ਜਵਾਈ ਨੇ ਸਹੁਰੇ ਘਰ ਮਚਾਇਆ ਤਾਂਡਵ, ਪਤਨੀ ਨੂੰ ਨਾਲ ਲਿਜਾਣ ਦੀ ਜ਼ਿੱਦ ''ਚ ਚਲਾਈਆਂ ਗੋਲੀਆਂ

Tuesday, Nov 10, 2026 - 02:09 PM (IST)

ਜਵਾਈ ਨੇ ਸਹੁਰੇ ਘਰ ਮਚਾਇਆ ਤਾਂਡਵ, ਪਤਨੀ ਨੂੰ ਨਾਲ ਲਿਜਾਣ ਦੀ ਜ਼ਿੱਦ ''ਚ ਚਲਾਈਆਂ ਗੋਲੀਆਂ

ਲੁਧਿਆਣਾ (ਰਾਜ) : ਘਰੇਲੂ ਕਲੇਸ਼ ਅਤੇ ਮਾਰਕੁੱਟ ਤੋਂ ਤੰਗ ਆ ਕੇ ਪੇਕੇ ਘਰ ਸ਼ਰਨ ਲੈਣ ਵਾਲੀ ਵਿਆਹੁਤਾ ਨੂੰ ਜ਼ਬਰਦਸਤੀ ਵਾਪਸ ਲੈ ਜਾਣ ਲਈ ਉਸ ਦੇ ਪਤੀ ਵੱਲੋਂ ਖੂਨੀ ਖੇਡ ਖੇਡਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਦੇ ਪਤੀ ਨੇ ਦੇਰ ਰਾਤ ਸਕਾਰਪੀਓ ਕਾਰ 'ਚ ਸਵਾਰ ਹੋ ਕੇ ਆਪਣੇ ਸਹੁਰੇ ਘਰ 'ਤੇ ਧਾਵਾ ਬੋਲ ਦਿੱਤਾ। ਦੋਸ਼ੀ ਨੇ ਨਾ ਸਿਰਫ਼ ਘਰ ਦੇ ਮੁੱਖ ਗੇਟ ਦੀ ਜੰਮ ਕੇ ਭੰਨ-ਤੋੜ ਕੀਤੀ, ਸਗੋਂ ਪਤਨੀ ਨੂੰ ਜ਼ਬਰਦਸਤੀ ਨਾਲ ਲੈ ਜਾਣ ਦੀ ਜ਼ਿੱਦ ਕਰਦਿਆਂ ਉਸ ਦੇ ਪੈਰਾਂ 'ਚ ਦੋ ਗੋਲੀਆਂ ਚਲਾ ਦਿੱਤੀਆਂ। ਪੀੜਤਾ ਨੇ ਫੁਰਤੀ ਦਿਖਾਉਂਦਿਆਂ ਪਿੱਛੇ ਹਟ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ, ਨਹੀਂ ਤਾਂ ਕੋਈ ਵੱਡੀ ਅਨਹੋਣੀ ਵਾਪਰ ਸਕਦੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਆਪਣੇ ਸਾਥੀਆਂ ਤੋਂ ਪੂਰੇ ਪਰਿਵਾਰ ਨੂੰ ਜਾਨੋਂ ਮਾਰਵਾਉਣ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੀਵਾਂਗੀ ਦਾ ਵਿਆਹ ਬਲਕਰਨ ਸਿੰਘ ਨਾਲ ਕੀਤਾ ਸੀ।

ਦੋਸ਼ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਬਲਕਰਨ ਸਿੰਘ ਉਨ੍ਹਾਂ ਦੀ ਧੀ ਨਾਲ ਲਗਾਤਾਰ ਮਾਰਕੁੱਟ ਅਤੇ ਮਾਨਸਿਕ ਤੌਰ 'ਤੇ ਪੇਰਸ਼ਾਨ ਕਰਦਾ ਆ ਰਿਹਾ ਸੀ। ਬੀਤੀ 8 ਨਵੰਬਰ ਨੂੰ ਦੋਸ਼ੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦਿਆਂ ਦੀਵਾਂਗੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੀੜਤਾ ਆਪਣੀ ਜਾਨ ਬਚਾ ਕੇ ਆਪਣੇ ਪੇਕੇ ਘਰ ਪਹੁੰਚ ਗਈ ਅਤੇ ਪਰਿਵਾਰ ਨੂੰ ਹੱਡਬੀਤੀ ਸੁਣਾਈ। ਸ਼ਿਕਾਇਤਕਰਤਾ ਅਨੁਸਾਰ ਉਸੇ ਰਾਤ ਕਰੀਬ 11 ਵਜੇ ਦੋਸ਼ੀ ਬਲਕਰਨ ਸਿੰਘ ਆਪਣੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਧਮਕਿਆ। ਦੋਸ਼ੀ ਨੇ ਆਉਂਦੇ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਮੁੱਖ ਲੋਹੇ ਦੇ ਗੇਟ 'ਚ ਟੱਕਰ ਮਾਰ ਕੇ ਭੰਨ-ਤੋੜ ਕਰਦਿਆਂ ਦਹਿਸ਼ਤ ਫੈਲਾ ਦਿੱਤੀ। ਦੋਸ਼ੀ ਜ਼ਬਰਦਸਤੀ ਘਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਦੀਵਾਂਗੀ ਨੂੰ ਤੁਰੰਤ ਨਾਲ ਚੱਲਣ ਲਈ ਦਬਾਅ ਪਾਉਣ ਲੱਗਾ। ਜਦੋਂ ਪਰਿਵਾਰਕ ਮੈਂਬਰਾਂ ਅਤੇ ਦੀਵਾਂਗੀ ਨੇ ਇਸ ਹਿੰਸਕ ਵਿਵਹਾਰ ਦਾ ਵਿਰੋਧ ਕੀਤਾ ਤਾਂ ਬਲਕਰਨ ਸਿੰਘ ਨੇ ਆਪਣੀ ਜੇਬ੍ਹ 'ਚੋਂ ਹਥਿਆਰ ਕੱਢ ਕੇ ਦੀਵਾਂਗੀ ਦੇ ਪੈਰਾਂ ਵੱਲ ਸਿੱਧੇ ਦੋ ਰੌਂਦ ਫ਼ਾਇਰ ਕਰ ਦਿੱਤੇ। ਦੀਵਾਂਗੀ ਨੇ ਛਾਲ ਮਾਰ ਕੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ, ਜਿਸ ਨਾਲ ਗੋਲੀਆਂ ਫ਼ਰਸ਼ ਨਾਲ ਟਕਰਾ ਕੇ ਲੰਘ ਗਈਆਂ।

ਗੋਲੀਆਂ ਦੀ ਆਵਾਜ਼ ਅਤੇ ਰੌਲਾ ਸੁਣ ਕੇ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਦੋਸ਼ੀ ਬਲਕਰਨ ਸਿੰਘ ਆਪਣੀ ਗੱਡੀ 'ਚ ਬੈਠ ਕੇ ਭੱਜ ਗਿਆ ਅਤੇ ਜਾਂਦੇ-ਜਾਂਦੇ ਪੂਰੇ ਪਰਿਵਾਰ ਨੂੰ ਖ਼ਤਮ ਕਰਵਾਉਣ ਦੀ ਧਮਕੀ ਦੇ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮੌਕੇ 'ਤੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਤੀ ਬਲਕਰਨ ਸਿੰਘ ਖ਼ਿਲਾਫ਼ ਇਰਾਦਾ-ਏ-ਕਤਲ, ਭੰਨ-ਤੋੜ, ਹਥਿਆਰ ਦੀ ਵਰਤੋਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ 'ਚ ਵਰਤੀ ਗਈ ਸਕਾਰਪੀਓ ਗੱਡੀ ਨੂੰ ਟਰੇਸ ਕਰਨ ਅਤੇ ਫਰਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Babita

Content Editor

Related News