ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਬਣੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ
Friday, Jun 12, 2020 - 12:58 PM (IST)
ਪਟਿਆਲਾ (ਬਲਜਿੰਦਰ): ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੁਆਈ ਸਰਦਾਰ ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਨਾ ਕੇਵਲ ਪਟਿਆਲਾ ਬਲਕਿ ਪੂਰੇ ਪੰਜਾਬ 'ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਹੁਦਾ ਅਧਿਕਾਰੀਆਂ ਦੀ ਜਾਰੀ ਸੂਚੀ 'ਚ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ
ਸਰਦਾਰ ਹਰਮੇਲ ਸਿੰਘ ਟੌਹੜਾ 1997 'ਚ ਹਲਕਾ ਦਕਾਲਾ ਤੋਂ ਅਕਾਲੀ ਦਲ ਟਿਕਟ 'ਤੇ ਵਿਧਾਇਕ ਬਣੇ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਲੋਕ ਨਿਰਮਾਣ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਪਹਿਲਾਂ ਹਲਕਾ ਢਕਾਲਾ ਫਿਰ ਹਲਕਾ ਸਨੌਰ ਤੇ ਸਾਲ 2012 'ਚ ਪਟਿਆਲਾ ਹਲਕਾ ਦਿਹਾਤੀ ਤੋਂ ਚੋਣ ਲੜ ਚੁੱਕੇ ਹਨ। ਸ. ਹਰਮੇਸ ਸਿੰਘ ਟੌਹੜਾ ਸਾਲ 2016 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਟੌਹੜਾ ਪਰਿਵਾਰ ਪੰਜਾਬ 'ਚ ਟਕਸਾਲੀ ਅਕਾਲੀ ਅਤੇ ਨਾਮੀ ਪਰਿਵਾਰ ਹੈ। ਖੁਦ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੀ ਧਰਮ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਕਮੇਟੀ ਦੀ ਐਗਜੈਕਟਵਿ ਮੈਂਬਰ ਹੈ। ਉਨ੍ਹਾਂ ਦੇ ਸਪੁੱਤਰ ਹਰਿੰਦਰ ਪਾਲ ਸਿੰਘ ਟੌਹੜਾ ਪਟਿਆਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਨਾਲ ਟਕਸਾਲੀ ਅਕਾਲੀਆਂ ਨੂੰ ਪਾਰਟੀ 'ਚ ਵੱਡੀ ਪ੍ਰਤੀਨਿਧਤਾ ਦਿੱਤੀ ਗਈ ਹੈ। ਇਸ ਮੌਕੇ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਮੇਸ਼ਾ ਹੀ ਟੌਹੜਾ ਪਰਿਵਾਰ ਨੂੰ ਪਾਰਟੀ 'ਚ ਮਾਣ ਦਿੱਤਾ ਗਿਆ ਹੈ, ਕਿਉਂਕਿ ਬਾਦਲ ਪਰਿਵਾਰ ਵੀ ਉਨ੍ਹਾਂ ਦੀ ਆਪਣਾ ਪਰਿਵਾਰ ਹੈ ਇਸ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਲਗਾਈ ਗਈ ਇਸ ਡਿਊਟੀ ਨੂੰ ਬਹੁਤ ਤਨਦੇਹੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇ ਲਾਰੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ