ਚੋਰ ਮਚਾਵੇ ਸ਼ੋਰ ਦੀ ਕਹਾਵਤ ਵਾਲੀ ਡਰਾਮੇਬਾਜ਼ੀ ਕਰ ਰਹੇ ਹਨ ਬਾਦਲ : ਬੈਂਸ

01/31/2020 10:09:10 AM

ਫਰੀਦਕੋਟ (ਜਗਤਾਰ, ਹਾਲੀ) - ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਮਗਰੋਂ ਨੇਤਾਵਾਂ ਵਲੋਂ ਲਗਾਤਾਰ ਪੀੜਤ ਪਰਿਵਾਰ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਤਹਿਤ ਵੀਰਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਬੈਂਸ ਬਹਿਬਲ ਕਲਾਂ ਪੁੱਜੇ, ਜਿਥੇ ਉਨ੍ਹਾਂ ਮ੍ਰਿਤਕ ਸੁਰਜੀਤ ਦੀ ਪਤਨੀ ਨਾਲ ਦੁੱਖ ਸਾਂਝਾ ਕਰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਬੈਂਸ ਦੇ ਸਾਹਮਣੇ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨਾ ਸਰਕਾਰੀ ਨੌਕਰੀ ਚਾਹੀਦੀ ਹੈ ਅਤੇ ਨਾ ਹੀ ਆਰਥਕ ਮਦਦ। ਉਨ੍ਹਾਂ ਦਾ ਇਕੋ ਇਕ ਮਕਸਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਵਾਉਣਾ ਹੈ।

ਜਸਵੀਰ ਕੌਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ। ਪੀੜਤ ਪਰਿਵਾਰ ਨਾਲ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਅਕਾਲੀਆਂ ਦੀ ਦੁੱਖ ਸਾਂਝਾ ਕਰਨ ਪੁੱਜੀ ਟੀਮ ਦਾ ਮਜ਼ਾਕ ਉਡਾਉਂਦਿਆਂ ਬੈਂਸ ਨੇ ਕਿਹਾ ਕਿ ਬਾਦਲ ਤਾਂ ਚੋਰ ਮਚਾਵੇ ਸ਼ੋਰ ਵਾਲੀ ਕਹਾਵਤ ਮੁਤਾਬਕ ਡਰਾਮੇਬਾਜ਼ੀ ਕਰ ਰਹੇ ਹਨ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਮਿਲਣਗੀਆਂ। ਭਾਵੇਂ ਦੋਸ਼ੀਆਂ ’ਚ ਕੋਈ ਕਿੰਨੇ ਵੀ ਉੱਚੇ ਰੁਤਬੇ ਦਾ ਮਾਲਕ ਕਿਉਂ ਨਾ ਹੋਵੇ।

ਸੱਤਾ ਸੰਭਾਲਣ ਮਗਰੋਂ ਕੈਪਟਨ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐੱਸ. ਆਈ. ਟੀ. ਦੀਆਂ ਜਾਂਚ ਰਿਪੋਰਟਾਂ ’ਚ ਸਭ ਕੁਝ ਸਾਹਮਣੇ ਆ ਜਾਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਬਾਦਲ ਪਿਓੁ-ਪੁੱਤ ਦੀਆਂ ਨੀਤੀਆਂ ’ਤੇ ਚੱਲਦੀ ਹੋਈ ਬੇਅਦਬੀ ਕਾਂਡ ਨੂੰ ਉਲਝਾ ਰਹੀ ਹੈ। ਬੈਂਸ ਨੇ ਗੁਰਪ੍ਰੀਤ ਕਾਂਗੜ ਨੂੰ ਵਜ਼ਾਰਤ ਤੋਂ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਵਲੋਂ ਲਿਖਤੀ ਰੂਪ ’ਚ ਲਾਏ ਜਾ ਰਹੇ ਦੋਸ਼ਾਂ ਮੁਤਾਬਕ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਸਮੇਤ ਕਾਂਗਰਸੀ ਆਗੂਆਂ ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ, ਜਗਦੀਪ ਸਿੰਘ, ਬਿਜਲੀ ਅਧਿਕਾਰੀਆਂ ਅਤੇ ਬਰਗਾੜੀ ਪੁਲਸ ਚੌਕੀ ਦੇ ਮੁਲਾਜ਼ਮਾਂ ਖਿਲਾਫ ਤੁਰੰਤ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।


rajwinder kaur

Content Editor

Related News