ਪ੍ਰਧਾਨਗੀ ਦਾ ਨਾਜਾਇਜ਼ ਫਾਇਦਾ ਲੈ ਕੇ ਬਣਾਈ ਬੇਨਾਮੀ ਜਾਇਦਾਦ ਅਤੇ ਕੀਤੇ ਕਬਜ਼ੇ
Wednesday, Oct 25, 2017 - 07:20 AM (IST)
ਤਰਨਤਾਰਨ, (ਰਮਨ, ਰਾਜੂ)- ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਖਿਲਾਫ ਉਸ ਦੇ ਭਤੀਜੇ ਅਤੇ ਯੂਥ ਕਾਂਗਰਸੀ ਨੇਤਾ ਰਮਨੀਕ ਸਿੰਘ ਖੇੜਾ ਨੇ ਇਕ ਪ੍ਰੈੱਸ ਕਾਨਫਰੰਸ ਰਾਹੀਂ ਗੰਭੀਰ ਦੋਸ਼ ਲਾਉਂਦੇ ਹੋਏ ਜਿੱਥੇ ਰਿਸ਼ਤੇ ਦੀ ਕੜਵਾਹਟ ਨੂੰ ਸਾਹਮਣੇ ਲਿਆਂਦਾ ਹੈ, ਉਥੇ ਸਿਆਸਤ 'ਚ ਕਾਫੀ ਗਰਮੀ ਪੈਦਾ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਰਾਹੀਂ ਰਮਨੀਕ ਸਿੰਘ ਖੇੜਾ ਜੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਦਾ ਸਕਾ ਭਤੀਜਾ ਹੈ, ਨੇ ਦੱਸਿਆ ਕਿ ਉਸ ਦੇ ਚਾਚਾ ਨੇ ਆਪਣੀ ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਸਰਕਾਰ ਮੌਕੇ ਸ਼ਹਿਰ 'ਚ ਕਈ ਪਾਸ਼ ਇਲਾਕਿਆਂ 'ਚ ਨਾਜਾਇਜ਼ ਕਬਜ਼ੇ ਕੀਤੇ ਸਨ ਅਤੇ ਜ਼ਮੀਨਾਂ ਦੇ ਮਾਲਕਾਂ ਨੂੰ ਜ਼ਬਰਦਸਤੀ ਧਮਕਾਉਂਦੇ ਹੋਏ ਉਨ੍ਹਾਂ ਕੋਲੋਂ ਰਜਿਸਟਰੀਆਂ ਕਰਵਾਈਆਂ ਸਨ।
ਖੇੜਾ ਨੇ ਕਿਹਾ ਕਿ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਹਾਰਨ ਦਾ ਮੁੱਖ ਕਾਰਨ ਵੀ ਭੁਪਿੰਦਰ ਸਿੰਘ ਖੇੜਾ ਵੱਲੋਂ ਨਾਜਾਇਜ਼ ਕਬਜ਼ੇ ਕਰਨਾ ਅਤੇ ਨਸ਼ਾ ਸਮੱਗਲਰਾਂ ਦਾ ਸਾਥ ਦੇਣਾ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਉਸ ਦੇ ਚਾਚਾ ਨੇ ਸ਼ਹਿਰ 'ਚ ਮੌਜੂਦ 2 ਬੰਦ ਪਏ ਸ਼ੈਲਰਾਂ 'ਤੇ ਕਬਜ਼ਾ ਕੀਤਾ। ਰਮਨੀਕ ਸਿੰਘ ਖੇੜਾ ਨੇ ਦੱਸਿਆ ਕਿ ਪ੍ਰਧਾਨਗੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਭੁਪਿੰਦਰ ਸਿੰਘ ਖੇੜਾ ਵੱਲੋਂ ਵੱਡੇ ਪੱਧਰ 'ਤੇ ਬੇਨਾਮੀ ਜਾਇਦਾਦ ਬਣਾਈ ਗਈ ਅਤੇ ਇਸ ਦੀ ਕਾਲੀ ਕਮਾਈ ਦੀ ਰਾਸ਼ੀ ਸਵਿਸ ਬੈਂਕ 'ਚ ਜਮ੍ਹਾ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਵਿਜੀਲੈਂਸ ਵਿਭਾਗ, ਜ਼ਿਲੇ ਦੇ ਡਿਪਟੀ ਕਮਿਸ਼ਨਰ, ਡੀ. ਜੀ. ਪੀ. ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇਣ ਜਾ ਰਹੇ ਹਨ। ਰਮਨੀਕ ਸਿੰਘ ਖੇੜਾ ਨੇ ਇਹ ਵੀ ਦੋਸ਼ ਲਾਏ ਕਿ ਭੁਪਿੰਦਰ ਸਿੰਘ ਖੇੜਾ ਦਾ ਪਿਛਲੇ ਸਮੇਂ 'ਚ ਸਾਂਝਾ ਮਾਮੂਲੀ ਕਾਰੋਬਾਰ ਸੀ, ਜਦਕਿ ਸਿਆਸਤ 'ਚ ਪੈਰ ਰੱਖਣ ਤੋਂ ਬਾਅਦ ਉਨ੍ਹਾਂ ਕੋਲ ਕਰੋੜਾਂ-ਅਰਬਾਂ ਦੀ ਜਾਇਦਾਦ ਕਿੱਥੋਂ ਆ ਗਈ, ਜਾਂਚ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਕੁੱਝ ਅਕਾਲੀ ਕੌਂਸਲਰ, ਸਹਿਕਾਰੀ ਬੈਂਕ ਦਾ ਇਕ ਸੀਨੀਅਰ ਅਧਿਕਾਰੀ, ਇਕ ਸ਼ਹਿਰੀ ਪਟਵਾਰੀ ਅਤੇ ਇਕ ਡਿਪੂ ਹੋਲਡਰ ਨੇ ਵੀ ਵੱਡੇ ਪੱਧਰ 'ਤੇ ਬੇਨਾਮੀ ਜਾਇਦਾਦ ਬਣਾਈ ਹੈ, ਜਿਸ ਦੇ ਉਨ੍ਹਾਂ ਕੋਲ ਕਾਫੀ ਸਬੂਤ ਹਨ। ਰਮਨੀਕ ਸਿੰਘ ਖੇੜਾ ਨੇ ਦੱਸਿਆ ਕਿ ਉਸ ਨੂੰ ਸਾਬਕਾ ਪ੍ਰਧਾਨ ਖੇੜਾ ਖਿਲਾਫ ਨਾ ਬੋਲਣ ਦੀਆਂ ਪਰਿਵਾਰਕ ਤੌਰ 'ਤੇ ਧਮਕੀਆਂ ਵੀ ਮਿਲ ਰਹੀਆਂ ਹਨ, ਜਿਸ ਤੋਂ ਉਹ ਡਰਨ ਵਾਲੇ ਨਹੀਂ। ਇਸ ਮੌਕੇ ਗੁਰਪ੍ਰੀਤ ਸਿੰਘ ਖੇੜਾ, ਵਿਨੋਦ ਕੁਮਾਰ ਤੇ ਨਵਦੀਪ ਹਰਨੇਜਾ ਵੀ ਹਾਜ਼ਰ ਸਨ।
