ਨਾਭਾ 'ਚ ਕੇਂਦਰ ਦੀਆਂ ਨੀਤੀਆਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ

Monday, Aug 10, 2020 - 02:41 PM (IST)

ਨਾਭਾ (ਰਾਹੁਲ) : ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਯੂਨੀਅਨ ਵੱਲੋਂ ਆਰਡੀਨੈੱਸ ਬਿੱਲ ਨੂੰ ਲੈ ਕੇ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਆਰਡੀਨੈੱਸ ਬਿੱਲ ਜਾਰੀ ਕਰਨ ਜਾ ਰਹੀ ਹੈ, ਉਹ ਰੱਦ ਹੋਣਾ ਚਾਹੀਦਾ ਹੈ ਅਤੇ ਕੇਂਦਰ 'ਚ ਹਰਸਿਮਰਤ ਕੌਰ ਬਾਦਲ ਆਪਣੀ ਕੁਰਸੀ ਬਚਾਉਣ ਲਈ ਆਵਾਜ਼ ਬੁਲੰਦ ਨਹੀਂ ਕਰ ਰਹੀ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੈਸ਼ਨ ਬੁਲਾ ਕੇ ਮਤਾ ਪਾਉਣ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ 'ਚ ਭੇਜਣ। ਕੈਬਨਿਟ ਮੰਤਰੀ ਧਰਮਸੋਤ ਦੀ ਕੋਠੀ ਕੋਲ ਪੁੱਜਣ ਤੋਂ ਪਹਿਲਾਂ ਹੀ ਪੁਲਸ ਵੱਲੋਂ ਬੈਰੀਗੇਟ ਲਗਾ ਕੇ ਕਿਸਾਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਦੇ ਸਕੱਤਰ ਬਲਜੀਤ ਸਿੰਘ ਨੇ ਕਿਹਾ  ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਆਰਡੀਨੈੱਸ ਬਿੱਲ ਥੋਪਿਆ ਜਾ ਰਿਹਾ ਹੈ, ਇਹ ਬਹੁਤ ਹੀ ਮੰਦਭਾਗਾ ਹੈ, ਇਸ ਨਾਲ ਪੰਜਾਬ ਦਾ ਅੰਨਦਾਤਾ ਬਰਬਾਦ ਹੋ ਜਾਵੇਗਾ ਪਰ ਮੋਦੀ ਸਰਕਾਰ ਜੋ ਪੰਜਾਬ 'ਚ ਮੰਡੀਕਰਨ ਤੋੜਨ ਜਾਰੀ ਹੈ, ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕਿਸਾਨ ਜੱਥੇਬੰਦੀਆਂ ਇੱਕ ਹਨ। 
 


Babita

Content Editor

Related News