ਸੜਕ ਹਾਦਸੇ ''ਚ ਜ਼ਖ਼ਮੀ ਵਿਅਕਤੀ ਦੇ ਮਾਮਲੇ ''ਚ ਕੈਂਟਰ ਚਾਲਕ ''ਤੇ ਮਾਮਲਾ ਦਰਜ
Saturday, Nov 28, 2026 - 02:46 PM (IST)
ਫਿਰੋਜ਼ਪੁਰ (ਖੁੱਲਰ) : ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਬੀਤੇ ਦਿਨ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕੈਂਟਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸੁਭਾਸ਼ ਚੰਦਰ ਪੁੱਤਰ ਦੁਨੀ ਚੰਦ ਵਾਸੀ ਵਾਰਡ ਨੰਬਰ 21, ਮੁਹੱਲਾ ਕਲਰ, ਜ਼ਿਲ੍ਹਾ ਊਧਮਪੁਰ (ਜੰਮੂ-ਕਸ਼ਮੀਰ) ਨੇ ਦੱਸਿਆ ਕਿ ਉਹ ਸੇਬ ਵੇਚਣ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਪੰਜਾਬ ਵਿੱਚ ਸੇਬ ਵੇਚਣ ਲਈ ਆਉਂਦਾ ਹੈ।
ਬੀਤੇ ਦਿਨ ਉਹ ਇੱਕ ਸਵਰਾਜ ਕੈਂਟਰ ਕਿਰਾਏ 'ਤੇ ਲੈ ਕੇ ਉਸ ਵਿੱਚ ਸੇਬ ਲੱਦ ਕੇ ਡਰਾਈਵਰ ਓਂਕਾਰ ਸਿੰਘ ਪੁੱਤਰ ਧੰਨੀ ਰਾਮ ਵਾਸੀ ਜਖਨੂ, ਜ਼ਿਲ੍ਹਾ ਊਧਮਪੁਰ (ਜੰਮੂ-ਕਸ਼ਮੀਰ) ਨਾਲ ਪੰਜਾਬ ਦੇ ਫਿਰੋਜ਼ਪੁਰ ਵਿਖੇ ਵੇਚਣ ਲਈ ਆ ਰਿਹਾ ਸੀ। ਇਸ ਦੌਰਾਨ ਕੈਂਟਰ ਚਾਲਕ ਨੇ ਲਾਪਰਵਾਹੀ ਵਰਤਦਿਆਂ ਸੜਕ 'ਤੇ ਖੜ੍ਹੀ ਇੱਕ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੀੜਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਬਾਂਹ ਕੱਟੀ ਗਈ। ਪੀੜਤ ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਓਂਕਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
