ਕੁੜੀ ''ਤੇ ਸੈਨੇਟਾਈਜ਼ਰ ਪਾ ਕੇ ਜ਼ਿੰਦਾ ਸਾੜਿਆ, ਪਿਤਾ ਤੇ ਚਾਚੇ ਦੇ ਕੰਮ ''ਤੇ ਜਾਣ ਮਗਰੋਂ ਕੀਤੀ ਵਾਰਦਾਤ

Saturday, Aug 22, 2026 - 04:44 PM (IST)

ਕੁੜੀ ''ਤੇ ਸੈਨੇਟਾਈਜ਼ਰ ਪਾ ਕੇ ਜ਼ਿੰਦਾ ਸਾੜਿਆ, ਪਿਤਾ ਤੇ ਚਾਚੇ ਦੇ ਕੰਮ ''ਤੇ ਜਾਣ ਮਗਰੋਂ ਕੀਤੀ ਵਾਰਦਾਤ

ਮੋਹਾਲੀ (ਵੈੱਬ ਡੈਸਕ, ਸੰਦੀਪ) : ਮੋਹਾਲੀ ਦੀ ਗੁਰੂ ਨਾਨਕ ਕਾਲੋਨੀ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਨਾਬਾਲਗ ਕੁੜੀ ਦੇ ਘਰ ਵੜ ਕੇ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਛੇੜਛਾੜ ਦਾ ਵਿਰੋਧ ਕਰਨ 'ਤੇ 3 ਨੌਜਵਾਨਾਂ ਨੇ ਇਸ ਖ਼ੌਫ਼ਨਾਕ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੌਰਾਨ ਕੁੜੀ ਦਾ 80 ਫ਼ੀਸਦੀ ਸਰੀਰ ਸੜ ਗਿਆ ਹੈ ਅਤੇ ਹਸਪਤਾਲ 'ਚ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਦੋਸ਼ੀ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਨਾਬਾਲਗ ਕੁੜੀ 'ਤੇ ਜ਼ਬਰਨ ਗੱਲ ਕਰਨ ਦਾ ਦਬਾਅ ਪਾ ਰਿਹਾ ਸੀ। ਦੋਸ਼ੀ ਹਾਲ 'ਚ ਹੀ ਘਰ ਪੁੱਜਾ ਅਤੇ ਕੁੜੀ ਅਤੇ ਉਸ ਦੇ ਚਾਚੇ ਨੂੰ ਕਮਰੇ 'ਚ ਬੰਦ ਕਰ ਦਿੱਤਾ।

ਚਾਚੇ ਨੇ ਉਸ ਦਾ ਵਿਰੋਧ ਕੀਤਾ ਤਾਂ ਬੜੀ ਮੁਸ਼ਕਲ ਨਾਲ ਉਸ ਦੇ ਚੁੰਗਲ ਤੋਂ ਕੁੜੀ ਨੂੰ ਛੁਡਾਇਆ। ਇਸ ਤੋਂ ਬਾਅਦ ਕੁੜੀ ਦਾ ਪਿਤਾ ਅਤੇ ਚਾਚਾ ਕੰਮ 'ਤੇ ਚਲੇ ਗਏ। ਘਰਵਾਲਿਆਂ ਦਾ ਦੋਸ਼ ਹੈ ਕਿ ਪਿਤਾ ਤੇ ਚਾਚੇ ਦੇ ਘਰੋਂ ਜਾਣ ਤੋਂ ਬਾਅਦ ਦੋਸ਼ੀ ਆਪਣੇ ਦੋ ਚਚੇਰੇ ਭਰਾਵਾਂ ਨਾਲ ਫਿਰ ਘਰ ਆਇਆ। ਉਸ ਸਮੇਂ ਕੁੜੀ ਘਰ 'ਚ ਇਕੱਲੀ ਸੀ। ਤਿੰਨਾਂ ਨੇ ਉਸ ਨੂੰ ਘੇਰ ਲਿਆ ਅਤੇ ਇਸ ਦੌਰਾਨ ਮੁੱਖ ਦੋਸ਼ੀ ਨੇ ਕੁੜੀ 'ਤੇ ਸੈਨੇਟਾਈਜ਼ਰ ਪਾ ਕੇ ਅੱਗ ਲਾ ਦਿੱਤੀ। ਅੱਗ ਲੱਗਦੇ ਹੀ ਕੁੜੀ ਚੀਕਣ ਲੱਗੀ। ਦੋਸ਼ੀ ਨੇ ਬਾਹਰੋਂ ਕਮਰਾ ਬੰਦ ਕਰ ਦਿੱਤਾ ਅਤੇ ਭੱਜ ਗਿਆ। ਕੁੜੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਇਕੱਠੇ ਹੋ ਤਾਂ ਦੇਖਿਆ ਕਿ ਦਰਵਾਜ਼ਾ ਬਾਹਰੋਂ ਬੰਦ ਸੀ। ਗੁਆਂਢੀਆਂ ਨੇ ਘਰ ਵਾਲਿਆਂ ਨੂੰ ਦੱਸਿਆ ਅਤੇ ਤਾਲਾ ਤੋੜ ਕੇ ਕੁੜੀ ਨੂੰ ਬਾਹਰ ਕੱਢਿਆ।

ਉਦੋਂ ਤੱਕ ਉਸ ਦਾ 80 ਫ਼ੀਸਦੀ ਸਰੀਰ ਸੜ ਚੁੱਕਾ ਸੀ। ਘਰਵਾਲੇ ਤੁਰੰਤ ਕੁੜੀ ਨੂੰ ਫੇਜ਼-6 ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਕਈ ਵਾਰ ਰਾਹ 'ਚ ਉਸ ਨਾਲ ਛੇੜਛਾੜ ਵੀ ਕਰਦਾ ਸੀ। ਇਕ ਮਹੀਨਾਂ ਪਹਿਲਾ ਉਨ੍ਹਾਂ ਨੇ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਸੀ ਪਰ ਉਦੋਂ ਦੋਸ਼ੀ ਨੇ ਮੁਆਫ਼ੀ ਮੰਗ ਲਈ ਸੀ। ਫਿਲਹਾਲ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਪੂਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
 


author

Babita

Content Editor

Related News