ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, May 05, 2020 - 05:34 PM (IST)

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਦਿੜਬਾ ਮੰਡੀ (ਅਜੈ) : ਅੱਜ ਦਿੜਬਾ ਦੇ ਪਿੰਡ ਰਟੋਲਾਂ ਵਿਖੇ ਇਕ ਕਿਸਾਨ ਵੱਲੋਂ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਵਤਾਰ ਸਿੰਘ (55) ਪੁੱਤਰ ਅਜਮੇਰ ਸਿੰਘ ਵਾਸੀ ਰਟੌਲਾਂ ਜੋ ਪਿਛਲੇ ਕੁੱਝ ਸਮੇਂ ਤੋਂ ਆਰਥਿਕ ਤੰਗੀ ਦੇ ਚੱਲਦੇ ਬਹੁਤ ਪ੍ਰੇਸ਼ਾਨ ਸੀ ਕਿਉਂਕਿ  ਉਸਨੇ ਆਪਣੀ ਲੜਕੀ ਦੇ ਸੁਨਿਹਰੇ ਭਵਿੱਖ ਲਈ ਕਰਜ਼ਾ ਲੈ ਕੇ ਉਸ ਨੂੰ ਬਾਹਰਲੇ ਦੇਸ਼ ਭੇਜਿਆ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਸਿਰ ਚੜ੍ਹਿਆ ਕਰਜ਼ਾ ਮੋੜਨ ਤੋਂ ਅਸਮਰੱਥ ਹੋ ਗਿਆ ਅਤੇ ਕਰਜ਼ਾ ਉਤਾਰਨ ਦਾ ਕੋਈ ਹੱਲ ਨਹੀਂ ਸੀ ਹੋ ਰਿਹਾ, ਜਿਸ ਦੇ ਚੱਲਦੇ ਅੱਜ ਸਵੇਰੇ ਘਰੋਂ ਆਪਣੇ ਖੇਤ ਜਾ ਕੇ ਉੱਥੇ ਲੱਗੇ ਦਰੱਖਤ ਨਾਲ ਆਪਣੀ ਹੀ ਪੱਗ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ । 

ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ, ਲੜਕਾ ਅਤੇ ਲੜਕੀ ਨੂੰ ਛੱਡ ਗਿਆ ਹੈ ਜਦੋਂ ਇਸ ਮਾਮਲੇ ਸਬੰਧੀ ਪੁਲਸ ਚੌਂਕੀ ਮਹਿਲਾਂ ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪੁੱਤਰ ਗਗਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਸੁਨਾਮ ਵਿਖੇ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।


author

Gurminder Singh

Content Editor

Related News