ਦਿਲਜੀਤ-ਅਮਰਿੰਦਰ ਸਣੇ ਇਨ੍ਹਾਂ ਕਲਾਕਾਰਾਂ ਨੇ ਵਧਾਇਆ ‘ਟਰੈਕਟਰ ਪਰੇਡ’ ਦਾ ਹਿੱਸਾ ਬਣਨ ਵਾਲੇ ਨੌਜਵਾਨਾਂ ਦਾ ਹੌਂਸਲਾ
Tuesday, Jan 26, 2021 - 09:14 AM (IST)
ਚੰਡੀਗੜ੍ਹ (ਬਿਊਰੋ) - ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਜੱਥੇਬੰਦੀਆਂ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਅੱਜ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ‘ਟਰੈਕਟਰ ਪਰੇਡ’ ਕੱਢੀ ਜਾ ਰਹੀ ਹੈ। ਇਸ ਪਰੇਡ ’ਚ ਵੱਖ-ਵੱਖ ਸੂਬਿਆਂ ਦੇ ਨੌਜਵਾਨ ਕਿਸਾਨ ਭਾਰੀ ਗਿਣਤੀ ’ਚ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚ ਰਹੇ ਹਨ। ਇਸ ਪਰੇਡ ’ਚ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਕਿਸਾਨਾਂ ਨਾਲ ਡਟੇ ਰਹਿਣਗੇ।
ਉਥੇ ਹੀ ਪੰਜਾਬੀ ਕਲਾਕਾਰ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਪ੍ਰਭ ਗਿੱਲ, ਅਰਮਾਨ ਬੇਦਿਲ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਟਵੀਟ ਕੀਤੇ ਹਨ।
ਸੁਖਸ਼ਿੰਦਰ ਸ਼ਿੰਦਾ ਨੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਸੋਸ਼ਲ ਮੀਡੀਆ ’ਤੇ ਪਰੇਡ ਦਾ ਹਿੱਸਾ ਬਣਨ ਵਾਲੇ ਨੌਜਵਾਨਾਂ ਨੂੰ ਇਕ ਬੇਨਤੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਹੈ ‘ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਹੋਸ਼ ਤੋਂ ਕੰਮ ਲੈਣਾ ਹੈ ਨਾ ਕਿ ਜ਼ੋਸ ਤੋਂ। ਸ਼ਰਾਰਤੀ ਲੋਕਾਂ ਦਾ ਖ਼ਿਆਲ ਰੱਖੋ, ਲੜਨਾ ਬਿਲਕੁਲ ਨਹੀਂ। ਹੱਥ ਜੋੜ ਕੇ ਮੇਰੀ ਬੇਨਤੀ ਹੈ ਇਹ...ਵਾਹਿਗੁਰੂ ਮਿਹਰ ਕਰੇ ਸਭ ’ਤੇ #ਰੱਬਰਾਖਾ।’
ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜੋ ਟਰੈਕਟਰ ਮਾਰਚ ਦੀ ਹੈ। ਇਸ ਵੀਡੀਓ ’ਚ ਟਰੈਕਟਰਾਂ ਦੀ ਲੰਬੀ ਲੇਨ ਲੱਗੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਖਸ਼ਿੰਦਰ ਸ਼ਿੰਦਾ ਆਪਣੇ ਜ਼ੋਸ਼ੀਲੇ ਬੋਲਾਂ ਨਾਲ ਕਿਸਾਨਾਂ ਦਾ ਹੌਂਸਲਾ ਬੁਲੰਦ ਕਰ ਰਹੇ ਹਨ।
ਪ੍ਰਭ ਗਿੱਲ ਨੇ ਲਿਖਿਆ ਖ਼ਾਸ ਸੁਨੇਹਾ
ਇਸ ਤੋਂ ਇਲਾਵਾ ਗਾਇਕ ਪ੍ਰਭ ਗਿੱਲ ਨੇ ਵੀ 26 ਜਨਵਰੀ ਨੂੰ ਲੈ ਕੇ ਇਕ ਖ਼ਾਸ ਪੋਸਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਹੈ ‘26 ਜਨਵਰੀ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਜਿਥੇ ਵੀ ਜਿਵੇਂ ਵੀ ਹੋ ਸਕਦਾ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਰੂਰ ਸਮਾਂ ਦਿਓ।
ਪੁਲਸ ਨੇ ਤੈਅ ਕੀਤਾ ਰੂਟ
ਬੀਤੇ ਦਿਨ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਟਰੈਕਟਰਾਂ ਦੀ ਗਿਣਤੀ ਤੈਅ ਨਹੀਂ ਹੈ, ਜੋ ਵੀ ਇੱਥੇ ਆਇਆ ਹੈ ਉਹ ਜਾਵੇਗਾ, ਇਕ ਟਰੈਕਟਰ 'ਤੇ 3-4 ਲੋਕ ਹੀ ਬੈਠਣਗੇ। ਟਰੈਕਟਰਾਂ 'ਤੇ ਕਿਸਾਨ ਅੰਦੋਲਨ ਦੇ ਝੰਡੇ ਅਤੇ ਤਿਰੰਗਾ ਝੰਡਾ ਹੋਵੇਗਾ। ਇਸ ਟਰੈਕਟਰ ਪਰੇਡ ਵਿਚ ਮੁੱਖ ਤੌਰ ‘ਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ। ਦਿੱਲੀ ਪੁਲਸ ਨੇ ਜੋ ਰੂਟ ਪਲਾਨ ਤਿਆਰ ਕੀਤਾ ਹੈ, ਉਸ ਅਨੁਸਾਰ, ਪਰੇਡ ਵਾਲੇ ਟਰੈਕਟਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ 'ਤੇ ਆਪਣੇ-ਆਪਣੇ ਸਥਾਨਾਂ ਤੋਂ ਚੱਲਦੇ ਹੋਏ ਪੁਲਸ ਦੇ ਮਿੱਥੇ ਗਏ ਰੂਟ ਤੋਂ ਘੁੰਮਦੇ ਹੋਏ ਵਾਪਸ ਆਪਣੀ-ਆਪਣੀ ਜਗ੍ਹਾ ਆਉਣਗੇ।
26 ਜਨਵਰੀ ਤੋਂ ਬਾਅਦ ਅਗਲੀ ਰਣਨੀਤੀ ਦਾ ਵੀ ਹੋਇਆ ਐਲਾਨ
ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਗਿਆ ਹੈ। ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਕਿ ਕਿਸਾਨ 1 ਫਰਵਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨਗੇ। ਇਸ ਦਿਨ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕਿਸਾਨ ਜਥੇਬੰਦੀਆਂ ਨੇ ਬਜਟ ਸੈਸ਼ਨ ਦੌਰਾਨ ਪੈਦਲ ਸੰਸਦ ਵੱਲ ਮਾਰਚ ਕਰਨ ਦੀ ਗੱਲ ਆਖੀ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ 28 ਨਵੰਬਰ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਡੇਢ-ਦੋ ਸਾਲ ਤੱਕ ਕਾਨੂੰਨ ਲਾਗੂ ਕਰਨ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਨੂੰ ਨਾਕਾਰ ਦਿੱਤਾ। ਹੁਣ ਤੱਕ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸਣਾ।