ਦਿਹਾਤੀ ਪੁਲਸ ਤੇ ਸਮੱਗਲਰਾਂ ''ਚ ਫਾਇਰਿੰਗ
Thursday, Apr 05, 2018 - 04:47 AM (IST)

ਅੰਮ੍ਰਿਤਸਰ, (ਸੰਜੀਵ/ਅਰੁਣ)- ਕਈ ਅਪਰਾਧਿਕ ਮਾਮਲਿਆਂ 'ਚ ਭਗੌੜਾ ਚੱਲ ਰਹੇ ਸਮੱਗਲਰ ਸਿਕੰਦਰ ਸਿੰਘ ਦਾ ਅੰਮ੍ਰਿਤਸਰ ਦਿਹਾਤੀ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਦਰਜਨਾਂ ਗੋਲੀਆਂ ਚੱਲੀਆਂ, ਜਿਸ ਵਿਚ ਸਿਕੰਦਰ ਤੇ ਉਸ ਦੇ ਨਾਲ ਬੈਠੇ ਇਕ ਅਣਪਛਾਤੇ ਨੌਜਵਾਨ 'ਚੋਂ ਇਕ ਨੂੰ ਗੋਲੀ ਲੱਗਣ ਦੀ ਖਬਰ ਹੈ, ਜਦੋਂ ਕਿ 2 ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪੁਲਸ ਨੂੰ ਚਕਮਾ ਦੇ ਕੇ ਤਰਨਤਾਰਨ ਵੱਲ ਫਰਾਰ ਹੋ ਗਏ। ਜਦੋਂ ਤੱਕ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਦੀ, ਸਿਕੰਦਰ ਆਪਣੀ ਗੱਡੀ ਬਦਲ ਕੇ ਸਾਥੀ ਨਾਲ ਭੱਜ ਨਿਕਲਿਆ। ਪੁਲਸ ਅਤੇ ਸਿਕੰਦਰ ਵਿਚ ਹੋਏ ਮੁਕਾਬਲੇ 'ਚ ਸੀ. ਆਈ. ਏ. ਦਿਹਾਤੀ ਦੀ ਸ਼ਿਕਾਇਤ 'ਤੇ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਸਿਕੰਦਰ ਸਿੰਘ ਤੇ ਉਸ ਦੇ ਅਣਪਛਾਤੇ ਸਾਥੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਭਗੌੜਾ ਚੱਲ ਰਿਹਾ ਸੀ। ਪੱਕੀ ਸੂਚਨਾ ਦੇ ਆਧਾਰ 'ਤੇ ਪਿਛਲੀ ਦੇਰ ਰਾਤ ਸੀ. ਆਈ. ਏ. ਦਿਹਾਤੀ ਦੀ ਪੁਲਸ ਸਿਕੰਦਰ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ, ਜਿਵੇਂ ਹੀ ਉਹ ਮਕਬੂਲਪੁਰਾ ਖੇਤਰ ਵਿਚ ਪਹੁੰਚੀ ਅਤੇ ਉਸ ਨੇ ਸਿਕੰਦਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ, ਜਿਸ 'ਤੇ ਤੁਰੰਤ ਦਿਹਾਤੀ ਪੁਲਸ ਨੇ ਜਵਾਬੀ ਫਾਇਰ ਕੀਤੇ। ਹਨੇਰੇ 'ਚ ਦੋਵਾਂ ਵਿਚ ਹੋਈ ਫਾਇਰਿੰਗ 'ਚ ਸਿਕੰਦਰ ਅਤੇ ਉਸ ਦੇ ਸਾਥੀ ਦੋਵਾਂ 'ਚੋਂ ਇਕ ਨੂੰ ਗੋਲੀ ਲੱਗੀ, ਇਸ ਦੌਰਾਨ ਉਹ ਗੱਡੀ ਨੂੰ ਤਰਨਤਾਰਨ ਵੱਲ ਭਜਾ ਕੇ ਲੈ ਗਏ। ਦੋਵਾਂ ਦਾ ਪਿੱਛਾ ਕਰ ਰਹੀ ਪੁਲਸ ਜਦੋਂ ਤੱਕ ਸਿਕੰਦਰ ਦੀ ਗੱਡੀ ਦੇ ਨੇੜੇ ਪਹੁੰਚੀ ਤਾਂ ਉਹ ਆਪਣੀ ਗੱਡੀ ਛੱਡ ਕੇ ਕਿਸੇ ਹੋਰ ਗੱਡੀ ਵਿਚ ਫਰਾਰ ਹੋ ਚੁੱਕਾ ਸੀ।