ਵਿੱਤ ਮੰਤਰੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ
Monday, Aug 19, 2024 - 04:44 PM (IST)
ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਦੇ ਸੈਕਟਰ 16 ਸਥਿਤ ਕਲਾ ਭਵਨ ਵਿਖੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਪੰਜਾਬ ਕਲਾ ਭਵਨ ਦੇ ਸਹਿਯੋਗ ਨਾਲ ਲਗਾਈ ਗਈ ਇਹ ਪ੍ਰਦਰਸ਼ਨੀ 19 ਅਗਸਤ ਤੋਂ 21 ਅਗਸਤ ਤੱਕ ਚੱਲੇਗੀ। ਪ੍ਰਦਰਸ਼ਨੀ ਵਿਚ 65 ਪ੍ਰਤਿਭਾਸ਼ਾਲੀ ਫੋਟੋਗ੍ਰਾਫ਼ਰਾਂ ਵੱਲੋਂ 150 ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਹੁਨਰ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ, ਫੋਟੋਗ੍ਰਾਫਰਾਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ 'ਤੇ ਸਾਰੇ ਫੋਟੋਗ੍ਰਾਫਰਾਂ ਨੂੰ ਵਧਾਈ ਦਿੱਤੀ ਅਤੇ ਇਸ ਕਲਾ ਵਿਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ।
ਵਿੱਤ ਮੰਤਰੀ ਨੇ ਇਸ ਮੌਕੇ ਪ੍ਰਸਿੱਧ ਫੋਟੋਗ੍ਰਾਫਰਾਂ - ਸੰਜੀਵ ਸ਼ਰਮਾ, ਟੀ.ਐਸ. ਬੇਦੀ, ਰਜਨੀਸ਼ ਕਤਿਆਲ, ਅਜੈ ਵਰਮਾ ਅਤੇ ਜੈਪਾਲ ਨੂੰ ਫੋਟੋਗ੍ਰਾਫੀ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਉਨ੍ਹਾਂ ਇਸ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲੇ ਫੋਟੋਗ੍ਰਾਫਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਫ਼ੋਟੋਗ੍ਰਾਫ਼ਰਾਂ ਵਿਚ ਲੋਕਾਂ ਦੀਆਂ ਭਾਵਨਾਵਾਂ ਅਤੇ ਕੀਮਤੀ ਪਲਾਂ ਨੂੰ ਕੈਦ ਕਰਕੇ ਉਨ੍ਹਾਂ ਨੂੰ ਸਦੀਵੀ ਯਾਦਾਂ ਵਿਚ ਬਦਲਣ ਦੀ ਵਿਲੱਖਣ ਸਮਰੱਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਸਥਾਨ ਰੱਖਦੇ ਹਨ, ਜੋ ਸਾਨੂੰ ਸਾਡੇ ਅਤੀਤ, ਭਵਿੱਖ ਅਤੇ ਕੁਦਰਤ ਨਾਲ ਜੋੜਨ ਦੀ ਤਾਕਤ ਰੱਖਦੇ ਹਨ।
ਇਸ ਮੌਕੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਅਤੇ ਬਲਵਿੰਦਰ ਜੰਮੂ, ਪ੍ਰੈਸ ਕਲੱਬ ਦੀ ਫੋਟੋ ਜਰਨਲਿਸਟ ਕਮੇਟੀ ਦੇ ਚੇਅਰਮੈਨ ਉਪੇਂਦਰ ਸੇਨਗੁਪਤਾ, ਕਮੇਟੀ ਮੈਂਬਰ ਵਿਨੈ ਮਲਿਕ, ਅਜੈ ਜਲੰਧਰੀ, ਅਮਰਪ੍ਰੀਤ ਸਿੰਘ, ਸਵਦੇਸ਼ ਤਲਵਾੜ, ਕਰਮ ਸਿੰਘ, ਆਰ.ਪੀ.ਸ਼ਰਮਾ, ਤੋਂ ਇਲਾਵਾਂ ਨਾਮਵਰ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।