ਲਿਫਟਿੰਗ ਠੱਪ ; ਮੰਡੀਆਂ ਨੱਕੋ-ਨੱਕ ਭਰੀਆਂ

Friday, Apr 20, 2018 - 07:37 AM (IST)

ਦਿੜ੍ਹਬਾ ਮੰਡੀ(ਅਜੈ)—ਸਰਕਾਰ ਵੱਲੋਂ ਮੰਡੀਆਂ 'ਚੋਂ ਫਸਲਾਂ ਦੀ ਢੋਆ-ਢੁਆਈ ਲਈ ਬਣਾਈ ਗਈ ਨਵੀਂ ਟੈਂਡਰ ਨੀਤੀ ਪਹਿਲੀ ਵਾਰ ਹੀ ਪੂਰੀ ਤਰ੍ਹਾਂ ਫਲਾਪ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਮਾਰਕੀਟ ਕਮੇਟੀ ਦਿੜ੍ਹਬਾ ਅਧੀਨ ਪੈਂਦੀਆਂ ਅੱਧੀ ਦਰਜਨ ਦੇ ਕਰੀਬ ਮੰਡੀਆਂ ਅਤੇ ਖਰੀਦ ਕੇਂਦਰਾਂ 'ਚ ਕਣਕ ਦੀ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਮੰਡੀਆਂ 'ਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਖਰੀਦ ਕੇਂਦਰਾਂ ਵਿਚ ਹੋਰ ਕਣਕ ਲਈ ਜਗ੍ਹਾ ਦੀ ਘਾਟ ਹੋਣ ਕਾਰਨ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਮਸਲੇ ਨਾਲ ਨਜਿੱਠਣ ਲਈ ਆੜ੍ਹਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਦੀਆਂ ਢਾਂਕਾ ਲਾ ਕੇ ਜਗ੍ਹਾ ਬਣਾਈ ਜਾ ਰਹੀ ਹੈ, ਜਿਸ ਨਾਲ ਲੇਬਰ ਅਤੇ ਸਮਾਂ ਦੋਵੇਂ ਬਰਬਾਦ ਹੋ ਰਹੇ ਹਨ। ਨਾਲ ਹੀ ਮੌਸਮ ਦਾ ਬਦਲਦਾ ਮਿਜ਼ਾਜ ਵੀ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਮਾਰਕੀਟ ਕਮੇਟੀ ਦਿੜ੍ਹਬਾ ਅਧੀਨ ਆਉਂਦੇ ਖਰੀਦ ਕੇਂਦਰ ਕਮਾਲਪੁਰ, ਦਿਆਲਗੜ੍ਹ, ਘਨੌੜ, ਬਘਰੌਲ, ਢੰਡੋਲੀ ਕਲਾਂ ਵਿਚੋਂ ਅਜੇ ਤੱਕ ਕੋਈ ਵੀ ਗੱਟਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਇੱਥੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਮੰਗਲਵਾਰ ਨੂੰ ਪਿੰਡ ਲਾਡਬੰਜਾਰਾ ਕਲਾਂ ਅਤੇ ਉਭਿਆ 'ਚ ਠੇਕੇਦਾਰ ਵੱਲੋਂ ਕਣਕ ਦੀ ਚੁਕਾਈ ਕੀਤੀ ਗਈ ਸੀ ਪਰ ਅੱਜ ਫਿਰ ਚੁਕਾਈ ਨਹੀਂ ਹੋ ਰਹੀ। ਕਿਸਾਨਾਂ ਤੇ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਕਣਕ ਦੀ ਲਿਫਟਿੰਗ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਹੋਰ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਕਣਕ ਦੀ ਚੁਕਾਈ 'ਚ ਜਲਦੀ ਤੇਜ਼ੀ ਲਿਆਂਦੀ ਜਾਵੇਗੀ : ਸਕੱਤਰ ਮਾਰਕੀਟ ਕਮੇਟੀ
 ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦਿੜ੍ਹਬਾ ਦੇ ਸੈਕਟਰੀ ਸੁਰਿੰਦਰਜੀਤ ਸਿੰਘ ਘੱਗਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੱਜ ਮਾਰਕੀਟ ਕਮੇਟੀ ਦਿੜ੍ਹਬਾ ਅਧੀਨ ਪੈਂਦੇ ਖਰੀਦ ਕੇਂਦਰ ਦਿਆਲਗੜ੍ਹ ਜੇਜੀਆਂ, ਕਮਾਲਪੁਰ, ਘਨੌੜ, ਬਘਰੌਲ, ਢੰਡੋਲੀ ਕਲਾਂ, ਲਾਡਬੰਜਾਰਾ ਕਲਾਂ ਅਤੇ ਉਭਿਆ 'ਚ ਕਣਕ ਦੀ ਚੁਕਾਈ ਨਹੀਂ ਹੋਈ ਪਰ ਕਣਕ ਦੀ ਚੁਕਾਈ ਦੀ ਸੁਸਤ ਚਾਲ ਨੂੰ ਉਹ ਜਲਦੀ ਹੀ ਤੇਜ਼ ਕਰਵਾਉਣਗੇ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। 
ਠੇਕੇਦਾਰਾਂ ਨੂੰ ਜਾਰੀ ਕਰ ਰਹੇ ਹਾਂ ਨੋਟਿਸ : ਐੈੱਸ. ਡੀ. ਐੱਮ.
ਮੰਡੀਆਂ ਅੰਦਰ ਲਿਫਟਿੰਗ ਦੀ ਸੁਸਤ ਚਾਲ ਸਬੰਧੀ ਜਦੋਂ ਦਿੜ੍ਹਬਾ ਦੇ ਐੱਸ. ਡੀ. ਐੱਮ. ਅਮਰੇਸ਼ਵਰ ਸਿੰਘ ਨਾਲ ਸੰਪਰਕ ਕੀਤਾ ਤਾਂ ਇਸ ਸਬੰਧੀ ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ 'ਚ ਲੋੜ ਅਨੁਸਾਰ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਜਦੋਂਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਮੰਡੀਆਂ 'ਚ ਕਿਸੇ ਵੀ ਕਿਸਾਨ ਜਾਂ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਠੇਕੇਦਾਰਾਂ ਨੂੰ ਕੰਮ ਵਿਚ ਕੀਤੀ ਜਾ ਰਹੀ ਢਿੱਲ ਸਬੰਧੀ ਨੋਟਿਸ ਜਾਰੀ ਕਰ ਰਹੇ ਹਾਂ। ਜੇਕਰ ਇਸ ਤੋਂ ਬਾਅਦ ਵੀ ਧਿਆਨ ਨਾ ਦਿੱਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।  


Related News