ਕਿਸਾਨਾਂ ਦੇ ਹਿੱਤ ''ਚ ਆਖਰੀ ਦਮ ਤੱਕ ਲੜਾਈ ਲੜੇਗਾ ਅਕਾਲੀ ਦਲ : ਚੀਮਾ
Tuesday, Sep 29, 2020 - 04:56 PM (IST)

ਨੂਰਪੁਰਬੇਦੀ (ਭੰਡਾਰੀ) : 1 ਅਕਤੂਬਰ ਨੂੰ ਪੰਜਾਬ ਦੇ ਤਿੰਨੇ ਤਖਤ ਸਾਹਿਬਾਨਾਂ ਤੋਂ ਅਰਦਾਸ ਕਰਨ ਉਪਰੰਤ ਗਵਰਨਰ ਹਾਊਸ ਵੱਲ ਜੋ ਕਿਸਾਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਰੈਲੀ ਕੱਢਣ ਜਾ ਰਿਹਾ ਹੈ ਦੇ ਸਬੰਧ 'ਚ ਅਕਾਲੀ ਦਲ ਨੇ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਅੱਜ ਨੂਰਪੁਰਬੇਦੀ ਵਿਖੇ ਸ਼੍ਰੋਮਣੀ ਅਕਾਲੀ ਦੇ ਮੁੱਖ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਮੀਟਿੰਗ ਕੀਤੀ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਕਿਸਾਨ ਮਜ਼ਦੂਰਾਂ ਦੀ ਪਾਰਟੀ ਹੈ ਜਦਕਿ ਕਾਂਗਰਸ ਤੇ ਆਮ ਆਦਮੀ ਵਾਲੇ ਸਿਰਫ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਪਹੁੰਚ ਕੇ ਟ੍ਰੈਕਟਰ ਫੂਕਣ ਦੀ ਬਿਜਾਏ ਜੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਸੈਸ਼ਨ ਬੁਲਾ ਕੇ ਸਮੁੱਚੇ ਸੂਬੇ ਨੂੰ ਕਿਸਾਨ ਮੰਡੀ ਬਣਾਉਣ ਦੀ ਘੋਸ਼ਣਾ ਕਰਨ।
ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰ 'ਚ ਰਹਿੰਦਿਆਂ ਮੁੱਖ ਮੰਤਰੀ ਪੰਜਾਬ ਕਰ ਸਕਦੇ ਹਨ ਪਹਿਲਾਂੳਉਸਨੂੰ ਕਰਨ ਅਤੇ ਬਆਦ 'ਚ ਮਗਰਮੱਛ ਦੇ ਹੰਝੂ ਵਹਾਉਣ ਦਾ ਡਰਾਮਾ ਕਰਨ ਤਾਂ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਆਖਰੀ ਦਮ ਤੱਕ ਲੜਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਤੇ ਟੋਪੀ ਵਾਲੇ ਵਾਰ-ਵਾਰ ਅਕਾਲੀ ਦਲ 'ਤੇ ਤੰਜ ਕੱਸ ਰਹੇ ਸਨ ਕਿ ਦਮ ਹੈ ਤਾਂ ਅਕਾਲੀ ਦਲ ਦੀ ਮੰਤਰੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਵੇ ਅਤੇ ਐੱਨ.ਡੀ.ਏ. ਤੋਂ ਨਾਤਾ ਤੋੜ ਕੇ ਦਿਖਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਦੇ ਪੱਖ 'ਚ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਹੁਣ ਉਹ ਕਹਿੰਦੇ ਹਨ ਕਿ ਜੇ ਕੈਪਟਨ ਅਮਰਿੰਦਰ ਸਿੰਘ 'ਚ ਦਮ ਹੈ ਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰੇ ਅਤੇ ਸਮੁੱਚੇ ਸੂਬੇ ਨੂੰ ਕਿਸਾਨ ਮੰਡੀ ਘੋਸ਼ਿਤ ਕਰੇ ਤੇ ਨਾਲ ਹੀ ਬਿੱਲ ਨੂੰ ਲਾਗੂ ਨਾ ਹੋਣ ਦੇਵੇ।
ਉਨ੍ਹਾਂ ਕਿਹਾ ਕਿ ਜੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਤੁਰੰਤ ਸੈਸ਼ਨ ਬੁਲਾ ਕੇ ਇਸ ਐਕਟ ਨੂੰ ਪੰਜਾਬ 'ਚ ਲਾਗੂ ਨਾ ਹੋਣ ਦਿੰਦੀ। ਮੀਟਿੰਗ 'ਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਚਾਵਲਾ, ਮੋਹਣ ਸਿੰਘ ਡੂਮੇਵਾਲ, ਕੁਲਵੀਰ ਅਸਮਾਨਪੁਰ, ਚੌ. ਲੇਖ ਰਾਮ, ਸਤਨਾਮ ਝੱਜ, ਬਲਰਾਜ ਸਿੰਘ, ਰਣਜੀਤ ਢੀਂਡਸਾ, ਰਣਜੀਤ ਮੁਕਾਰੀ, ਸਰਪੰਚ ਸੁਖਵਿੰਦਰ ਛੰਮੀ, ਬਾਦਲ ਸਿੰਘ ਬਸੀ, ਕਰਨੈਲ ਆਜ਼ਮਪੁਰ, ਪਾਖਰ ਸਿੰਘ ਲੋਂਗੀਆ, ਸੋਹਣ ਸਿੰਘ ਠੋਡਾ, ਹਰਮੇਸ਼ ਸਿੰਘ, ਰਾਜੇਸ਼ਵਰ ਰਾਣਾ ਤੇ ਭਜਨ ਲਾਲ ਕਾਂਗੜ ਸਹਿਤ ਭਾਰੀ ਸੰਖਿਆ 'ਚ ਅਕਾਲੀ ਵਰਕਰ ਹਾਜ਼ਰ ਸਨ।