ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
Monday, Aug 21, 2023 - 06:31 PM (IST)
ਅੰਮ੍ਰਿਤਸਰ (ਦਲਜੀਤ)- ਡੇਂਗੂ ਅਤੇ ਚਿਕਨਗੁਨੀਆਂ ਦੇ ਮੱਛਰ ਦੇ ਡੰਗ ਨਾਲ ਸਿਹਤ ਵਿਭਾਗ ਦਾ ਸਰਕਾਰੀ ਤੰਤਰ ਵੀ ਬੀਮਾਰ ਹੋ ਗਿਆ ਹੈ। ਜ਼ਿਲ੍ਹੇ ’ਚ ਉਕਤ ਬੀਮਾਰੀਆਂ ਤੋਂ ਇਲਾਵਾ ਵਾਇਰਲ ਬੁਖ਼ਾਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਤੇਜ਼ੀ ਨਾਲ ਜਿੱਥੇ ਵੱਧ ਰਹੀ ਹੈ, ਉੱਥੇ ਹੀ ਲੱਖਾਂ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ ਪੰਜ ਸੈਟੇਲਾਈਟ ਹਸਪਤਾਲਾਂ ’ਚ ਖ਼ਰੀਦੀ ਅਤਿ ਆਧੁਨਿਕ ਸੀ. ਬੀ. ਸੀ. ਟੈਸਟ ਕਰਨ ਵਾਲੀ ਮਸ਼ੀਨ ਕੰਮ ਨਾ ਕਰਨ ਕਾਰਨ ਧੂੜ ਫੱਕ ਰਹੀ ਹੈ। ਹਾਲਤ ਇਹ ਹੈ ਕਿ ਉਕਤ ਸਥਾਨਾਂ ’ਚ ਮਸ਼ੀਨਰੀ ਅਤੇ ਟੈਕਨੀਸ਼ੀਅਨ ਹੋਣ ਦੇ ਬਾਵਜੂਦ ਉੱਥੇ ਟੈਸਟ ਨਹੀਂ ਹੋ ਰਹੇ ਜਦਕਿ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਸੀ. ਬੀ. ਸੀ. ਟੈਸਟ ਕਰਵਾਉਣ ਵਾਲੇ ਮਰੀਜ਼ਾਂ ਦਾ ਵਰਕਲੋਡ ਵੱਧ ਗਿਆ ਹੈ। ਸਰਕਾਰੀ ਤੰਤਰ ਦੀ ਲਾਪ੍ਰਵਾਹੀ ਕਾਰਨ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵੀ ਇਹ ਮਸ਼ੀਨਰੀ ਮਰੀਜ਼ਾਂ ਦੇ ਕਿਸੇ ਵੀ ਕੰਮ ਨਹੀਂ ਆ ਰਹੀ।
ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਲਗਾਤਾਰ ਡੇਂਗੂ ਅਤੇ ਚਿਕਨਗੁਨੀਆਂ ਦੇ ਨਾਲ-ਨਾਲ ਵਾਇਰਲ ਬੁਖ਼ਾਰ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਵਿਭਾਗ ਹਰ ਦਿਨ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਦਾ ਦਾਅਵਾ ਕਰਦਾ ਹੈ। ਇੱਥੋਂ ਤੱਕ ਕਿ ਸਿਵਲ ਸਰਜਨ ਦਫ਼ਤਰ ਦੇ ਜ਼ਿਲ੍ਹਾ ਮਲੇਰੀਆ ਅਧਿਕਾਰੀ ਵੀ ਇਨ੍ਹਾਂ ਬੀਮਾਰੀਆਂ ਨੂੰ ਲੈ ਕੇ ਗੰਭੀਰਤਾ ਦਿਖਾਉਂਦੇ ਰਹਿੰਦੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਅਧਿਕਾਰੀਆਂ ਦੀ ਗੰਭੀਰਤਾ ਅਤੇ ਉਨ੍ਹਾਂ ਦੀ ਮੁਸਤੈਦੀ ਦੇ ਬਾਵਜੂਦ ਇਹ ਬੀਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਅਤੇ ਲੋਕਾਂ ਨੂੰ ਆਪਣੀ ਪਕੜ ’ਚ ਲੈ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਪਿਛਲੀ ਸਰਕਾਰ ਦੇ ਸਮੇਂ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੁਆਰਾ ਰਣਜੀਤ ਐਵੇਨਿਊ, ਮੁਸਤਫ਼ਾਬਾਦ, ਸਕੱਰੀ ਬਾਗ, ਘਨੁਪੁਰ ਕਾਲੇ ਤੇ ਫਤਾਹਪੁਰ ਸਥਿਤ ਸੈਟੇਲਾਈਟ ਹਸਪਤਾਲਾਂ ’ਚ ਸੀ. ਬੀ. ਸੀ. ਮਸ਼ੀਨਾਂ ਭੇਜੀਆਂ ਸਨ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਇਨ੍ਹਾਂ ਮਸ਼ੀਨਾਂ ’ਤੇ ਸੀ. ਬੀ. ਸੀ. ਦੇ ਸਾਰੇ ਟੈਸਟ ਮੁਹੱਈਆ ਹਨ। ਲੱਖਾਂ ਰੁਪਏ ਦੀ ਲਾਗਤ ਨਾਲ ਸਰਕਾਰ ਵਲੋਂ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਮਸ਼ੀਨਰੀ ਖ਼ਰੀਦੀ ਗਈ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅੱਜ ਤੱਕ ਇਸਤੇਮਾਲ ਨਹੀਂ ਕੀਤੀ ਗਈ। ਸੈਟੇਲਾਈਟ ਹਸਪਤਾਲਾਂ ’ਤੇ ਸ਼ਹਿਰ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨਿਰਭਰ ਕਰਦੀ ਹੈ। ਵਰਤਮਾਨ ਸਮੇਂ ’ਚ ਜਦੋਂ ਡੇਂਗੂ ਦਾ ਪ੍ਰਕੋਪ ਵਧਿਆ ਤਾਂ ਵਾਇਰਲ ਬੁਖਾਰ ਨਾਲ ਪੀੜਤ ਮਰੀਜ਼ ਇਨ੍ਹਾਂ ਹਸਪਤਾਲਾਂ ’ਚ ਪਹੁੰਚ ਰਹੇ ਹਨ। ਡਾਕਟਰ ਉਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਸੀ.ਬੀ.ਸੀ. ਟੈਸਟ ਲਿਖ ਰਹੇ ਹਨ, ਪਰ ਹਸਪਤਾਲ ’ਚ ਇਹ ਟੈਸਟ ਨਹੀਂ ਕੀਤਾ ਜਾ ਰਿਹਾ। ਰਣਜੀਤ ਐਵੇਨਿਊ ਸਥਿਤ ਸੈਟੇਲਾਈਟ ਹਸਪਤਾਲਾਂ ’ਚ ਤਾਂ ਚਾਰ-ਚਾਰ ਟੈਕਨੀਸ਼ੀਅਨ ਹਨ ਪਰ ਇਹ ਵੀ ਮਰੀਜ਼ਾਂ ਦੇ ਸੀ. ਬੀ. ਸੀ. ਨਹੀਂ ਕਰ ਰਹੇ। ਅਜਿਹੀ ਸਥਿਤੀ ’ਚ ਮਰੀਜ਼ਾਂ ਨੂੰ ਸਿਵਲ ਹਸਪਤਾਲ ਆ ਕੇ ਸੀ. ਬੀ. ਸੀ. ਕਰਵਾਉਣਾ ਪੈ ਰਿਹਾ ਹੈ ਜਾਂ ਫਿਰ ਨਿੱਜੀ ਲੈਬੋਰਟਰੀ ’ਚ 300 ਰੁਪਏ ਖਰਚ ਕਰਨੇ ਪੈ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 65 ਸਾਲਾ ਬਜ਼ੁਰਗ ਦਾ ਦਰਦ, 4 ਸਾਲਾਂ 'ਚ 3 ਪੁੱਤਰ ਦਿੱਤੇ ਗੁਆ, ਵਜ੍ਹਾ ਜਾਣ ਹੋਵੋਗੇ ਹੈਰਾਨ
ਅੰਮ੍ਰਿਤਸਰ ’ਚ ਡੇਂਗੂ ਦੇ 171 ਕੇਸਾਂ ਤੋਂ ਇਲਾਵਾ ਚਿਕਨਗੁਨੀਆ ਦੇ 106 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਹ ਵੀ ਸਰਕਾਰੀ ਅੰਕੜਾ ਹੀ ਹੈ। ਅਸਲੀਅਤ ਇਹ ਹੈ ਕਿ ਬੁਖਾਰ ਨਾਲ ਪੀੜਤ ਸੈਂਕੜੇ ਮਰੀਜ਼ ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉੱਥੇ ਹੀ ਸੈਂਕੜੇ ਹੀ ਮਰੀਜ਼ ਨਿੱਜੀ ਮੈਡੀਕਲ ਸਟੋਰਸ ਤੋਂ ਦਵਾਈਆਂ ਖ਼ਰੀਦ ਕੇ ਖ਼ਾ ਰਹੇ ਹਨ।
ਡੇਂਗੂ ਦਾ ਮੱਛਰ ਜਿੱਥੇ ਮਨੁੱਖੀ ਜ਼ਿੰਦਗੀ ’ਤੇ ਖ਼ਤਰਾ ਬਣ ਕੇ ਮੰਡਰਾ ਰਿਹਾ ਹੈ, ਉੱਥੇ ਹੀ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਵੀ ਉਜਾਗਰ ਕਰ ਰਿਹਾ ਹੈ। ਸੀ. ਬੀ. ਸੀ. ਵਰਗਾ ਸਾਧਾਰਨ ਟੈਸਟ ਹੀ ਹਸਪਤਾਲਾਂ ’ਚ ਨਹੀਂ ਹੋ ਰਿਹਾ। ਇਸ ਟੈਸਟ ਦੇ ਜ਼ਰੀਏ ਮਰੀਜ਼ ਦੇ ਖੂਨ ਦੀ ਪੂਰੀ ਗਿਣਤੀ ਕੀਤੀ ਜਾਂਦੀ ਹੈ। ਇਸ ਵਿਚ ਖੂਨ ਦੀ ਮਾਤਰਾ, ਖੂਨ ਦੇ ਸੈੱਲਾਂ ਦੀ ਗਿਣਤੀ, ਪਲੇਟਲੈਟਸ ਦੀ ਗਿਣਤੀ ਆਦਿ ਦੀ ਜਾਂਚ ਕੀਤੀ ਜਾਂਦੀ ਹੈ। ਪਲੇਟਲੈਟਸ ਘੱਟ ਹੋਣ ਦੀ ਰਿਪੋਰਟ ਆਉਣ ’ਤੇ ਮਰੀਜ਼ ਦਾ ਡੇਂਗੂ ਐਲਾਈਜ਼ਾ ਟੈਸਟ ਕਰਵਾਇਆ ਜਾਂਦਾ ਹੈ, ਜਿਸ ਵਿਚ ਇਹ ਪੁਸ਼ਟੀ ਹੁੰਦੀ ਹੈ ਕਿ ਉਹ ਡੇਂਗੂ ਦੀ ਲਪੇਟ ਵਿਚ ਤਾਂ ਨਹੀਂ ਹੈ।
ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਅਧਿਕਾਰੀਆਂ ਤੋਂ ਲਿਆ ਜਾਏਗਾ ਸਪੱਸ਼ਟੀਕਰਨ : ਸਿਵਲ ਸਰਜਨ
ਸਿਵਲ ਸਰਜਨ ਡਾ. ਵਿਜੇ ਦਾ ਕਹਿਣਾ ਹੈ ਕਿ ਸੈਟੇਲਾਈਟ ਹਸਪਤਾਲਾਂ ’ਚ ਸੀ. ਬੀ. ਸੀ. ਮਸ਼ੀਨਾਂ ਬੰਦ ਕਿਉਂ ਹਨ, ਇਸ ਦਾ ਸਪੱਸ਼ਟੀਕਰਨ ਲੈ ਰਹੇ ਹਾਂ। ਜਲਦੀ ਹੀ ਇਹ ਮਸ਼ੀਨਾਂ ਮਰੀਜ਼ਾਂ ਲਈ ਸ਼ੁਰੂ ਕੀਤੀਆਂ ਜਾਣਗੀਆਂ।
ਡੇਂਗੂ ਅਤੇ ਚਿਕਨਗੁਨੀਆਂ ਦੇ ਇਲਾਵਾ ਵਾਇਰਲ ਬੁਖ਼ਾਰ ਦੀ ਦਹਿਸ਼ਤ ਦੇ ਬਾਵਜੂਦ ਐਤਵਾਰ ਨੂੰ ਨਹੀਂ ਹੋਏ ਟੈਸਟ
ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚਾ ਦੇ ਪ੍ਰਧਾਨ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਕਿਹਾ ਕਿ ਜ਼ਿਲੇ ’ਚ ਡੇਂਗੂ , ਚਿਕਨਗੁਨੀਆਂ ਅਤੇ ਵਾਇਰਲ ਬੁਖ਼ਾਰ ਦੇ ਕਾਰਨ ਲੋਕ ਭਾਰੀ ਦਹਿਸ਼ਤ ’ਚ ਹਨ। ਹਰ ਪਾਸੇ ਬੀਮਾਰੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਲਗਭਗ ਹਰ ਘਰ ’ਚ ਉਕਤ ਬੀਮਾਰੀ ਦਾ ਇਕ ਨਾ ਇਕ ਮਰੀਜ਼ ਪੀੜਤ ਹੈ। ਅਫ਼ਸੋਸ ਦੀ ਗੱਲ ਹੈ ਕਿ ਸਿਹਤ ਵਿਭਾਗ ਸੁਚੇਤਤਾ ਵਿਖਾਉਣ ਦੇ ਦਾਅਵੇ ਕਰ ਰਿਹਾ ਹੈ ਪਰ ਇਹ ਦਾਅਵੇ ਸਿਰਫ਼ ਹਵਾ ’ਚ ਹਨ। ਐਤਵਾਰ ਨੂੰ ਡੇਂਗੂ ਚਿਕਨਗੁਨੀਆਂ ਦੇ ਇਲਾਵਾ ਉਕਤ ਬੀਮਾਰੀ ਦਾ ਕੋਈ ਵੀ ਟੈਸਟ ਨਹੀਂ ਕੀਤਾ ਗਿਆ। ਸਿਹਤ ਵਿਭਾਗ ਤੋਂ ਜਦੋਂ ਇਸ ਬੀਮਾਰੀ ਦੇ ਸਬੰਧ ’ਚ ਰਿਪੋਰਟ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਮਾਰੀ ਦੇ ਸਬੰਧ ’ਚ ਰਿਪੋਰਟ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐਤਵਾਰ ਹੈ ਇਸ ਲਈ ਟੈਸਟ ਨਹੀਂ ਹੋਏ ਹਨ। ਸ਼ਨੀਵਾਰ ਵਾਲੀ ਰਿਪੋਰਟ ਹੀ ਮੁੱਖ ਹੈ। ਕੀ ਹੁਣ ਸਵਾਲ ਖੜਾ ਹੁੰਦਾ ਹੈ ਕਿ ਐਤਵਾਰ ਨੂੰ ਬੀਮਾਰੀ ਫੈਲਾਉਣ ਵਾਲਾ ਭਿਆਨਕ ਮੱਛਰ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਤਰ੍ਹਾਂ ਛੁੱਟੀ ’ਤੇ ਚਲਾ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8