ਫ਼ਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 1 ਕਰੋੜ 13 ਲੱਖ ਰੁਪਏ ਦੀ ਹੈਰੋਇਨ ਬਰਾਮਦ, 8 ਗ੍ਰਿਫ਼ਤਾਰ

01/03/2023 12:56:44 AM

ਫ਼ਿਰੋਜ਼ਪੁਰ/ਜ਼ੀਰਾ/ਘੱਲਖੁਰਦ (ਕੁਮਾਰ, ਜਸਪਾਲ, ਮਲਹੋਤਰਾ, ਪਰਮਜੀਤ, ਖੁੱਲਰ, ਗੁਰਮੇਲ, ਅਕਾਲੀਆਂਵਾਲਾ, ਦਲਜੀਤ)–ਐੱਸ. ਐੱਸ. ਪੀ. ਕੰਵਰਦੀਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਣਿਆਂ ਦੀ ਪੁਲਸ ਨੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 227 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਫ਼ਤਰ ਫ਼ਿਰੋਜ਼ਪੁਰ ਦੇ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਦਰ ਫ਼ਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਜਦੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਬਰਟ ਰੋਡ ’ਤੇ ਪਹੁੰਚੀ ਤਾਂ ਪੁਲਸ ਪਾਰਟੀ ਨੂੰ ਇਕ ਪੰਜਾਬ ਨੰਬਰ ਦੇ ਹੀਰੋ ਮੋਟਰਸਾਈਕਲ ’ਤੇ 3 ਸ਼ੱਕੀ ਵਿਅਕਤੀ ਆਉਂਦੇ ਦਿਖਾਏ ਦਿੱਤੇ, ਜੋ ਪੁਲਸ ਨੂੰ ਦੇਖ ਕੇ ਘਬਰਾ ਗਏ ਅਤੇ ਪਿੱਛੇ ਨੂੰ ਭੱਜਣ ਲੱਗੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਸ ਨੂੰ ਆਪਣੇ ਨਾਂ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਖਾਈ ਫੇਮੇਕੀ, ਮਨਪ੍ਰੀਤ ਸਿੰਘ ਪੁੱਤਰ ਸਤਪਾਲ ਅਤੇ ਯੂਸਫ ਪੁੱਤਰੀ ਸਿੰਘ ਪੁੱਤਰ ਅਜ਼ੀਜ਼ ਵਾਸੀ ਇੰਦਰਾ ਕਾਲੋਨੀ ਫ਼ਿਰੋਜ਼ਪੁਰ ਦੱਸਿਆ, ਜਿਨ੍ਹਾਂ ਕੋਲੋਂ ਤਲਾਸ਼ੀ ਲੈਣ ’ਤੇ 87 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

ਉਨ੍ਹਾਂ ਦੱਸਿਆ ਕਿ ਥਾਣਾ ਘੱਲਖੁਰਦ ਦੀ ਪੁਲਸ ਨੇ ਸਬ-ਇੰਸਪੈਕਟਰ ਜਰਨੈਲ ਸਿੰਘ ਚੌਕੀ ਇੰਚਾਰਜ ਮੁੱਦਕੀ ਅਤੇ ਨਾਰਕੋਟਿਕਸ ਕੰਟਰੋਲ ਸੈੱਲ ਫ਼ਿਰੋਜ਼ਪੁਰ ਦੇ ਏ. ਐੱਸ. ਆਈ. ਬੂਟਾ ਸਿੰਘ ਦੀ ਅਗਵਾਈ ’ਚ ਗੁਪਤ ਸੂਚਨਾ ਦੇ ਆਧਾਰ ’ਤੇ ਸੁਖਦੇਵ ਸਿੰਘ ਨੂੰ 25 ਗ੍ਰਾਮ ਹੈਰੋਇਨ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੱਖੂ ਦੀ ਪੁਲਸ ਨੇ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਦੌਰਾਨ ਸ਼ਮਸ਼ਾਨਘਾਟ ਨੇੜਿਓਂ ਗੁਰਵਿੰਦਰ ਸਿੰਘ ਉਰਫ ਰੈਂਬੋ ਨੂੰ ਕਾਬੂ ਕਰ ਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਪਿੰਡ ਵਲਟੋਹਾ ਦੇ ਏਰੀਆ ’ਚ ਹਰਬੰਸ ਸਿੰਘ ਉਰਫ ਬੰਸ ਵਾਸੀ ਪਿੰਡ ਕਮਾਲ ਵਾਲਾ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਏ. ਐੱਸ. ਆਈ. ਜੋਰਾ ਸਿੰਘ ਦੀ ਅਗਵਾਈ ’ਚ ਮੱਲੋਕੇ ਰੋਡ ’ਤੇ ਕਾਬਲ ਸਿੰਘ ਉਰਫ਼ ਮੁਨਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਏ. ਐੱਸ. ਆਈ. ਜੋਰਾ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਨਾਮਜ਼ਦ ਵਿਅਕਤੀ ਹੈਰੋਇਨ ਦਾ ਆਦੀ ਹੈ, ਜੋ ਮੱਲੋਕੇ ਰੋਡ ’ਤੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਤਾਂ ਪੁਲਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਦਿਆਂ ਉਸ ਨੂੰ ਕਾਬੂ ਕਰ ਲਿਆ, ਜਿਸ ਕੋਲੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ, ਥਾਣਾ ਘੱਲ ਖੁਰਦ, ਥਾਣਾ ਸਿਟੀ ਜ਼ੀਰਾ, ਮੱਖੂ ਵਿਖੇ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 1 ਕਰੋੜ 13 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।


 


Manoj

Content Editor

Related News