ਸੇਵਾਮੁਕਤ ਸੁਪਰਡੈਂਟ ਦੇ ਘਰ ''ਤੇ ਫਾਇਰਿੰਗ ਅਤੇ ਕੀਤਾ ਅਗਵਾ

10/28/2019 11:39:17 PM

ਲੁਧਿਆਣਾ, (ਮਹੇਸ਼)- ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ਵਿਚ ਦੀਵਾਲੀ ਦੀ ਮੱਧ ਰਾਤ ਨੂੰ 4 ਹਥਿਆਰਬੰਦ ਲੋਕਾਂ ਨੇ ਦਾਦਾਗਿਰੀ ਦਿਖਾਉਂਦੇ ਹੋਏ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਤੋਂ ਸੇਵਾਮੁਕਤ ਸੁਪਰਡੈਂਟ 62 ਸਾਲਾ ਜਗਜੀਤ ਸਿੰਘ ਦੇ ਘਰ ’ਤੇ ਹਮਲਾ ਕਰ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਪਰ ਜਦੋਂ ਮੁਲਜ਼ਮ ਇਸ ਵਿਚ ਕਾਮਯਾਬ ਨਹੀਂ ਹੋ ਸਕੇ ਤਾਂ ਉਸ ਨੂੰ ਅਗਵਾ ਕਰ ਲਿਆ। ਕਿਸੇ ਤਰ੍ਹਾਂ ਜਗਜੀਤ ਮੁਲਜ਼ਮਾਂ ਦੀ ਚੁੰਗਲ ’ਚੋਂ ਭੱਜਿਆ ਅਤੇ ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ।

ਇਲਾਕਾ ਪੁਲਸ ਨੇ ਉਸ ਦੀ ਸ਼ਿਕਾਇਤ ’ਤੇ ਰਾਹੁਲ ਸਾਹਨੀ ਉਰਫ ਮੋਹਿਤ, ਰਜਤ ਸਾਹਨੀ, ਰੋਹਿਤ ਸਾਹਨੀ ਅਤੇ ਸੰਨੀ ਖਿਲਾਫ ਕਤਲ ਦਾ ਯਤਨ, ਅਗਵਾ ਅਤੇ ਆਰਮਜ਼ ਐਕਟ ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਅਗਵਾ ਲਈ ਵਰਤੀ ਗਈ ਗੱਡੀ ਜ਼ਬਤ ਕਰ ਲਈ ਹੈ, ਜਦੋਂਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਕੇਸ ਆਪਸੀ ਰੰਜਿਸ਼ ਦਾ ਦੱਸਿਆ ਜਾਂਦਾ ਹੈ।

ਜਗਜੀਤ ਨੇ ਦੱਸਿਆ ਕਿ ਵਾਕਿਆ ਰਾਤ ਕਰੀਬ 12.30 ਵਜੇ ਦਾ ਹੈ। ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਉਸ ਦਾ ਪਰਿਵਾਰ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ, ਉਸੇ ਸਮੇਂ ਹਥਿਆਰਬੰਦ ਮੁਲਜ਼ਮ ਦਨਦਨਾਉਂਦੇ ਹੋਏ ਉਸ ਦੇ ਘਰ ਦਾਖਲ ਹੋਏ। ਰਾਹੁਲ ਦੇ ਹੱਥ ਵਿਚ ਪਿਸਤੌਲ, ਜਦੋਂਕਿ ਰਜਤ ਨੇ ਕੱਚ ਦੀ ਬੋਤਲ ਫਡ਼ੀ ਹੋਈ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਮੋਹਿਤ ਨੇ ਅੰਨ੍ਹੇਵਾਹ ਉਸ ’ਤੇ ਕਈ ਫਾਇਰ ਕਰ ਦਿੱਤੇ। ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ।

ਇਹ ਦੇਖ ਕੇ ਰਜਤ ਨੇ ਉਸ ’ਤੇ ਕੱਚ ਦੀ ਬੋਤਲ ਨਾਲ ਹਮਲਾ ਕੀਤਾ। ਇਸ ਵਾਰ ਵੀ ਉਹ ਬਚ ਗਿਆ, ਜਦੋਂਕਿ ਹੋਰਨਾਂ ਮੁਲਜ਼ਮਾਂ ਨੇ ਉਸ ਦੇ ਘਰ ਵਿਚ ਭੰਨਤੋਡ਼ ਕੀਤੀ। ਇਸ ਤੋਂ ਬਾਅਦ ਮੁਲਜ਼ਮ ਉਸ ਨਾਲ ਧੱਕਾਮੁੱਕੀ ਕਰਦੇ ਹੋਏ ਖਿੱਚ ਕੇ ਬਾਹਰ ਲੈ ਗਏ ਅਤੇ ਬਾਹਰ ਖਡ਼੍ਹੀ ਆਪਣੀ ਫਾਰਚੂਨ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਲੈ ਗਏ। ਮੁਲਜ਼ਮਾਂ ਨੇ ਰਸਤੇ ਵਿਚ ਉਸ ਨੂੰ ਡਰਾਇਆ ਧਮਕਾਇਆ।

ਹਸਪਤਾਲ ਵਿਚ ਗੱਡੀ ਛੱਡ ਕੇ ਭੱਜੇ ਮੁਲਜ਼ਮ

ਹਸਪਤਾਲ ਪੁੱਜ ਕੇ ਕਿਸੇ ਤਰ੍ਹਾਂ ਉਹ ਮੁਲਜ਼ਮਾਂ ਦੀ ਚੁੰਗਲ ਵਿਚੋਂ ਭੱਜ ਗਿਆ ਅਤੇ ਉਥੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਪੁਲਸ ਨੇ ਮੁਲਜ਼ਮਾਂ ਤੋਂ ਪੁੱਛÎਗਿੱਛ ਕਰਨੀ ਚਾਹੀ ਤਾਂ ਉਹ ਆਪਣੀ ਗੱਡੀ ਉੱਥੇ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਹੈਬੋਵਾਲ ਪੁਲਸ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਣ ’ਤੇ ਹੈਬੋਵਾਲ ਥਾਣਾ ਮੁਖੀ ਇੰਸਪੈਕਟਰ ਮੋਹਨ ਲਾਲ ਪੁਲਸ ਪਾਰਟੀ ਸਮੇਤ ਪੁੱਜੇ। ਬਾਅਦ ਵਿਚ ਉਨ੍ਹਾਂ ਨੇ ਘਟਨਾ ਵਾਲੀ ਜਗ੍ਹਾ ਦਾ ਵੀ ਜਾਇਜ਼ਾ ਲਿਆ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛÎਗਿੱਛ ਕੀਤੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦੋਂਕਿ ਉਨ੍ਹਾਂ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ।

ਮੁਲਜ਼ਮਾਂ ਨਾਲ ਤਕਰਾਰ ਹੋਈ ਸੀ ਬੇਟੇ ਦੀ

ਜਗਜੀਤ ਨੇ ਦੱਸਿਆ ਕਿ ਵਜ੍ਹਾ ਰੰਜ਼ਿਸ਼ ਇਹ ਹੈ ਕਿ ਉਸ ਦੇ ਬੇਟੇ ਮਨਦੀਪ ਸਿੰਘ ਦੀ ਕਿਸੇ ਗੱਲ ਸਬੰਧੀ ਮੁਲਜ਼ਮਾਂ ਨਾਲ ਤਕਰਾਰ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਮੁਲਜ਼ਮਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਘਟਨਾ ਸਮੇਂ ਵੀ ਮੁਲਜ਼ਮ ਵਾਰ ਵਾਰ ਉਸ ਦੇ ਬੇਟੇ ਸਬੰਧੀ ਪੁੱਛ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਕਿ ਉਹ ਉਸ ਨੂੰ ਜਿਊਂਦਾ ਛੱਡਣ ਵਾਲੇ ਨਹੀਂ ਹਨ।


Bharat Thapa

Content Editor

Related News