ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਨ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
Friday, Jun 16, 2023 - 02:59 PM (IST)
ਅੰਮ੍ਰਿਤਸਰ : ਐੱਸ. ਜੀ. ਪੀ. ਸੀ. ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪਣ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੇਵਾ ਧੰਨ ਗੁਰੂ ਰਾਮਦਾਸ ਜੀ ਨੇ ਬਖ਼ਸ਼ੀਸ਼ ਕੀਤੀ ਹੈ, ਸਾਡੀ ਨਿਭਾਉਣ ਦੀ ਕੋਈ ਸਮਰੱਥਾ ਨਹੀਂ ਸੀ ਪਰ ਗੁਰੂ ਜੀ ਦੀ ਮਿਹਰ ਸਦਕਾ ਸਾਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਸਤਿਗੁਰੂ ਜੀ ਸਾਨੂੰ ਇਸ ਯੋਗ ਕਰਨ ਕਿ ਅਸੀਂ ਸੰਗਤ ਅਤੇ ਇਸ ਪਾਵਨ ਅਸਥਾਨ ਦੀ ਸੇਵਾ ਚੜ੍ਹਦੀ ਕਲਾ ਨਾਲ ਕਰ ਸਕੀਏ।
ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਤਾਲਮੇਲ ਦੇ ਬਾਰੇ ਗੱਲ ਕਰਦਿਆਂ ਆਖਿਆ ਕਿ ਅਸੀਂ ਇਕੱਠੇ 6 ਸਾਲ ਤੋਂ ਗੁਰੂਘਰ ਦੀ ਸੇਵਾ ਨਿਭਾਉਂਦੇ ਆਏ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਕਾਰਜ ਆਰੰਭ ਕੀਤੇ ਸਨ, ਉਨ੍ਹਾਂ ਕੰਮਾਂ ਨੂੰ ਅੱਗੇ ਲਿਜਾਇਆ ਜਾਵੇਗਾ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਸੀਂ ਬਹੁਤ ਵਧੀਆ ਤਾਲਮੇਲ ਦੇ ਨਾਲ 6 ਸਾਲ ਦਾ ਸਮਾਂ ਬਤੀਤ ਕੀਤਾ ਹੈ ਅਤੇ ਅਸੀਂ ਅੱਗੇ ਇਸੇ ਤਰ੍ਹਾਂ ਅਗਲੇ ਫ਼ੈਸਲੇ ਲੈਣ ਦੇ ਯਤਨ ਕਰਾਂਗੇ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਇਹ ਸੁਭਾਵਿਕ ਹੈ ਕਿ ਇਸ ਰਾਹ 'ਤੇ ਤੁਰਦਿਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾਵੇ ਅਤੇ ਸਮੁੱਚੀਆਂ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਦਾ ਯਤਨ ਕੀਤਾ ਜਾਵੇ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਐੱਸ. ਜੀ. ਪੀ. ਸੀ. ਪ੍ਰਧਾਨ ਦੀਆਂ ਵੱਡੀਆਂ ਗੱਲਾਂ
ਜਥੇਦਾਰ ਰਘਬੀਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਵਾਧੂ ਚਾਰਜ ਦਿੱਤਾ ਗਿਆ
ਐੱਸ. ਜੀ. ਪੀ. ਸੀ. ਪ੍ਰਧਾਨ ਨੇ ਕਿਹਾ ਕਿ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀਆਂ ਸੇਵਾਵਾਂ ਜਥੇਦਾਰ ਦੇ ਤੌਰ ’ਤੇ ਸ੍ਰੀ ਦਮਦਮਾ ਸਾਹਿਬ ਵਿਖੇ ਜਾਰੀ ਰੱਖਣਗੇ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਗਿਆਨੀ ਰਘਬੀਰ ਸਿੰਘ ਨਿਭਾਉਣਗੇ, ਜੋ ਕਿ ਪਹਿਲਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ। ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ’ਤੇ ਵਾਧੂ ਸੇਵਾਵਾਂ ਨਿਭਾਉਣਗੇ। ਇਸ ਤੋਂ ਇਲਾਵਾ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੋ ਕਿ ਸੱਚਖੰਡ ਦੇ ਹੈੱਡ ਗ੍ਰੰਥੀ ਸਿੰਘ ਵੀ ਹਨ, ਉਹ ਨਿਭਾਉਣਗੇ ਅਤੇ ਉਨ੍ਹਾਂ ਨੂੰ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।