ਗਮਾਡਾ ਵਲੋਂ 17 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਾਇਦਾਦਾਂ ਦੀ ਈ-ਨਿਲਾਮੀ
Thursday, Feb 09, 2023 - 03:04 PM (IST)
ਮੋਹਾਲੀ (ਪਰਦੀਪ) : ਸੂਬਾ ਵਾਸੀਆਂ ਨੂੰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ 'ਚ ਜਾਇਦਾਦ ਖ਼ਰੀਦਣ ਦਾ ਮੌਕਾ ਪ੍ਰਦਾਨ ਕਰਨ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਵੱਖ-ਵੱਖ ਪ੍ਰਾਜੈਕਟਾਂ/ਸੈਕਟਰਾਂ 'ਚ ਸਥਿਤ ਤਕਰੀਬਨ 77 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1 ਵਜੇ ਖ਼ਤਮ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ 'ਚ ਉਪਲਬਧ ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ ਤਕਰੀਬਨ 2100 ਕਰੋੜ ਰੁਪਏ ਬਣਦੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਇਸ ਬੋਲੀ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਤੋਂ ਇਲਾਵਾ ਬੋਲੀਕਾਰਾਂ ਦੀ ਮਦਦ ਵਾਸਤੇ ਈਮੇਲ ਜਾਰੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਈ-ਨਿਲਾਮੀ ਸਬੰਧੀ ਜਾਂ ਬੋਲੀ ਲਗਾਉਣ 'ਚ ਸਮੱਸਿਆ ਆਉਣ 'ਤੇ ਇਸ ਈਮੇਲ ਰਾਹੀਂ ਸਹਾਇਤਾ ਪ੍ਰਾਪਤ ਕਰ ਸਕੇ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਗਮਾਡਾ ਵੱਲੋਂ ਇਸ ਈ-ਨਿਲਾਮੀ 'ਚ ਵੱਖ-ਵੱਖ ਤਰ੍ਹਾਂ ਦੀਆਂ ਜਾਇਦਾਦਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ 6 ਗਰੁੱਪ ਹਾਊਸਿੰਗ ਸਾਈਟਾਂ, ਇਕ ਸਕੂਲ ਸਾਈਟ, ਇਕ ਹੋਟਲ ਸਾਈਟ, ਇਕ ਨਰਸਿੰਗ ਹੋਮ ਸਾਈਟ, 9 ਆਈ. ਟੀ. ਉਦਯੋਗਿਕ ਪਲਾਟ, ਦੋ ਵਪਾਰਕ ਚੰਕ ਸਾਈਟਾਂ ਅਤੇ ਲਗਭਗ 57 ਐੱਸ. ਸੀ. ਓਜ਼. ਅਤੇ ਬੂਥ ਸ਼ਾਮਲ ਹਨ। ਇਹ ਜਾਇਦਾਦਾਂ ਏਅਰੋਸਿਟੀ, ਸੈਕਟਰ 83-ਅਲਫ਼ਾ, ਸੈਕਟਰ 66-ਬੀਟਾ, ਆਈ. ਟੀ. ਸਿਟੀ ਸੈਕਟਰ 101-ਅਲਫ਼ਾ ਅਤੇ ਐੱਸ. ਏ. ਐੱਸ. ਨਗਰ ਦੀਆਂ ਹੋਰ ਪ੍ਰਮੁੱਖ ਥਾਵਾਂ ’ਤੇ ਸਥਿਤ ਹਨ।