ਰੇਲਵੇ ਦੀ ਨੌਕਰੀ ਦਾ ਝਾਂਸਾ, 40 ਲੱਖ ਹੜੱਪੇ

Sunday, Nov 29, 2026 - 12:33 PM (IST)

ਰੇਲਵੇ ਦੀ ਨੌਕਰੀ ਦਾ ਝਾਂਸਾ, 40 ਲੱਖ ਹੜੱਪੇ

ਮੋਹਾਲੀ (ਜੱਸੀ) : ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਕਥਿਤ ਤੌਰ ’ਤੇ 40 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਜਾਅਲੀ ਜੁਆਇਨਿੰਗ ਲੈਟਰ ਦੇਣ ਦੇ ਦੋਸ਼ ਹੇਠ ਥਾਣਾ ਫੇਸ-1 ਦੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਉਪ ਕਪਤਾਨ ਪੁਲਸ (ਸ਼ਹਿਰੀ-1) ਦੀ ਮੁੱਢਲੀ ਜਾਂਚ ਅਤੇ ਐੱਸ.ਐੱਸ.ਪੀ. ਦੇ ਹੁਕਮਾਂ ਮਗਰੋਂ ਕੀਤੀ ਗਈ ਹੈ। ਪੁਲਸ ਕੋਲ ਦਰਜ ਸ਼ਿਕਾਇਤ ਵਿਚ ਪ੍ਰਵੀਨ ਕੁਮਾਰ ਵਾਸੀ ਫਾਲਕਨ ਵਿਊ, ਸੈਕਟਰ-66ਏ, ਆਈ.ਟੀ. ਸਿਟੀ, ਮੋਹਾਲੀ ਨੇ ਦੱਸਿਆ ਕਿ ਵਿਸ਼ਨੂੰ ਯਾਦਵ ਨਾਲ ਉਸ ਦੀ ਜਾਣ-ਪਛਾਣ ਸੀ। ਜੂਨ 2026 ਵਿਚ ਵਿਸ਼ਨੂੰ ਯਾਦਵ ਆਪਣੇ ਦੋਸਤ ਸੁਮਿਤ ਕੁਮਾਰ ਨੂੰ ਮੋਹਾਲੀ ਲੈ ਕੇ ਆਇਆ ਸੀ। ਉਸ ਨੇ ਸੁਮਿਤ ਨੂੰ ਰੇਲਵੇ ਵਿਭਾਗ ਵਿਚ ਉੱਚ ਅਹੁਦੇ ’ਤੇ ਤਾਇਨਾਤ ਦੱਸਦਿਆਂ ਕਿਹਾ ਸੀ ਕਿ ਉਹ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਰੇਲਵੇ ਵਿਚ ਭਰਤੀ ਕਰਵਾ ਚੁੱਕਾ ਹੈ।

ਸ਼ਿਕਾਇਤਕਰਤਾ ਮੁਤਾਬਕ, ਸੁਮਿਤ ਕੁਮਾਰ ਨੇ ਉਸ ਕੋਲੋਂ ਵੱਖ-ਵੱਖ ਤਰੀਕਾਂ ’ਤੇ ਕਰੀਬ 40 ਲੱਖ ਰੁਪਏ ਵਸੂਲ ਕੀਤੇ ਅਤੇ ਨੌਜਵਾਨਾਂ ਨੂੰ ਜਾਅਲੀ ਜੁਆਇਨਿੰਗ ਲੈਟਰ ਸੌਂਪ ਦਿੱਤੇ। ਦੋਸ਼ ਹੈ ਕਿ ਮੁਲਜ਼ਮਾਂ ਨੇ ਨਾ ਤਾਂ ਨੌਜਵਾਨਾਂ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਨ੍ਹਾਂ ਦੇ ਅਸਲ ਦਸਤਾਵੇਜ਼ ਮੋੜੇ ਹਨ, ਜੋ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿਚ ਹਨ। ਪੁਲਸ ਨੇ ਸੁਮਿਤ ਕੁਮਾਰ ਵਾਸੀ ਪਿੰਡ ਜਾਵਾ, ਜ਼ਿਲ੍ਹਾ ਚਰਖੀ ਦਾਦਰੀ (ਹਰਿਆਣਾ) ਅਤੇ ਵਿਸ਼ਨੂੰ ਯਾਦਵ ਵਾਸੀ ਬਕੌਲੀ (ਦਿੱਲੀ) ਖ਼ਿਲਾਫ਼ ਧਾਰਾ 316(2), 318(4), 336(2), 338, 336(3) ਅਤੇ 340(2) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
200 ਤੋਂ 250 ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਦਿੱਤਾ ਸੀ ਭਰੋਸਾ
ਸ਼ਿਕਾਇਤ ਅਨੁਸਾਰ, ਸੁਮਿਤ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਹ 200 ਤੋਂ 250 ਨੌਜਵਾਨਾਂ ਨੂੰ ਟਿਕਟ ਕੁਲੈਕਟਰ (ਟੀ.ਸੀ.) ਸਮੇਤ ਹੋਰ ਅਹੁਦਿਆਂ ’ਤੇ ਭਰਤੀ ਕਰਵਾ ਸਕਦਾ ਹੈ। ਇਸ ਭਰੋਸੇ ’ਤੇ ਪ੍ਰਵੀਨ ਕੁਮਾਰ ਨੇ 12 ਤੋਂ 13 ਨੌਜਵਾਨਾਂ ਦੇ ਦਸਤਾਵੇਜ਼ ਉਸ ਨੂੰ ਭੇਜੇ ਸਨ। ਸੁਮਿਤ ਨੇ ਨੌਕਰੀ ਮਿਲਣ ਤੋਂ ਬਾਅਦ ਪ੍ਰਤੀ ਨੌਜਵਾਨ 5-5 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ।
 


author

Babita

Content Editor

Related News