ਮੋਹਾਲੀ ਨੂੰ ਹਰਿਆ-ਭਰਿਆ ਬਣਾਉਣ ਲਈ ਗਮਾਡਾ ਕਰ ਰਿਹੈ ਉਪਰਾਲਾ

10/14/2019 1:07:17 PM

ਮੋਹਾਲੀ (ਨਿਆਮੀਆਂ) : ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨੇ ਆਪਣੇ ਅਧਿਕਾਰ ਖੇਤਰ ਦੇ ਵਸਨੀਕਾਂ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਕੰਮ ਕਰਦਿਆਂ ਬਾਗਬਾਨੀ ਨਾਲ ਸਬੰਧਤ ਕਈ ਕੰਮ ਅਲਾਟ ਕੀਤੇ ਹਨ। ਇਸ ਸੀਜ਼ਨ ਵਿਚ ਅਥਾਰਟੀ ਨੇ ਆਪਣੀਆਂ ਵੱਖ-ਵੱਖ ਸ਼ਹਿਰੀ ਮਿਲਖਾਂ/ਪ੍ਰਾਜੈਕਟਾਂ ਵਿਚ 10000 ਤੋਂ ਵੱਧ ਰੁੱਖ ਅਤੇ 90000 ਸ਼ਰੱਬ ਲਗਾਏ ਹਨ।
ਵਿਕਾਸ ਅਥਾਰਟੀ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮੇਨ ਗੇਟ ਤੋਂ ਐਰੋਸਿਟੀ ਚੌਕ ਤਕ ਦੇ 3700 ਮੀਟਰ ਦੇ ਰਕਬੇ 'ਚ ਬੂਟੇ ਲਗਾ ਕੇ ਸੁੰਦਰੀਕਰਨ ਦਾ ਕੰਮ ਅਲਾਟ ਕੀਤਾ ਸੀ। ਲਗਭਗ 50 ਪ੍ਰਤੀਸ਼ਤ ਪੂਰਾ ਹੋ ਚੁੱਕੇ ਇਸ ਕੰਮ ਵਿਚ ਦਰੱਖਤ, ਸਪੈਸੀਮਨ (ਸਜਾਵਟੀ) ਬੂਟੇ, ਗਰੀਨ ਕਵਰ, ਫੁੱਲ, ਸ਼ਰੱਬ ਅਤੇ ਘਾਹ ਲਗਾਉਣਾ ਸ਼ਾਮਲ ਹੈ।
ਲਗਾਏ ਜਾਣ ਵਾਲੇ ਕਈ ਕਿਸਮ ਦੇ ਬੂਟੇ ਅਤੇ ਦਰੱਖਤ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਲਕੱਤਾ ਤੋਂ ਲਿਆਂਦੇ ਜਾ ਰਹੇ ਹਨ। ਇਹ ਥਾਵਾਂ ਵਧੀਆ ਕਿਸਮ ਦੇ ਬੂਟਿਆਂ ਅਤੇ ਦਰੱਖਤਾਂ ਲਈ ਮਸ਼ਹੂਰ ਹਨ। ਬਾਗਬਾਨੀ ਦਾ ਇਹ ਕੰਮ 5.50 ਕਰੋੜ ਰੁਪਏ ਦੀ ਲਾਗਤ ਉੱਪਰ ਅਲਾਟ ਕੀਤਾ ਗਿਆ ਸੀ। ਅਲਾਟ ਕੀਤੇ ਇਸ ਕੰਮ ਵਿਚ ਦਰੱਖਤਾਂ ਅਤੇ ਬੂਟਿਆਂ ਦਾ ਇਕ ਸਾਲ ਦੇ ਸਮੇਂ ਦਾ ਰੱਖ-ਰਖਾਵ ਵੀ ਸ਼ਾਮਲ ਹੈ। ਇਹ ਕਾਰਜ ਅਗਲੇ ਮਹੀਨੇ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ। ਅਥਾਰਟੀ ਨੇ ਆਪਣੇ ਇਕ ਹੋਰ ਪ੍ਰਾਜੈਕਟ ਆਈ. ਟੀ. ਸਿਟੀ ਵਿਚ ਵੀ ਬਾਗਬਾਨੀ ਦਾ ਕੰਮ ਕੀਤਾ ਹੈ। ਇੱਥੇ ਸੜਕਾਂ ਦੇ ਆਸੇ-ਪਾਸੇ ਦਰੱਖਤ ਲਗਾਉਣ ਦਾ ਕੰਮ ਅਲਾਟ ਕੀਤਾ ਗਿਆ ਸੀ, ਜੋ ਕਿ ਮੁਕੰਮਲ ਹੋਣ ਦੇ ਨੇੜੇ ਹੈ। 2.5 ਕਰੋੜ ਰੁਪਏ ਦੀ ਲਾਗਤ ਦੇ ਇਸ ਕੰਮ ਵਿਚ ਦਰੱਖਤਾਂ ਦੀ 5 ਸਾਲਾਂ ਦੀ ਦੇਖ-ਭਾਲ ਵੀ ਸ਼ਾਮਲ ਹੈ।
ਵਿਕਾਸ ਅਥਾਰਟੀ ਵਲੋਂ ਪੀ. ਆਰ.-7 ਰੋਡ (ਐਰੋਸਿਟੀ ਨੂੰ ਵੰਡਦੀ ਸੜਕ) ਦੇ ਦੋਵੇਂ ਪਾਸੇ ਗਰੀਨ ਬੈਲਟ ਦੇ ਸੁੰਦਰੀਕਰਨ ਲਈ ਸ਼ਰੱਬ, ਫੁੱਲ, ਸਪੈਸੀਮਨ (ਸਜਾਵਟੀ) ਬੂਟੇ ਅਤੇ ਘਾਹ ਆਦਿ ਲਗਾਉਣ ਦਾ ਇਕ ਹੋਰ ਕੰਮ ਅਲਾਟ ਕੀਤਾ ਗਿਆ ਹੈ। 2.5 ਕਰੋੜ ਰੁਪਏ ਦੇ ਇਸ ਕੰਮ ਵਿਚ ਪੀ. ਆਰ. 7 ਰੋਡ ਦੇ ਦੋਵੇਂ ਪਾਸੇ ਦੀ 6 ਕਿਲੋਮੀਟਰ ਲੰਬੀ ਗਰੀਨ ਬੈਲਟ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਕੰਮ ਤੋਂ ਇਲਾਵਾ ਪੀ. ਆਰ.-7 ਰੋਡ ਦੇ ਸੁੰਦਰੀਕਰਨ ਦਾ 1.02 ਕਰੌੜ ਰੁਪਏ ਦੀ ਲਾਗਤ ਦਾ ਇਕ ਹਰ ਕੰਮ ਵੀ ਅਲਾਟ ਕੀਤਾ ਗਿਆ ਹੈ। ਅਥਾਰਟੀ ਜਲਦੀ ਹੀ ਹੋਰ ਇਲਾਕਿਆਂ ਜਿਵੇਂ ਸੈਕਟਰ-76, 77, 78, 79, 80 ਅਤੇ ਨਿਊ ਚੰਡੀਗੜ੍ਹ ਵਿਖੇ ਮੁੱਲਾਂਪੁਰ-ਸਿਸਵਾਂ ਰੋਡ 'ਤੇ ਬਾਗਬਾਨੀ ਅਤੇ ਲੈਂਡਸਕੇਪਿੰਗ ਦੇ ਕੰਮ ਕਰੇਗੀ। ਇਨ੍ਹਾਂ ਵਿਚੋਂ ਕੁਝ ਕੰਮਾਂ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ, ਜਦੋਂਕਿ ਬਾਕੀ ਕੰਮ ਵੀ ਜਲਦੀ ਅਲਾਟ ਕਰ ਦਿੱਤੇ ਜਾਣਗੇ।


Babita

Content Editor

Related News