ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ, ਲੋਕਾਂ ਨਾਲ ਰਲ ਕੀਤੀ ਸੇਵਾ (ਵੀਡੀਓ)
Thursday, Dec 03, 2020 - 04:30 PM (IST)
ਜਲੰਧਰ (ਬਿਊਰੋ) — ਕਿਸਾਨਾਂ ਵੱਲੋਂ ਖ਼ੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਧਰਨੇ ਨੂੰ 7 ਦਿਨ ਹੋ ਚੁੱਕੇ ਹਨ। ਪੰਜਾਬ ਦੇ ਹਰ ਕਲਾਕਾਰ ਵਲੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਗਾਇਕ ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਪਹੁੰਚੇ ਹੋਏ ਹਨ ਅਤੇ ਲੰਗਰ ਅਤੇ ਭਾਂਡਿਆਂ ਦੀ ਸੇਵਾ ਕਰ ਰਹੇ ਹਨ। ਇਸ ਦੀਆਂ ਕੁਝ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਬੜੀ ਹੀ ਤਨਦੇਹੀ ਨਾਲ ਭਾਂਡੇ ਮਾਂਜਣ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਖ਼ੁਦ ਵੀ ਗਾਇਕ ਹੋਣ ਦੇ ਨਾਲ-ਨਾਲ ਇਕ ਸਫ਼ਲ ਕਿਸਾਨ ਵੀ ਹਨ। ਉਹ ਆਪਣੇ ਹੱਥੀਂ ਖ਼ੇਤਾਂ 'ਚ ਫ਼ਸਲਾਂ ਉਗਾਉਂਦੇ ਹਨ। ਕਿਸਾਨਾਂ ਦੇ ਇਸ ਧਰਨੇ 'ਚ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਹਨ।
ਦੱਸਣਯੋਗ ਹੈ ਕਿ ਖ਼ੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਲਗਾਤਾਰ ਵਿਰੋਧ ਜਾਰੀ ਹੈ। ਕਿਸਾਨ ਜੱਥੇਬੰਦੀਆਂ ਨੂੰ ਵੱਡੇ ਪੱਧਰ 'ਤੇ ਪੰਜਾਬੀ ਕਲਾਕਾਰ ਭਾਈਚਾਰੇ ਵਲੋਂ ਸਮਰਥਨ ਮਿਲ ਰਿਹਾ ਹੈ। ਬੱਬੂ ਮਾਨ, ਸਿੱਧੂ ਮੂਸੇ ਵਾਲਾ, ਹਰਫ ਚੀਮਾ, ਕੰਵਰ ਗਰੇਵਾਲ, ਰਣਜੀਤ ਬਾਵਾ, ਅੰਮ੍ਰਿਤ ਮਾਨ, ਦਿਲਪ੍ਰੀਤ ਢਿੱਲੋਂ ਵਰਗੇ ਕਈ ਗਾਇਕ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।
ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਪੰਜਾਬ 'ਚੋਂ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ 'ਚ ਵਸਦੇ ਪੰਜਾਬੀ ਵੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਰੈਲੀਆਂ ਕੱਢ ਰਹੇ ਹਨ।
ਨੋਟ : ਕਿਸਾਨੀ ਧਰਨੇ ਵਿਚ ਭਾਂਡੇ ਧੌਣ ਦੀ ਸੇਵਾ ਨਿਭਾਉਂਦੇ ਹੋਏ ਰੇਸ਼ਮ ਸਿੰਘ ਅਨਮੋਲ ਬਾਰੇ ਜ਼ਰੂਰ ਦਿਓ ਆਪਣੀ ਰਾਏ।