''ਜੈਪਾਲ'' ਐਨਕਾਊਂਟਰ ਮਗਰੋਂ ਪਹਿਲੀ ਵਾਰ ਸਾਹਮਣੇ ਆਇਆ ਗੈਂਗਸਟਰ ''ਰਿੰਦਾ'', ਯੂ-ਟਿਊਬ ''ਤੇ ਕੀਤੇ ਵੱਡੇ ਖ਼ੁਲਾਸੇ
Friday, Jun 25, 2021 - 09:54 AM (IST)
ਲੁਧਿਆਣਾ (ਰਾਜ) : ਪੱਛਮੀ ਬੰਗਾਲ ’ਚ ਜੈਪਾਲ ਅਤੇ ਜੱਸੀ ਦੇ ਐਨਕਾਊਂਟਰ ਤੋਂ ਬਾਅਦ ‘ਜਗ ਬਾਣੀ’ ਨੇ ਇਕ ਨਿਊਜ਼ ਪ੍ਰਕਾਸ਼ਿਤ ਕਰ ਕੇ ਖ਼ੁਲਾਸਾ ਕੀਤਾ ਸੀ ਕਿ ‘ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ਵਿਚ ਸੀ ਜੈਪਾਲ’। ਇਸ ਨਿਊਜ਼ ਦੇ ਛਪਣ ਤੋਂ ਬਾਅਦ ਪਹਿਲੀ ਵਾਰ ਹਰਵਿੰਦਰ ਸਿੰਘ ਉਰਫ਼ ਰਿੰਦਾ ਮੀਡੀਆ ਦੇ ਸਾਹਮਣੇ ਆਇਆ ਹੈ। ਉਸ ਨੇ ਇਕ ਨਿੱਜੀ ਯੂ-ਟਿਊਬ ਚੈਨਲ ਜ਼ਰੀਏ ਇੰਟਰਵਿਊ ਦੇ ਕੇ ਆਪਣੀ ਗੱਲ ਸਾਹਮਣੇ ਰੱਖੀ ਹੈ, ਜਿਸ ਵਿਚ ਉਸ ਨੇ ਕਿਹਾ ਕਿ ਉਸ ਦਾ ਨਾਂ ਜੈਪਾਲ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਪਿਛਲੇ 6 ਮਹੀਨਿਆਂ ਤੋਂ ਉਸ ਦੀ ਜੈਪਾਲ ਨਾਲ ਕੋਈ ਗੱਲ ਨਹੀਂ ਹੋਈ। 6 ਮਹੀਨੇ ਪਹਿਲਾਂ ਸਿਰਫ ਹਾਲ-ਚਾਲ ਪੁੱਛਣ ਲਈ ਉਸ ਦੀ ਅਤੇ ਜੈਪਾਲ ਦੀ ਗੱਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚ ਕੋਈ ਗੱਲ ਨਹੀਂ ਹੋਈ। ਇਸ ਤੋਂ ਇਲਾਵਾ ਨਾ ਹੀ ਉਹ ਜੈਪਾਲ ਨੂੰ ਵਿਦੇਸ਼ ਭਜਾਉਣ ’ਚ ਮਦਦ ਕਰ ਰਿਹਾ ਸੀ। ਰਿੰਦਾ ਨੇ ਕਿਹਾ ਹੈ ਕਿ ਪੁਲਸ ਜਾਣ-ਬੁੱਝ ਕੇ ਉਸ ਦਾ ਨਾਂ ਸ਼ਾਮਲ ਕਰ ਰਹੀ ਹੈ। ਉਸ ਨੇ ਪੁਲਸ ਵੱਲੋਂ ਦੱਸੀਆਂ ਗਈਆਂ ਗੱਲਾਂ ਝੂਠ ਹੋਣ ਦਾ ਦਾਅਵਾ ਕੀਤਾ ਹੈ। ਹਰਵਿੰਦਰ ਰਿੰਦਾ ਨੇ ਮੀਡੀਆ ਇੰਟਰਵਿਊ ਜ਼ਰੀਏ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਕਹਿ ਰਹੀ ਹੈ ਕਿ ਜੈਪਾਲ ਵੱਡਾ ਨਸ਼ਾ ਤਸਕਰ ਸੀ ਅਤੇ ਨਾਜਾਇਜ਼ ਹਥਿਆਰ ਵੀ ਸਪਲਾਈ ਕਰਦਾ ਸੀ ਪਰ ਜਦੋਂ ਪੱਛਮੀ ਬੰਗਾਲ ’ਚ ਉਸ ਦਾ ਐਨਕਾਊਂਟਰ ਹੋਇਆ ਤਾਂ ਉਸ ਕੋਲੋਂ ਨਾ ਕੋਈ ਨਸ਼ਾ ਬਰਾਮਦ ਹੋਇਆ ਅਤੇ ਨਾ ਹੀ ਕੋਈ ਵੱਡਾ ਹਥਿਆਰ। ਜੇਕਰ ਇਹੀ ਪੰਜਾਬ ਪੁਲਸ ਹੁੰਦੀ ਤਾਂ ਉਸ ਨੇ ਜੈਪਾਲ ਕੋਲੋਂ ਨਸ਼ਾ ਬਰਾਮਦਗੀ ਵੀ ਦਿਖਾ ਦੇਣੀ ਸੀ। ਰਿੰਦਾ ਦਾ ਕਹਿਣਾ ਹੈ ਕਿ ਜੈਪਾਲ ਪੁਲਸ ’ਤੇ ਫਾਇਰ ਨਹੀਂ ਕਰ ਸਕਦਾ ਸੀ। ਹੋ ਸਕਦਾ ਹੈ ਕਿ ਵਾਰਦਾਤ ਵਿਚ ਜੈਪਾਲ ਸ਼ਾਮਲ ਹੋਵੇ ਪਰ ਪੁਲਸ ਮੁਲਾਜ਼ਮ ’ਤੇ ਉਹ ਕਦੇ ਹਮਲਾ ਨਹੀਂ ਕਰ ਸਕਦਾ ਸੀ। ਰਿੰਦਾ ਮੁਤਾਬਕ ਜੈਪਾਲ ਉਸ ਨੂੰ ਕਹਿੰਦਾ ਸੀ ਕਿ ਉਹ ਪੁਲਸ ’ਤੇ ਕਦੇ ਹਮਲਾ ਨਹੀਂ ਕਰੇਗਾ ਕਿਉਂਕਿ ਉਸ ਦੇ ਪਿਤਾ ਵੀ ਪੰਜਾਬ ਪੁਲਸ ’ਚ ਇੰਸਪੈਕਟਰ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : PGI ਦੀ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ, ਗੋਲੀਆਂ ਲੱਗਣ ਨਾਲ ਹੀ ਹੋਈ ਸੀ 'ਜੈਪਾਲ ਭੁੱਲਰ' ਦੀ ਮੌਤ
ਕੇ. ਐੱਲ. ਐੱਫ. ਅਤੇ ਬੱਬਰ ਖ਼ਾਲਸਾ ਨਾਲ ਸਬੰਧ ਹੋਣ ਤੋਂ ਕੀਤਾ ਇਨਕਾਰ
ਮੀਡੀਆ ਇੰਟਰਵਿਊ ’ਚ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਉਸ ਦਾ ਕੇ. ਐੱਲ. ਐੱਫ. (ਖਾਲਿਸਤਾਨ ਲਿਬਰੇਸ਼ਨ ਫੋਰਸ) ਅਤੇ ਬੱਬਰ ਖਾਲਸਾ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ ਪਰ ਕਿਤੇ ਨਾ ਕਿਤੇ ਉਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਸੱਚ ਲਈ ਕੰਮ ਹੋਵੇਗਾ ਤਾਂ ਉਹ ਕਰੇਗਾ। ਉਹ ਝੂਠੇ ਕੰਮ ਕਰਨ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਹਾਈਕਮਾਨ ਦੇ ਨੁਕਤਿਆਂ ’ਤੇ ਹਰਕਤ ’ਚ ਆਏ 'ਕੈਪਟਨ', ਖੇਤ ਕਾਮਿਆਂ ਲਈ ਕੀਤਾ ਵੱਡਾ ਐਲਾਨ
ਸਿੰਗਰ ਤੋਂ ਫਿਰੌਤੀ ਮੰਗਣ ’ਚ ਨਹੀਂ ਸੀ ਸ਼ਾਮਲ, ਸਿਰਫ ਦੋ-ਨੰਬਰੀਆਂ ਤੋਂ ਲਈ ਫਿਰੌਤੀ
ਰਿੰਦਾ ਨੇ ਕਿਹਾ ਕਿ ਉਹ ਮਿਹਨਤ ਦੀ ਕਮਾਈ ਵਾਲਿਆਂ ਤੋਂ ਪੈਸੇ ਨਹੀਂ ਮੰਗਦਾ ਸੀ, ਜਦੋਂ ਕਿ ਉਹ ਦੋ-ਨੰਬਰੀਆਂ ਤੋਂ ਪੈਸਿਆਂ ਦੀ ਫਿਰੌਤੀ ਲੈਂਦਾ ਸੀ। ਕਈ ਤਾਂ ਉਸ ਦੇ ਨਾਂ ਦੀ ਫੇਕ ਆਈ. ਡੀ. ਬਣਾ ਕੇ ਲੋਕਾਂ ਤੋਂ ਜ਼ਬਰੀ ਵਸੂਲੀ ਕਰਦੇ ਰਹੇ ਹਨ। ਇਸੇ ਹੀ ਤਰ੍ਹਾਂ ਮਹਾਰਾਸ਼ਟਰ ਵਿਚ ਵੀ ਇਕ ਪੁਲਸ ਵਾਲਾ ਉਸ ਦੇ ਨਾਂ ਨਾਲ ਆਈ. ਡੀ. ਬਣਾ ਕੇ ਪੈਸੇ ਵਸੂਲਦਾ ਰਿਹਾ ਹੈ। ਉਨ੍ਹਾਂ ਦੀ ਇਕ ਲਾਈਨ ਹੈ ਕਿ ਕਿਸ ਤਰ੍ਹਾਂ ਦੇ ਵਿਅਕਤੀ ਤੋਂ ਪੈਸੇ ਲੈਣੇ ਹਨ ਜਾਂ ਨਹੀਂ ਲੈਣੇ। ਇਸ ਦੌਰਾਨ ਰਿੰਦਾ ਪੁਲਸ ’ਤੇ ਸਵਾਲ ਉਠਾਉਂਦਾ ਰਿਹਾ ਹੈ। ਉਸ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਪੁਲਸ ਹੀ ਜ਼ਬਰਨ ਵਸੂਲੀ ਕਰਦੀ ਰਹੀ ਹੈ, ਜਦੋਂ ਕਿ ਉਸ ਨੇ ਖ਼ੁਦ ਵੀ ਫਿਰੌਤੀ ਦੀ ਗੱਲ ਕਬੂਲੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 3 ਨੌਜਵਾਨਾਂ ਨੇ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ
ਮੈਂ ਸਰੰਡਰ ਕਰਨਾ ਚਾਹੁੰਦਾ ਹਾਂ ਪਰ ਇਨਸਾਫ ਕਿਵੇਂ ਮਿਲੇਗਾ?
ਇੰਟਰਵਿਊ ’ਚ ਹਰਵਿੰਦਰ ਰਿੰਦਾ ਨੇ ਨਹੀਂ ਮੰਨਿਆ ਕਿ ਉਹ ਪਾਕਿਸਤਾਨ ਵਿਚ ਬੈਠਾ ਹੈ। ਉਸ ਨੇ ਆਪਣੀ ਲੋਕੇਸ਼ਨ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਹ ਪੁਲਸ ਦਾ ਭਗੌੜਾ ਹੈ। ਇਸ ਲਈ ਆਪਣੀ ਲੋਕੇਸ਼ਨ ਨਹੀਂ ਦੱਸ ਸਕਦਾ। ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਗੁਨਾਹ ਕਬੂਲ ਕਰਦਾ ਹੈ ਅਤੇ ਸਰੰਡਰ ਵੀ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਇਨਸਾਫ ਕਿਵੇਂ ਮਿਲੇਗਾ।
ਦਰਸ਼ਨ ਅਤੇ ਬੱਬਰੀ ਨੂੰ ਭੇਜਿਆ ਜੁਡੀਸ਼ੀਅਲ ਰਿਮਾਂਡ ’ਤੇ
ਮੁਲਜ਼ਮਾ ਨੇ ਪੁੱਛਗਿੱਛ ’ਚ ਦੱਸਿਆ ਕਿ 7 ਮਹੀਨੇ ਪਹਿਲਾਂ ਡੇਹਲੋਂ ਤੋਂ ਲੁੱਟੀ ਗਈ ਆਈ-20 ਕਾਰ ਸਭ ਤੋਂ ਪਹਿਲਾਂ ਖੰਨਾ ਪੁਲਸ ਮੁਲਾਜ਼ਮ ਤੋਂ ਹਥਿਆਰ ਲੁੱਟਣ ’ਚ ਵਰਤੀ ਸੀ। ਇਸ ਤੋਂ ਬਾਅਦ ਜਗਰਾਓਂ ਵਿਚ ਦੋ ਏ. ਐੱਸ. ਆਈ. ਦੇ ਕਤਲ ਕੇਸ ’ਚ ਇਸੇ ਕਾਰ ਦੀ ਵਰਤੋਂ ਹੋਈ ਸੀ, ਜੋ ਉਹ ਬਾਅਦ ’ਚ ਰਾਜਸਥਾਨ ’ਚ ਛੱਡ ਕੇ ਭੱਜ ਗਏ ਸਨ। ਵੀਰਵਾਰ ਨੂੰ ਮੁਲਜ਼ਮਾਂ ਦਾ 3 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਪੁਲਸ ਨੇ ਫਿਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਵਾਪਸ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ