ਯੂਕ੍ਰੇਨ ਦੇ ਖਾਰਕੀਵ ’ਚ ਫਸੀ ਸਾਫ਼ੀਆ ਦੀ ਵਾਪਸੀ ਲਈ ਪਿਤਾ ਨੇ ਸਰਕਾਰ ਤੋਂ ਕੀਤੀ ਮੰਗ
Sunday, Feb 27, 2022 - 04:34 PM (IST)
ਕਪੂਰਥਲਾ (ਮਹਾਜਨ)-ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਦਰਮਿਆਨ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਦੀ ਵਿਦਿਆਰਥਣ ਸਾਫ਼ੀਆ ਅਗਰਵਾਲ ਦੇ ਪਿਤਾ ਰਵੀ ਭੂਸ਼ਣ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਉਸ ਦੀ ਲੜਕੀ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਸਾਫ਼ੀਆ ਅਗਰਵਾਲ ਦੇ ਪਿਤਾ ਨੇ ਦੱਸਿਆ ਕਿ ਮੇਰੀ ਬੇਟੀ ਸਾਫ਼ੀਆ ਅਗਰਵਾਲ ਖਾਰਕੀਵ ਮੈਡੀਕਲ ਨੈਸ਼ਨਲ ਯੂਨੀਵਰਸਿਟੀ ’ਚ ਸਤੰਬਰ 2016 ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੀ ਹੈ ਤੇ ਖਾਰਕੀਵ ਸ਼ਹਿਰ ’ਚ ਰਹਿ ਰਹੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ
ਉਸ ਨੂੰ ਐੱਮ. ਬੀ. ਬੀ. ਐੱਸ. ਦੀ ਡਿਗਰੀ ਇਸੇ ਸਾਲ ਹੀ ਮਿਲਣੀ ਸੀ ਤੇ ਜੁਲਾਈ ’ਚ ਉਸ ਨੇ ਵਾਪਸ ਆਉਣਾ ਸੀ ਪਰ ਜੰਗ ਲੱਗਣ ਕਾਰਨ ਉਸ ਦੀ ਪੜ੍ਹਾਈ ਤਾਂ ਪ੍ਰਭਾਵਿਤ ਹੋਈ ਹੀ ਹੈ, ਸਾਨੂੰ ਵੀ ਆਪਣੀ ਬੇਟੀ ਦੀ ਸਲਾਮਤੀ ਦੀ ਫ਼ਿਕਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀ ਬੇਟੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਹਰ ਸਮੇਂ ਪੁਲਸ ਦੇ ਸਾਇਰਨ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ 1895 ਵਿਅਕਤੀਆਂ ਦਾ ਸਾਰਾ ਡਾਟਾ ਵਿਦੇਸ਼ ਮੰਤਰਾਲੇ ਨੂੰ ਭੇਜਿਆ : ਭਗਵੰਤ ਮਾਨ
ਉਨ੍ਹਾਂ ਦੱਸਿਆ ਕਿ ਖਾਰਕੀਵ ਸ਼ਹਿਰ ਬਾਰਡਰ ਤੋਂ ਕਾਫ਼ੀ ਅੰਦਰ ਹੈ, ਜਿਸ ਕਾਰਨ ਬੱਚਿਆਂ ਲਈ ਅਜਿਹੇ ਸਹਿਮੇ ਤੇ ਵਿਗੜੇ ਹੋਏ ਮਾਹੌਲ ’ਚ ਬਾਰਡਰਾਂ ਤੱਕ ਪਹੁੰਚਣਾ ਮੁਸ਼ਕਿਲ ਹੋਇਆ ਪਿਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਯੂਕ੍ਰੇਨ ’ਚ ਇੰਡੀਅਨ ਅੰਬੈਸੀ ਨਾਲ ਰਾਬਤਾ ਕਰ ਕੇ ਬੱਚਿਆਂ ਨੂੰ ਬਾਰਡਰਾਂ ਤੱਕ ਲਿਆਉਣ ਲਈ ਪ੍ਰਬੰਧ ਕੀਤੇ ਜਾਣ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਯੋਗ ਕਦਮ ਤੁਰੰਤ ਚੁੱਕੇ ਜਾਣ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਸੁਲਤਾਨਪੁਰ ਲੋਧੀ ਦੇ ਦੋ ਵਿਦਿਆਰਥੀ ਇੰਝ ਬਚਾ ਰਹੇ ਨੇ ਜਾਨ, ਮਾਪੇ ਚਿੰਤਤ