ (ਤਸਵੀਰਾਂ)
ਉਮੀਦਵਾਰ ਦੀ ਕੁੰਡਲੀ ਦਾ ਵਿਸ਼ਲੇਸ਼ਣ ਵੀ ਜ਼ਰੂਰੀ
ਚੋਣਾਂ ’ਚ ਉੱਤਰਨ ਲਈ ਜੋਤਿਸ਼ ਸ਼ਾਸਤਰ ਦੇ ਇਨ੍ਹਾਂ ਨਿਯਮਾਂ ਤੋਂ ਇਲਾਵਾ ਨਾਮਜਦਗੀ ਪੱਤਰ ਦਾਖ਼ਲ ਕਰਦੇ ਸਮੇਂ ਜਨਮ ਕੁੰਡਲੀ ਦੇ ਲਗਨ ’ਤੇ ਸ਼ੁੱਭ ਗ੍ਰਹਾਂ ਦੀ ਨਜ਼ਰ ਹੋਣ ਅਤੇ ਤੀਸਰੇ, ਛੇਵੇਂ, ਗਿਆਰ੍ਹਵੇਂ ਭਾਵ ’ਚ ਪਾਪ ਗ੍ਰਹਿ ਹੋਣ ਨੂੰ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਉਮਦਵਾਰ ਦੀ ਜਨਮ ਕੁੰਡਲੀ ’ਚ ਉਸ ਦਾ ਜਨਮ ਨਛੱਤਰ ਅਤੇ ਜਨਮ ਰਾਸ਼ੀ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਜੇਕਰ ਉਮੀਦਵਾਰ ਦੀ ਜਨਮ ਰਾਸ਼ੀ ਨਾਮਜ਼ਦਗੀ ਦਾਖ਼ਲ ਕਰਦੇ ਸਮੇਂ ਬਣਨ ਵਾਲੀ ਕੁੰਡਲੀ ਦੇ ਛੇਵੇਂ, ਅਠਵੇਂ ਅਤੇ ਬਾਰ੍ਹਵੇਂ ਭਾਵ ’ਚ ਆ ਜਾਵੇ ਤਾਂ ਇਸ ਨੂੰ ਜੋਤਿਸ਼ ਦੇ ਲਿਹਾਜ਼ ਨਾਲ ਸ਼ੁੱਭ ਨਹੀਂ ਮੰਨਿਆ ਜਾਂਦਾ। ਲਿਹਾਜਾ ਜੇਕਰ ਤੁਸੀਂ ਚੋਣਾਂ ’ਚ ਉੱਤਰ ਰਹੇ ਹੋ ਤਾਂ ਆਪਣੀ ਜਨਮ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਉਣ ਤੋਂ ਬਾਅਦ ਹੀ ਆਪਣੇ ਲਈ ਢੁੱਕਵੀਂ ਤਾਰੀਕ ਕੱਢਵਾ ਕੇ ਨਾਮਜਦਗੀ ਪੱਤਰ ਦਾਖ਼ਲ ਕਰੋ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-‘ਆਪ’ ਵੱਡੇ ਬਹੁਮਤ ਨਾਲ ਜਿੱਤ ਕਰੇਗੀ ਦਰਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ