ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ
Friday, Oct 14, 2022 - 09:31 AM (IST)

ਅੰਮ੍ਰਿਤਸਰ (ਨੀਰਜ) - ਪਾਕਿਸਤਾਨੀ ਡਰੋਨਾਂ ਤੋਂ ਰਾਹੀਂ ਮੰਗਵਾਈਆਂ ਗਈਆਂ ਐੱਮ.ਪੀ. 4 ਰਾਈਫਲਾਂ ਪੰਜਾਬ ਵਿਚ ਪਹਿਲੀ ਵਾਰ ਸੁਰੱਖਿਆ ਏਜੰਸੀਆਂ ਨੇ ਫੜੀਆਂ ਹਨ। ਇਸ ਤੋਂ ਪਹਿਲਾਂ ਆਮ ਤੌਰ ’ਤੇ ਹੈਰੋਇਨ ਸਮੱਗਲਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਏ. ਕੇ.-47 ਵਰਗੀਆਂ ਰਾਈਫਲਾਂ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਪਰ ਅਤਿ-ਆਧੁਨਿਕ ਤਕਨੀਕ ਵਾਲੀ ਐੱਮ. ਪੀ. 4 ਰਾਈਫਲ ਦੀ ਪੰਜਾਬ ਵਿਚ ਆਮਦ ਇਕ ਚਿੰਤਾਜਨਕ ਸੰਕੇਤ ਦੇ ਰਹੀ ਹੈ। ਇਹ ਆਉਣ ਵਾਲੇ ਦਿਨਾਂ ਵਿਚ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰ ਰਹੀ ਹੈ। ਐੱਮ. ਪੀ. 4 ਰਾਈਫਲ ਦੀ ਗੱਲ ਕਰੀਏ ਤਾਂ ਇਸ ਰਾਈਫਲ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਦੇ ਗਾਰਡਾਂ ਵਲੋਂ ਕੀਤੀ ਜਾਂਦੀ ਹੈ, ਕਿਉਂਕਿ ਇਹ ਰਾਈਫਲ ਭਾਰ ਵਿਚ ਹਲਕੀ ਹੁੰਦੀ ਹੈ ਅਤੇ ਇਸ ਦਾ ਨਿਸ਼ਾਨਾ ਵੀ ਸਹੀ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਜਿਸ ਤਰ੍ਹਾਂ ਨਾਲ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਏ. ਕੇ. 47 ਵਰਗੀਆਂ ਰਾਈਫਲਾਂ ਨਾਲ ਕਤਲ ਕੀਤਾ ਗਿਆ, ਕੁਝ ਅਜਿਹੀ ਵਾਰਦਾਤ ਆਉਣ ਵਾਲੇ ਦਿਨਾਂ ਵਿਚ ਸੰਭਵ ਹੋ ਸਕਦੀ ਹੈ। ਭਾਵੇਂ ਇਹ ਵਾਰਦਾਤ ਕਿਸੇ ਵੱਡੀ ਗੈਂਗਵਾਰ ਦੇ ਰੂਪ ਵਿਚ ਹੋਵੇ ਜਾਂ ਫਿਰ ਕਿਸੇ ਨਾਮੀ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਵਰਗੀ ਵਾਰਦਾਤ ਦੇ ਰੂਪ ਵਿਚ ਹੋਵੇ। ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਇਸ ਸਬੰਧ ਵਿਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ ਅਤੇ ਪੰਜਾਬ ਪੁਲਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲਾਤ ਕਾਬੂ ਵਿਚ ਹਨ। ਜਿਸ ਤਰ੍ਹਾਂ ਨਾਲ ਮੂਸੇਵਾਲਾ ਕਤਲ ਕਾਂਡ ਵਿਚ ਲੋੜੀਂਦਾ ਗੈਂਗਸਟਰ ਦੀਪਕ ਟੀਨੂ ਪੁਲਸ ਹਿਰਾਸਤ ਵਿਚ ਫ਼ਰਾਰ ਹੋ ਜਾਂਦਾ ਹੈ, ਉਸ ਨਾਲ ਪੰਜਾਬ ਪੁਲਸ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਹੈਰੋਇਨ ਸਮੱਗਲਰਾਂ, ਅੱਤਵਾਦੀਆਂ ਅਤੇ ਗੈਂਗਸਟਰਾਂ ਨੇ ਕੀਤਾ ਗਠਜੋੜ
ਪੰਜ-ਛੇ ਸਾਲ ਪਹਿਲਾਂ ਜ਼ਿਆਦਾਤਰ ਹੈਰੋਇਨ ਸਮੱਗਲਰ ਸਿਰਫ਼ ਹੈਰੋਇਨ ਦੀ ਸਮੱਗਲਿੰਗ ਕਰਦੇ ਸਨ ਅਤੇ ਹਥਿਆਰ ਮੰਗਵਾਉਣ ਬਾਰੇ ਨਹੀਂ ਸੋਚਦੇ ਸਨ। ਜਿਵੇਂ ਹੀ ਹੈਰੋਇਨ ਸਮੱਗਲਰਾਂ, ਅੱਤਵਾਦੀਆਂ ਅਤੇ ਗੈਂਗਸਟਰਾਂ ਨੇ ਆਪਣਾ ਗਠਜੋੜ ਬਣਾ ਲਿਆ, ਉਦੋਂ ਤੋਂ ਹੈਰੋਇਨ ਦੀ ਡਿਲੀਵਰੀ ਦੇ ਨਾਲ-ਨਾਲ ਹਥਿਆਰਾਂ ਦੀ ਵੀ ਖੇਪ ਭੇਜੀ ਜਾ ਰਹੀ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ, ਆਪਸੀ ਲੜਾਈ-ਝਗੜੇ ਅਤੇ ਗੈਂਗਸਟਰਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਹੈ, ਜਿਸ ਕਾਰਨ ਗੈਂਗਵਾਰ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਜੇਲ੍ਹਾਂ ਵਿਚੋਂ ਚੱਲ ਰਹੇ ਨੈੱਟਵਰਕ ਨੂੰ ਤੋੜਨ ’ਚ ਫੇਲ ਏਜੰਸੀਆਂ
ਕਾਊਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਹਾਲ ਵਿਚ ਹਥਿਆਰਾਂ ਦੀ ਵੱਡੀ ਖੇਪ ਫੜਨ ਅਤੇ ਹੋਰ ਵੱਡੇ ਕੇਸਾਂ ਵਿਚ ਜੇਲ੍ਹਾਂ ਦੇ ਅੰਦਰੋਂ ਚੱਲ ਰਹੇ ਨੈਟਵਰਕ ਦਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਹੈਰਾਨੀਜਨਕ ਪਹਿਲੂ ਸਾਹਮਣੇ ਆ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਭਾਵੇਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਹੋਣ ਜਾਂ ਸੂਬਾ ਸਰਕਾਰ ਦੀਆਂ ਏਜੰਸੀਆਂ, ਜੇਲ੍ਹਾ ਵਿਚੋਂ ਚੱਲ ਰਹੇ ਅੱਤਵਾਦੀਆਂ ਅਤੇ ਸਮੱਗਲਰਾਂ ਦੇ ਨੈਟਵਰਕ ਨੂੰ ਤੋੜਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ। ਆਏ ਦਿਨ ਜੇਲ੍ਹਾਂ ਅੰਦਰੋਂ ਖ਼ਤਰਨਾਕ ਅਪਰਾਧੀਆਂ ਤੋਂ ਮੋਬਾਇਲ ਫੋਨ ਫੜੇ ਜਾ ਰਹੇ ਹਨ। ਇੱਥੋਂ ਤੱਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਵੀ ਮੋਬਾਇਲ ਫੋਨ ਫੜੇ ਜਾ ਚੁੱਕੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜੇਲ੍ਹਾਂ ਵਿਚੋਂ ਸ਼ਰੇਆਮ ਤਸੱਕਰਾਂ ਅਤੇ ਗੈਂਗਸਟਰਾਂ ਦਾ ਨੈਟਵਰਕ ਚੱਲ ਰਿਹਾ ਹੈ ਅਤੇ ਕੁਝ ਜੇਲ੍ਹ ਪ੍ਰਬੰਧਕੀ ਅਧਿਕਾਰੀ ਵੀ ਮਿਲੀਭਗਤੀ ਵੀ ਸਾਹਮਣੇ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਹਰਪਾਲ ਚੀਮਾ ਦਾ ਦਾਅਵਾ: ਪੰਜਾਬ 'ਚੋਂ ਖ਼ਤਮ ਕੀਤਾ ਸ਼ਰਾਬ ਮਾਫ਼ੀਆ, SYL 'ਤੇ ਦਿੱਤਾ ਵੱਡਾ ਬਿਆਨ
ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਦੀ ਵੱਡੀ ਘਾਟ
ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਮਾਮਲੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਵਿਚ ਤਾਲਮੇਲ ਦੀ ਵੱਡੀ ਘਾਟ ਨਜ਼ਰ ਆ ਰਹੀ ਹੈ, ਜਿਸ ਨਾਲ ਅੱਤਵਾਦੀ ਸੰਗਠਨਾਂ ਅਤੇ ਗੈਂਗਸਟਰਵਾਦ ਨੂੰ ਉਤਸ਼ਾਹ ਮਿਲ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦਰਮਿਆਨ ਮੀਟਿੰਗਾਂ ਘੱਟ ਹੁੰਦੀਆਂ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਇੱਕ ਦੂਜੇ ਨੂੰ ਪਛਾੜਨ ਦਾ ਮੁਕਾਬਲਾ ਹੁੰਦਾ ਹੈ।
ਜੇਲ੍ਹਾਂ ਵਿਚ ਬੰਦ ਵੱਡੇ ਸਮੱਗਲਰਾਂ ਦੇ ਚੱਲ ਰਹੇ ਹਨ ਸਲੀਪਰ ਸੈੱਲ
ਦੇਖਣ ਵਿਚ ਤਾਂ ਜ਼ਿਆਦਾਤਰ ਹੈਰੋਇਨ ਦੇ ਵੱਡੇ ਸਮੱਗਲਰ ਜੇਲ੍ਹਾਂ ਅੰਦਰ ਕੈਦ ਹਨ ਪਰ ਅਸਲ ਵਿਚ ਜ਼ਿਆਦਾਤਰ ਸਮੱਗਲਰਾਂ ਦੇ ਸਲੀਪਰ ਸੈੱਲ ਬਾਹਰ ਘੁੰਮ ਰਹੇ ਹਨ। ਉਹ ਵਟਸਐਪ ਕਾਲ ਰਾਹੀਂ ਆਪਣੇ ਆਕਾ ਦੇ ਸੰਪਰਕ ਵਿਚ ਰਹਿੰਦੇ ਹਨ। ਜੇਲ੍ਹਾਂ ਵਿਚ ਚੱਲ ਰਹੇ ਮੋਬਾਇਲ ਕੰਪਨੀਆਂ ਦੇ ਨੈਟਵਰਕ ਨੂੰ ਜੈਮਰ ਲਗਾ ਕੇ ਰੋਕਿਆ ਜਾ ਸਕਦਾ ਹੈ ਪਰ ਜ਼ਿਆਦਾਤਰ ਜੇਲ੍ਹਾਂ ਵਿਚ ਜੈਮਰ ਵੀ ਨਹੀਂ ਲੱਗੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ