ਨਾਜਾਇਜ਼ ਅਸਲੇ ਸਣੇ 2 ਗ੍ਰਿਫ਼ਤਾਰ
Friday, Apr 19, 2019 - 10:01 AM (IST)
ਫਰੀਦਕੋਟ (ਨਰਿੰਦਰ)-ਥਾਣਾ ਸਿਟੀ ਪੁਲਸ ਕੋਟਕਪੂਰਾ ਨੇ 2 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਉਕਤ ਥਾਣੇ ਦੇ ਏ. ਐੱਸ. ਆਈ. ਸਤਪਾਲ ਸਿੰਘ ਪੁਲਸ ਨੇ ਪਾਰਟੀ ਨਾਲ ਲੋਕ ਸਭਾ ਚੋਣਾਂ ਦੇ ਸਬੰਧ ’ਚ ਫਰੀਦਕੋਟ ਰੋਡ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਫਰੀਦਕੋਟ ਵੱਲੋਂ ਇਕ ਮੋਟਰਸਾਈਕਲ ਬਿਨਾਂ ਨੰਬਰੀ ਬੈਰੀਕੇਡ ਨਾਲ ਟਕਰਾਉਣ ਕਰ ਕੇ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਡਿੱਗ ਗਿਆ। ਇਸ ਦੌਰਾਨ ਉਕਤ ਵਿਅਕਤੀ ਉੱਠ ਕੇ ਭੱਜਣ ਲੱਗਾ ਤਾਂ ਪੁਲਸ ਮੁਲਾਜ਼ਮਾਂ ਨੇ ਇਸ ਨੂੰ ਕਾਬੂ ਕਰ ਕੇ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕਰਨ ਸਿੰਘ ਉਰਫ ਪੱਟੂ ਪੁੱਤਰ ਰਸਾਲ ਸਿੰਘ ਵਾਸੀ ਕੁੱਟੀ ਮੌਡ਼ ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਦੱਸਿਆ। ਇਸ ਸਮੇਂ ਇਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਡੱਬ ’ਚੋਂ ਇਕ ਦੇਸੀ ਪਿਸਤੌਲ, ਜਿਸ ਨੂੰ ਮੈਗਜ਼ਿਨ ਲੱਗੀ ਹੋਈ ਸੀ, ਬਰਾਮਦ ਹੋਇਆ। ਪੁਲਸ ਵੱਲੋਂ ਮੈਗਜ਼ਿਨ ਕੱਢ ਕੇ ਚੈੱਕ ਕਰਨ ’ਤੇ ਉਸ ’ਚੋਂ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਕਰਨ ਸਿੰਘ ਨੇ ਮੰਨਿਆ ਹੈ ਕਿ ਇਹ ਮੋਟਰਸਾਈਕਲ ਉਸ ਨੇ ਚੋਰੀ ਕੀਤਾ ਹੋਇਆ ਸੀ। ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਲਿਆ ਗਿਆ। ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਕਰਨ ਸਿੰਘ ਨੇ ਮੰਨਿਆ ਕਿ ਉਹ ਦਲੀਪ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਮਾਡ਼ੇ ਕਲਾਂ ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਦੀ 12 ਬੋਰ ਬੰਦੂਕ ਗੁਰੂਹਰਸਹਾਏ ਇਲਾਕੇ ਵਿਚ ਵਾਰਦਾਤਾਂ ਕਰਨ ਸਮੇਂ ਵਰਤਦਾ ਰਿਹਾ ਹੈ। ਦਲੀਪ ਸਿੰਘ ਨੂੰ ਇਸ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕਰ ਕੇ ਉਸ ਨੂੰ 12 ਬੋਰ ਬੰਦੂਕ ਸਣੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਲੀਪ ਸਿੰਘ ਉਕਤ 12 ਬੋਰ ਬੰਦੂਕ ਦਾ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ’ਚ ਪੇਸ਼ ਕਰਨ ’ਤੇ ਉਸ ਨੂੰ 1 ਮਈ ਤੱਕ ਜੇਲ ਭੇਜ ਦਿੱਤਾ ਗਿਆ ਹੈ।
