ਕੌਡ਼ੇ ਬੋਲ ਸਾਰਿਆਂ ਨੂੰ ਚੁੱਭਦੇ ਹਨ : ਭਗਤ ਸ਼ੰਮੀ ਚਾਵਲਾ
Saturday, Mar 02, 2019 - 04:12 AM (IST)

ਫਰੀਦਕੋਟ (ਪਵਨ, ਖੁਰਾਣਾ)-“ਜੋ ਵਿਅਕਤੀ ਆਪਣੀ ਬੋਲ-ਬਾਣੀ ’ਚ ਨਿਮਰਤਾ ਅਤੇ ਮਿੱਠਤ ਰੱਖਦਾ ਹੈ, ਉਹ ਆਦਮੀ ਹਰ ਇਕ ਦਾ ਮਨ ਮੋਹ ਲੈਂਦਾ ਹੈ। ਅਜਿਹੇ ਵਿਅਕਤੀ ਸਾਰਿਆਂ ਨੂੰ ਚੰਗੇ ਲੱਗਦੇ ਹਨ ਅਤੇ ਇਹ ਸਭਨਾਂ ਨੂੰ ਆਪਣਾ ਬਣਾ ਲੈਂਦੇ ਹਨ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਂਧੀ ਨਗਰ ਸਥਿਤ ਸੰਤ ਮੰਦਰ, ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ (ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦਾ ਜਨਮ ਅਤੇ ਤਪ ਅਸਥਾਨ ਜਿਥੇ ਉਨ੍ਹਾਂ ਨੇ ਸਾਰੀ ਉਮਰ ਪ੍ਰਮਾਤਮਾ ਦੀ ਭਗਤੀ ਕੀਤੀ ਅਤੇ ਸੰਗਤਾਂ ਨੂੰ ਪ੍ਰਭੂ ਨਾਮ ਨਾਲ ਜੋਡ਼ਿਆ) ਵਿਖੇ ਸਤਿਸੰਗ ਦੌਰਾਨ ਡੇਰਾ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਅਤੇ ਮੌਜੂਦਾ ਗੱਦੀਨਸ਼ੀਨ ਪਰਮ ਸਤਿਕਾਰਯੋਗ ਭਗਤ ਸ਼ੰਮੀ ਜੀ ਨੇ ਆਪਣੇ ਪ੍ਰਵਚਨਾਂ ਦੌਰਾਨ ਕੀਤਾ। ਉਨ੍ਹਾਂ ਫਰਮਾਇਆ ਕਿ ਕੌਡ਼ੇ ਬੋਲ ਸਾਰਿਆਂ ਨੂੰ ਚੁੱਭਦੇ ਹਨ ਅਤੇ ਇਨ੍ਹਾਂ ਨਾਲ ਦੂਜਿਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਸਾਨੂੰ ਅਜਿਹੀ ਬੋਲੀ ਬੋਲਣੀ ਚਾਹੀਦੀ ਹੈ ਜੋ ਸਾਰਿਆਂ ਨੂੰ ਚੰਗੀ ਲੱਗੇ। ਵੈਸੇ ਵੀ ਮਿੱਠਤ ਤੇ ਨੀਵੇਂ ਹੋ ਕੇ ਚੱਲਣਾ ਹੀ ਉੱਤਮ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਫਲਾਂ ਨਾਲ ਭਰੇ ਹੋਏ ਰੁੱਖ ਸਦਾ ਨੀਵੇਂ ਹੁੰਦੇ ਹਨ। ਇਸ ਮੌਕੇ ਉਨ੍ਹਾਂ ਫਰਮਾਇਆ ਕਿ ਜੋ ਵਿਅਕਤੀ ਪੂਰੀ ਆਸਥਾ ਅਤੇ ਨਿਰਸਵਾਰਥ ਭਾਵਨਾ ਨਾਲ ਆਪਣੇ ਇਸ਼ਟ ਦੀ ਪੂਜਾ ਅਰਾਧਨਾ ਕਰਦੇ ਹਨ, ਉਨ੍ਹਾਂ ਦੀ ਸੇਵਾ ਅਜਾਈਂ ਨਹੀਂ ਜਾਂਦੀ ਅਤੇ ਪ੍ਰਮਾਤਮਾ ਵਧੀਆ ਫਲ ਦਿੰਦਾ ਹੈ। ਸਤਿਸੰਗ ਦੇ ਅਖੀਰ ’ਚ ਬਾਊ ਜੀ ਨੇ ਸਭਨਾਂ ਦੇ ਭਲੇ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਸਤਿਸੰਗ ਦੀ ਸਮਾਪਤੀ ਉਪਰੰਤ ਸੰਤ ਬਾਬਾ ਬੱਗੂ ਭਗਤ ਜੀ ਦਾ ਭੰਡਾਰਾ (ਲੰਗਰ) ਅਤੁੱਟ ਵਰਤਿਆ, ਜਿਸ ਵਿਚ ਸਮੂਹ ਸੰਗਤਾਂ ਨੇ ਪੂਰੀ ਸ਼ਰਧਾ ਭਾਵਨਾ ਅਤੇ ਪ੍ਰੇਮ ਭਾਵਨਾ ਨਾਲ ਲੰਗਰ ਛਕਿਆ।