ਬਾਲੜੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੱਧ ਪ੍ਰਦੇਸ਼ ਵਾਂਗ ਪੰਜਾਬ ਸਰਕਾਰ ਵੀ ਦੇਵੇ ਮੌਤ ਦੀ ਸਜ਼ਾ

Wednesday, Dec 06, 2017 - 04:38 PM (IST)

ਬਾਲੜੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੱਧ ਪ੍ਰਦੇਸ਼ ਵਾਂਗ ਪੰਜਾਬ ਸਰਕਾਰ ਵੀ ਦੇਵੇ ਮੌਤ ਦੀ ਸਜ਼ਾ


ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਸੁਖਪਾਲ) - ਬਾਲੜੀਆਂ ਨਾਲ ਹੋ ਰਹੇ ਜਬਰ-ਜ਼ਨਾਹ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸ਼ਲਾਘਾ ਭਰਿਆ ਕਦਮ ਚੁੱਕਿਆ ਹੈ, ਜਿਸ ਅਨੁਸਾਰ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਪੰਜਾਬ ਵਿਚ ਵੀ 12 ਸਾਲ ਤੋਂ ਘੱਟ ਉਮਰ ਦੀਆਂ ਅਨੇਕਾਂ ਬੱਚੀਆਂ ਨਾਲ ਦਰਿੰਦਿਆਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ ਹੈ ਪਰ ਪੰਜਾਬ 'ਚ ਕਾਨੂੰਨ ਦਾ ਡੰਡਾ ਅਜੇ ਸਖਤ ਨਹੀਂ ਹੈ, ਜਿਸ ਕਰਕੇ ਦੋਸ਼ੀਆਂ ਵਿਚ ਡਰ ਘੱਟ ਹੈ। 

ਅਨੇਕਾਂ ਬੱਚੀਆਂ ਦੀਆਂ ਕੀਮਤੀ ਜਾਨਾਂ ਗਈਆਂ : ਲਖਵੀਰ ਕੌਰ ਸੀਰਵਾਲਾ 
ਐੱਸ. ਬੀ. ਐੱਸ. ਮਾਡਲ ਸੀਰਵਾਲਾ ਦੀ ਪ੍ਰਿੰਸੀਪਲ ਲਖਵੀਰ ਕੌਰ ਸੀਰਵਾਲਾ ਨੇ ਕਿਹਾ ਕਿ ਅਨੇਕਾਂ ਛੋਟੀਆਂ ਬੱਚੀਆਂ ਦੀਆਂ ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ। ਪਹਿਲਾਂ ਦਰਿੰਦਿਆਂ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਤੇ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਰਿਆ, ਜਿਸ ਕਰਕੇ ਪੰਜਾਬ ਸਰਕਾਰ ਮੱਧ ਪ੍ਰਦੇਸ਼ ਵਾਂਗ ਹੀ ਸਖਤ ਕਾਨੂੰਨ ਬਣਾਏ ਤੇ ਬੱਚੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ । 

ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ਼ : ਗੁਰਮੇਲ ਕੌਰ ਸਰਪੰਚ 
ਪਿੰਡ ਭਾਗਸਰ ਦੀ ਸਰਪੰਚ ਗੁਰਮੇਲ ਕੌਰ ਨੇ ਕਿਹਾ ਕਿ ਜਬਰ-ਜ਼ਨਾਹ ਦਾ ਸ਼ਿਕਾਰ ਹੋਈਆਂ ਅਨੇਕਾਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਉਹ ਰੁਲਦੀਆਂ ਫਿਰਦੀਆਂ ਹਨ। ਕਾਨੂੰਨ ਵਿਵਸਥਾ ਵਿਚ ਸੁਧਾਰ ਕਰਨ ਦੀ ਲੋੜ ਹੈ ਤੇ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। 

ਦੋਸ਼ੀ ਨੂੰ ਦਿੱਤੀ ਜਾਵੇ ਮੌਤ ਦੀ ਸਜ਼ਾ : ਹਰਗੋਬਿੰਦ ਕੌਰ 
ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੀ ਚੇਅਰਪਰਸਨ ਹਰਗੋਬਿੰਦ ਕੌਰ ਦੀ ਪੰਜਾਬ ਸਰਕਾਰ ਤੇ ਮਾਣਯੋਗ ਹਾਈ ਕੋਰਟ ਤੋਂ ਮੰਗ ਹੈ ਕਿ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਜੇਕਰ ਕਾਨੂੰਨ ਸਖਤ ਹੋਵੇਗਾ ਤਾਂ ਫਿਰ ਹੀ ਅਜਿਹੀਆਂ ਘਟਨਾਵਾਂ ਘਟਣਗੀਆਂ। 
 


Related News