ਕਲਯੁਗੀ ਪੁੱਤ ਵੱਲੋਂ ਪਿਓ ਦਾ ਕਤਲ

06/19/2019 7:24:48 PM

ਕੋਟਕਪੂਰਾ (ਨਰਿੰਦਰ)— ਬੀਤੀ ਰਾਤ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ ਵਿਖੇ ਇਕ ਕਲਯੁਗੀ ਪੁੱਤ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਅਜਮੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਕਲਿਆਣ ਦਾ ਉਸ ਦੇ ਹੀ ਪੁੱਤਰ ਰਾਜਬੀਰ ਸਿੰਘ ਜਿਸ ਨੂੰ ਉਸਨੇ ਆਪਣੇ ਭਰਾ ਪ੍ਰੀਤਮ ਸਿੰਘ ਨੂੰ ਗੋਦ ਦਿੱਤਾ ਹੋਇਆ ਸੀ, ਨੇ ਕਤਲ ਕਰ ਦਿੱਤਾ।

ਇਸ ਸਬੰਧ 'ਚ ਮ੍ਰਿਤਕ ਅਜਮੇਰ ਸਿੰਘ ਦੇ ਲੜਕੇ ਸੁਖਬੀਰ ਸਿੰਘ ਦੇ ਬਿਆਨਾਂ 'ਤੇ ਰਾਜਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 302 ਤਹਿਤ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਜਮੇਰ ਸਿੰਘ ਨੇ ਆਪਣੇ ਲੜਕੇ ਰਾਜਬੀਰ ਸਿੰਘ ਨੂੰ ਆਪਣੇ ਭਰਾ ਪ੍ਰੀਤਮ ਸਿੰਘ ਨੂੰ ਗੋਦ ਦਿੱਤਾ ਹੋਇਆ ਸੀ ਤੇ ਹੁਣ ਰਾਜਬੀਰ ਸਿੰਘ ਉਨ੍ਹਾਂ ਤੋਂ ਵੱਖ ਰਹਿ ਰਿਹਾ ਸੀ। ਰਾਜਬੀਰ ਸਿੰਘ ਦੀ ਆਪਣੀ ਪਤਨੀ ਬਲਕਰਨਜੀਤ ਕੌਰ ਨਾਲ ਅਣ-ਬਣ ਹੋਣ ਕਾਰਨ ਉਹ ਪਿਛਲੇ ਕਰੀਬ 5 ਮਹੀਨਿਆਂ ਤੋਂ ਆਪਣੇ ਤਿੰਨ ਬੱਚਿਆਂ ਸਮੇਤ ਪਿੰਡ ਕੋਟਲੀ ਸੰਘਰ ਰਹਿ ਰਹੀ ਸੀ।

ਜਾਣਕਾਰੀ ਅਨੁਸਾਰ ਰਾਜਬੀਰ ਸਿੰਘ ਬੀਤੀ ਰਾਤ 11 ਵਜੇ ਦੇ ਕਰੀਬ ਸ਼ਰਾਬ ਪੀ ਦੇ ਘਰ ਆਇਆ ਅਤੇ ਆਪਣੀ ਮਾਤਾ ਤੋਂ ਰੋਟੀ ਮੰਗਣ 'ਤੇ ਜਦ ਉਸਦੀ ਮਾਤਾ ਨੇ ਰੋਟੀ ਦਿੱਤੀ ਤਾਂ ਬੁਰਾ ਭਲਾ ਕਹਿੰਦੇ ਹੋਏ ਰੋਟੀ ਖਾਣ ਤੋਂ ਇਨਕਾਰ ਕਰਦਿਆਂ ਉਸਦੀ ਪਤਨੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਪਿਓ ਵੱਲੋਂ ਇਨਕਾਰ ਕਰਨ 'ਤੇ ਰਾਜਬੀਰ ਸਿੰਘ ਨੇ ਅਜਮੇਰ ਸਿੰਘ ਦੀਆਂ ਲੱਤਾਂ-ਬਾਹਵਾਂ ਅਤੇ ਸਿਰ 'ਤੇ ਲੱਕੜ ਦੇ ਸੇਰੂ ਨਾਲ ਵਾਰ ਕੀਤੇ। ਇਸ ਦੌਰਾਨ ਅਜਮੇਰ ਸਿੰਘ ਦੇ ਦੂਜੇ ਲੜਕੇ ਸੁਖਬੀਰ ਸਿੰਘ ਨੇ ਉਸਨੂੰ ਰਾਤ ਇੱਕ ਵਜੇ ਦੇ ਕਰੀਬ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਸਵੇਰੇ 5:15 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਰਾਜਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਕਲਿਆਣ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਆਈ.ਪੀ.ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Baljit Singh

Content Editor

Related News