ਚੰਡੀਗੜ੍ਹ ਬਾਰਡਰ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਟ ਸੁੱਟੇ ਟੈਂਟ

Tuesday, Sep 19, 2017 - 06:40 PM (IST)

ਚੰਡੀਗੜ੍ਹ ਬਾਰਡਰ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਟ ਸੁੱਟੇ ਟੈਂਟ

ਮੋਹਾਲੀ : ਗੰਨੇ ਦੀ 100 ਕਰੋੜ ਰੁਪਏ ਦੀ ਰੁਕੀ ਹੋਈ ਅਦਾਇਗੀ ਲੈਣ ਲਈ ਚੰਡੀਗੜ੍ਹ-ਮੋਹਾਲੀ 'ਤੇ ਕਿਸਾਨਾਂ ਵੱਲੋਂ ਲਾਇਆ ਧਰਨਾ ਪੁਲਸ ਨੇ ਮੰਗਲਵਾਰ ਨੂੰ ਚੁਕਵਾ ਦਿੱਤਾ ਹੈ। ਦਰਅਸਲ ਸਵੇਰ ਤੋਂ ਹੀ ਇਥੇ ਮੋਹਾਲੀ, ਰੋਪੜ ਅਤੇ ਫਤਿਹਗੜ੍ਹ ਜ਼ਿਲਿਆਂ ਦੀ ਪੁਲਸ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਭਾਰੀ ਗਿਣਤੀ 'ਚ ਇਕੱਠੇ ਹੋਏ ਪੁਲਸ ਕਰਮਚਾਰੀਆਂ ਨੇ ਪਹਿਲਾਂ ਲੰਗਰ ਖਾਧਾ ਅਤੇ ਕਿਸਾਨਾਂ ਦੀ ਬਣਾਈ ਹੋਈ ਚਾਹ ਪੀਤੀ ਅਤੇ ਬਾਅਦ 'ਚ ਅਚਾਨਕ ਆਦੇਸ਼ ਮਿਲਣ 'ਤੇ ਕਿਸਾਨਾਂ ਨੂੰ ਫੜ ਕੇ ਬੱਸਾਂ 'ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਹਫੜਾ-ਦਫੜੀ ਮਚ ਗਈ। ਪੁਲਸ ਕਰਮਚਾਰੀਆਂ ਨੇ ਇਕ-ਇਕ ਕਿਸਾਨ ਨੂੰ ਫੜ ਕੇ ਧੱਕੇਸ਼ਾਹੀ ਕਰਦੇ ਹੋਏ ਬੱਸਾਂ 'ਚ ਬਿਠਾ ਕੇ ਰਵਾਨਾ ਕਰ ਦਿੱਤਾ। ਇਸ ਦੌਰਾਨ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਵਲੋਂ ਲਾਏ ਟੈਂਟਾਂ ਨੂੰ ਵੀ ਪੁੱਟ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸੋਮਵਾਰ ਤੋਂ ਬੰਦ ਪਿਆ ਚੰਡੀਗੜ੍ਹ-ਮੋਹਾਲੀ ਦਾ ਰਸਤਾ ਵੀ ਖੋਲ੍ਹ ਦਿੱਤਾ ਗਿਆ ਹੈ। ਫਿਲਹਾਲ ਪੰਜਾਬ ਪੁਲਸ ਦੀ ਇਸ ਕਾਰਵਾਈ ਕਾਰਨ ਕਿਸਾਨ ਕਾਫੀ ਅਸੰਤੁਸ਼ਟ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਇਸ ਤੋਂ ਵੀ ਵੱਡਾ ਸੰਘਰਸ਼ ਕਰਨਗੇ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਜ਼ਿਲਾ ਮੋਹਾਲੀ ਦੇ ਮੁਖੀ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਧਰਨਾ ਦੇ ਰਹੇ ਸਨ ਅਤੇ ਉਹ ਸੜਕ ਤੋਂ ਪਿੱਛੇ ਹਟ ਕੇ ਬੈਠੇ ਹੋਏ ਸਨ। ਸੜਕਾਂ 'ਤੇ ਬੈਰੀਕੇਡ ਖੁਦ ਪੁਲਸ ਨੇ ਲਗਾਏ ਸਨ ਪਰ ਕਿਸਾਨਾਂ ਵੱਲੋਂ ਕਿਸੇ ਤਰ੍ਹਾਂ ਵੀ ਸੜਕ ਰੋਕੀ ਨਹੀਂ ਗਈ ਸੀ। ਅਜਿਹੇ 'ਚ ਕਿਸਾਨਾਂ ਦਾ ਹੀ ਲੰਗਰ ਖਾ ਕੇ ਪੁਲਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਲਈ ਉਥੇ ਬੈਠੇ ਸਨ ਅਤੇ ਉਨ੍ਹਾਂ ਦਾ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। 
ਕੱਲ੍ਹ ਤੋਂ ਜ਼ਿਲਾ ਨੇ ਕੀਤਾ ਸੀ ਲੰਗਰ ਦਾ ਪ੍ਰਬੰਧ 
ਸੋਮਵਾਰ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਲਈ ਲੰਗਰ ਆਦਿ ਪ੍ਰਬੰਧ ਜ਼ਿਲਾ ਮੋਹਾਲੀ ਇਕਾਈ ਵੱਲੋਂ ਕੀਤਾ ਗਿਆ ਸੀ। ਬਲਾਕ ਖਰੜ ਦੇ ਮੁਖੀ ਜਸਪਾਲ ਨੇ ਦੱਸਿਆ ਕਿ ਅਵਤਾਰ ਸਿੰਘ ਸਰਪੰਚ, ਪਰਗਟ ਸਿੰਘ ਅਤੇ ਹੋਰ ਕਿਸਾਨਾਂ ਵੱਲੋਂ ਦੁੱਧ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਜਦੋਂ ਪੁਲਸ ਨੇ ਅਚਾਨਕ ਸਾਰੇ ਕਿਸਾਨਾਂ ਨੂੰ ਉਠਾਉਣਾ ਸ਼ੁਰੂ ਕੀਤਾ ਤਾਂ ਕਿਸਾਨ ਆਪਣਾ ਸਾਮਾਨ ਵੀ ਨਾ ਸੰਭਾਲ ਸਕੇ। 
ਸੜਕਾਂ 'ਤੇ ਸੁੱਟੇ ਆਲੂ
ਇਸ ਤੋਂ ਪਹਿਲਾਂ ਕਿਸਾਨਾਂ ਨੇ ਸੜਕਾਂ 'ਤੇ ਆਲੂ ਸੁੱਟ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਸੀ ਕਿ ਇਕ ਕੁਇੰਟਲ ਆਲੂ ਪੈਦਾ ਕਰਨ ਦਾ ਕਿਸਾਨ ਦਾ 110 ਰੁਪਏ ਦਾ ਖਰਚ ਆਉਂਦਾ ਹੈ ਪਰ ਇਹ ਆਲੂ ਹੁਣ ਉਨ੍ਹਾਂ ਕੋਲੋਂ 90 ਰੁਪਏ 'ਚ ਖਰੀਦਿਆ ਜਾਂਦਾ ਹੈ। ਇਸ ਉਨ੍ਹਾਂ ਨੂੰ 1 ਕੁਇੰਟਲ ਦੇ ਪਿੱਛੇ 20 ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਕੀਟ 'ਚ ਆਲੂ ਕਾਫੀ ਮਹਿੰਦਾ ਵਿੱਕ ਰਿਹਾ ਹੈ ਪਰ ਕਿਸਾਨਾਂ ਨੂੰ ਇਸ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਚੌਂਕ ਦੇ ਆਲੇ-ਦੁਆਲੇ ਟ੍ਰਰਾਲੀਆਂ ਘੁਮਾਉਂਦੇ ਹੋਏ ਆਲੂ ਸੜਕ 'ਤੇ ਸੁੱਟ ਦਿੱਤੇ। 
ਜਦੋਂ ਕਿਸਾਨ ਇਹ ਆਲੂ ਸੜਕਾਂ 'ਤੇ ਸੁੱਟ ਰਹੇ ਸਨ ਤਾਂ ਪਿੱਛੇ ਤੋਂ ਕੁਝ ਪ੍ਰਵਾਸੀ ਮਜ਼ਦੂਰ ਅਤੇ ਹੋਰ ਸ਼ਹਿਰੀ ਲੋਕ ਇਨ੍ਹਾਂ ਆਲੂਆਂ ਨੂੰ ਆਪਣੇ ਘਰ ਲਈ ਇਕੱਠਾ ਕਰਨ 'ਚ ਲੱਗੇ ਹੋਏ ਹਨ। 
ਤੁਹਾਨੂੰ ਦੱਸ ਦਈਏ ਬੁੱਧਵਾਰ ਨੂੰ ਧਾਨ ਦੀ ਪਰਾਲੀ ਇਥੇ ਸੁੱਟੀ ਜਾਣੀ ਸੀ ਤਾਂਕਿ ਪਰਾਲੀ ਨੂੰ ਸਾੜਨ 'ਤੇ ਲਗਾਈ ਗਈ ਪਾਬੰਦੀ ਦੇ ਵਿਰੁੱਧ ਰੋਸ ਜ਼ਾਹਰ ਕੀਤਾ ਜਾ ਸਕੇ। ਕਿਸਾਨਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਦਾ ਇਹ ਧਰਨਾ ਸ਼ਾਂਤੀਪੂਰਨ ਢੰਗਾ ਨਾਲ ਚੱਲਦਾ ਰਹੇਗਾ। ਉਹ ਰੋਜ਼ਾਨਾ ਆਪਣੀਆਂ ਮੰਗਾਂ ਨੂੰ ਦੇ ਸੰਬੰਧ 'ਚ ਕੋਈ ਨਾ ਕੋਈ ਅਜਿਹਾ ਹੀ ਪ੍ਰਦਰਸ਼ਨ ਕਰਦੇ ਰਹਿਣਗੇ ਪਰ ਪੁਲਸ ਨੇ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ।  
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ 'ਚ ਕਿਸਾਨਾਂ ਨੇ ਸੋਮਵਾਰ ਦੁਪਹਿਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਧਰਨਾ ਦੇਣ ਲਈ ਕੂਚ ਕੀਤਾ ਪਰ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਬੈਰੀਕੇਡਿੰਗ ਕਰਕੇ ਰੋਕ ਲਿਆ, ਜਿਸ ਤੋਂ ਬਾਅਦ ਕਿਸਾਨ ਉੱਥੇ ਹੀ ਧਰਨੇ 'ਤੇ ਬੈਠ ਗਏ। ਸਰਕਾਰ ਨਾਲ ਗੱਲ ਸਿਰੇ ਨਾ ਚੜ੍ਹਨ ਕਾਰਨ ਉਨ੍ਹਾਂ ਨੇ ਉੱਥੇ ਹੀ ਪੱਕਾ ਮੋਰਚਾ ਲਾ ਦਿੱਤਾ ਅਤੇ ਟੈਂਟ ਲਾ ਕੇ ਸੌਂ ਗਏ। ਮੰਗਲਵਾਰ ਦੁਪਹਿਰ ਨੂੰ ਪੁਲਸ ਵਲੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਟੈਂਟ ਵੀ ਪੁੱਟ ਦਿੱਤੇ ਗਏ।


Related News