ਮਾਮਲਾ ਕੁੜੀ ਨੂੰ ਭਜਾਉਣ ਦਾ: ਕੁੜੀ ਦੇ ਭਰਾਵਾਂ ਨੇ ਮਾਰਿਆ, ਉਸ ਦੇ ਪ੍ਰੇਮੀ ਦਾ ਪਿਤਾ
Sunday, Mar 08, 2020 - 11:41 AM (IST)
ਰਾਜਪੁਰਾ (ਨਿਰਦੋਸ਼/ ਚਾਵਲਾ) : ਭੈਣ ਨੂੰ ਭਜਾ ਕੇ ਲੈ ਜਾਣ ਵਾਲੇ ਮੁੰਡੇ ਦੇ ਪਿਤਾ ਦੀ ਕੁੜੀ ਦੇ ਭਰਾਵਾਂ ਵਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੱਕ ਜਤਾਇਆ ਹੈ ਕਿ ਦੋਸ਼ੀਆਂ ਨੇ ਗਲੇ 'ਚ ਰੱਸੀ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਜਾਣਕਾਰੀ ਮੁਤਾਬਕ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਨਿਵਾਸੀ ਰਾਮੂ ਆਪਣੇ ਪਰਿਵਾਰ ਦੇ ਨਾਲ ਪਿੰਡ ਖਾਨਪੁਰ ਗੰਡਿਆਂ 'ਚ ਸਥਿਤ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ। ਇਸ 'ਚ ਰਾਮੂ ਦੇ ਪੁੱਤਰ ਰੋਹਿਤ ਨੂੰ ਭੱਠੇ 'ਤੇ ਕੰਮ ਕਰਨ ਵਾਲੀ ਇਕ ਕੁੜੀ ਨਾਲ ਪਿਆਰ ਹੋ ਗਿਆ ਅਤੇ ਰੋਹਿਤ ਕੁੜੀ ਨੂੰ ਭਜਾ ਕੇ ਲੈ ਗਿਆ। ਦੋਵੇਂ ਬਾਲਗ ਸਨ। ਕੁੜੀ ਦੇ ਭਰਾਵਾਂ ਨੇ ਇਤਰਾਜ਼ ਜਤਾਉਣ ਦੇ ਨਾਲ-ਨਾਲ ਪੰਚਾਇਤੀ ਫਰਮਾਨ ਦੇ ਤਹਿਤ ਮੰਗ ਕੀਤੀ ਕਿ ਰੋਹਿਤ ਦੀ ਨਾਬਾਲਗ ਭੈਣ ਦਾ ਵਿਆਹ ਦੋਸ਼ੀ ਨਾਲ ਕਰਵਾ ਦਿੱਤਾ ਜਾਵੇ, ਪਰ ਰਾਮੂ ਨੂੰ ਦੋਸ਼ੀਆਂ ਦਾ ਫਰਮਾਨ ਮਨਜ਼ੂਰ ਨਹੀਂ ਸੀ।
ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਨੇ ਰਾਮੂ ਦੇ ਨਾਲ-ਨਾਲ ਉਸ ਦੀ ਨਾਬਾਲਗ ਧੀ ਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ੀਆਂ ਤੋਂ ਤੰਗ ਆ ਕੇ ਰਾਮੂ ਦੀ ਧੀ ਆਪਣੇ ਪਰਿਵਾਰ ਦੇ ਨਾਲ ਪਿੰਡ ਵਾਪਸ ਚਲੀ ਗਈ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਰਾਤ ਨੂੰ ਮੌਕੇ ਦੇਖ ਕੇ ਰਾਮੂ 'ਤੇ ਦੋਸ਼ੀਆਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮੌਕੇ 'ਚੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਗਰਦਨ 'ਤੇ ਰੱਸੀ ਦੇ ਨਿਸ਼ਾਨ ਹੋਣ ਨਾਲ ਸ਼ੱਕ ਹੈ ਕਿ ਰਾਮੂ ਦੀ ਹੱਤਿਆ ਗਲਾ ਦਬਾ ਕੇ ਕੀਤੀ ਗਈ ਹੋਵੇਗੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਦੋਸ਼ੀ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਖੇੜੀ ਗੰਡਿਆਂ ਥਾਣਾ ਦੇ ਐੱਸ.ਐੱਚ.ਓ. ਮਹਿਮਾ ਸਿੰਘ ਨੇ ਦੱਸਿਆ ਕਿ ਰਾਮੂ ਦੇ ਪੁੱਤਰ ਮੋਨੂੰ ਦੀ ਸ਼ਿਕਾਇਤ 'ਤੇ 3 ਭਰਾਵਾਂ ਸਮੇਤ 4 ਦੋਸ਼ੀਆਂ ਜਿੰਦਰ, ਗੁਡੂ, ਸ਼ਿਬੂ, ਸਾਗਰ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।