ਤਰਨਤਾਰਨ ''ਚ ਵਿਧਾਇਕ ਭਲਾਈਪੁਰ ਦਾ ਘਿਰਾਓ ਕਰ ਰਹੇ ਕਿਸਾਨਾਂ ਦੀ ਪੁਲਸ ਨਾਲ ਹੋਈ ਤਕਰਾਰ, ਲੱਥੀਆਂ ਪੱਗਾਂ
Saturday, Aug 07, 2021 - 10:19 AM (IST)
ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਪਿੰਡ ਉੱਪਲ ਨੇੜੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਵਿਰੋਧ ਕਰਨ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪੁਲਸ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਪੁਲਸ ਨਾਲ ਧੱਕਾ-ਮੁੱਕੀ ਕਰਨ ਤਹਿਤ ਸਿਪਾਹੀ ਦੇ ਬਿਆਨਾਂ ਹੇਠ 10 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਕੁੱਲ 15 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਦਰਜ ਕੀਤੇ ਮਾਮਲੇ ਨੂੰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਿਆਸੀ ਰੰਜਿਸ਼ ਕਰਾਰ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਬਣਾਈ ਗਈ ਵੀਡੀਓ ਐੱਸ. ਐੱਸ. ਪੀ. ਨੂੰ ਪੇਸ਼ ਕਰਦੇ ਹੋਏ ਇਸ ਝੂਠੇ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਰੱਖੀ ਗਈ ਹੈ।
ਇਹ ਵੀ ਪੜ੍ਹੋ: ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ
ਜਾਣਕਾਰੀ ਅਨੁਸਾਰ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਉੱਪਲ ਨਜ਼ਦੀਕ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰਦੇ ਹੋਏ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਥਾਣਾ ਵੈਰੋਵਾਲ ਦੀ ਪੁਲਸ ਪਾਰਟੀ ਆਪਣੀ ਡਿਉਟੀ ’ਤੇ ਤਾਇਨਾਤ ਸੀ, ਜਦੋਂ ਹਲਕਾ ਵਿਧਾਇਕ ਵਿਰੋਧ ਵਾਲੀ ਥਾਂ ਤੋਂ ਵਾਪਸ ਚਲੇ ਗਏ ਤਾਂ ਥਾਣਾ ਵੈਰੋਵਾਲ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦਰਮਿਆਨ ਕੁਝ ਵਿਅਕਤੀਆਂ ਦੀ ਮੋਬਾਇਲ ਖੋਹਣ ਨੂੰ ਲੈ ਤਕਰਾਰਬਾਜ਼ੀ ਹੋ ਗਈ। ਇਹ ਮਾਮਲਾ ਵੇਖਦੇ ਹੀ ਵੇਖਦੇ ਏਨਾ ਜ਼ਿਆਦਾ ਵੱਧ ਗਿਆ ਕਿ ਕੁਝ ਔਰਤਾਂ ਨੂੰ ਵੀ ਮਾਮਲਾ ਸ਼ਾਂਤ ਕਰਵਾਉਣ ਲਈ ਅੱਗੇ ਆਉਣਾ ਪਿਆ। ਇਸ ਹੋਏ ਤਕਰਾਰ ਦੌਰਾਨ ਪੁਲਸ ਵੱਲੋਂ ਕਿਸਾਨ ਆਗੂਆਂ ਦੀ ਕਾਫ਼ੀ ਖਿੱਚ-ਧੂਹ ਕੀਤੇ ਜਾਣ ਕਾਰਨ ਉਨ੍ਹਾਂ ਦੀਆਂ ਪੱਗਾਂ ਵੀ ਉੱਤਰ ਗਈਆਂ।
ਇਹ ਵੀ ਪੜ੍ਹੋ: ਜਲੰਧਰ: ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ
ਇਸ ਹੋਏ ਤਕਰਾਰ ਤੋਂ ਬਾਅਦ ਥਾਣਾ ਵੈਰੋਵਾਲ ’ਚ ਤਾਇਨਾਤ ਸਿਪਾਹੀ ਨਿਸ਼ਾਨ ਸਿੰਘ ਦੇ ਬਿਆਨਾਂ ਹੇਠ ਤੇਜਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਉੱਪਲ, ਤਲਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨਾਗੋਕੇ, ਗੁਰਦੀਪ ਸਿੰਘ, ਸੁੱਖਾ ਸਿੰਘ, ਗੁਰਸ਼ਰਨ ਸਿੰਘ ਵਾਸੀਆਨ ਕਲੇਰ, ਹਰਜੀਤ ਸਿੰਘ ਉਰਫ਼ ਜੀਤਾ ਵਾਸੀ ਬੋਦੇਵਾਲ, ਤੇਜਿੰਦਰ ਸਿੰਘ ਵਾਸੀ ਬੋਦੇਵਾਲ, ਬਾਗੂ, ਕਾਲਾ, ਲੱਖਾ ਸਿੰਘ ਵਾਸੀਆਨ ਸਰਾਂ ਤਲਵੰਡੀ ਤੋਂ ਇਲਾਵਾ 5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਸ ਨੇ ਤੇਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ’ਤੇ ਲੱਗੇ ਝੂਠਾ ਪਰਚਾ ਦਰਜ ਕਰਨ ਦੇ ਦੋਸ਼
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗਿੱਲ ਕਲੇਰ ਦੇ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਦੇ ਸਾਥੀਆਂ ਨੇ ਪ੍ਰੈੱਸ ਮਿਲਣੀ ਦੌਰਾਨ ਥਾਣਾ ਵੈਰੋਵਾਲ ਦੇ ਮੁਖੀ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੁਲਸ ਨੇ ਕਿਸਾਨ ਆਗੂਆਂ ਖ਼ਿਲਾਫ਼ ਸਿਆਸੀ ਰੰਜਿਸ਼ ਤਹਿਤ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਉੱਪਰ ਕਿਸੇ ਵਿਅਕਤੀ ਵੱਲੋਂ ਨਾ ਤਾਂ ਹਮਲਾ ਕੀਤਾ ਗਿਆ ਹੈ ਅਤੇ ਨਾ ਧੱਕਾ-ਮੁੱਕਾ ਅਤੇ ਨਾ ਹੀ ਵਰਦੀ ਪਾੜੀ ਗਈ। ਇਸ ਦੌਰਾਨ ਬਣਾਈ ਗਈ ਵੀਡੀਓ ’ਚ ਸਿਪਾਹੀ ਆਪਣੀ ਪੱਗੜੀ ਆਪ ਉਤਾਰ ਕੇ ਗੱਡੀ ਅੰਦਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਵੱਲੋਂ ਇਸ ਝੂਠੇ ਪਰਚੇ ਨੂੰ ਜੇ ਰੱਦ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਪੰਜਾਬ ਲੈਵਲ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਐੱਸ. ਐੱਸ. ਪੀ. ਨੂੰ ਇਸ ਮਾਮਲੇ ਦੀ ਸਹੀ ਜਾਂਚ ਕਰਵਾਉਂਦੇ ਹੋਏ ਸੱਚ ਸਾਹਮਣੇ ਲਿਆਉਣ ਲਈ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਕਿਹਾ ਕਿ ਪੁਲਸ ਡਿਊਟੀ ’ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ