ਕੁਸ਼ਟ ਰੋਗ ਵਾਲੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ : ਡਾ. ਬਰਾਡ਼
Saturday, Mar 02, 2019 - 04:12 AM (IST)

ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਕੁਸ਼ਟ ਰੋਗ ਨੂੰ ਸਮਾਜ ’ਚੋਂ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਚਲਾਏ ਜਾ ਰਹੇ ਰਾਸ਼ਟਰੀ ਕੁਸ਼ਟ ਨਿਵਾਰਨ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਵੱਲੋਂ ਸਥਾਨਕ ਦਫ਼ਤਰ ਸਿਵਲ ਸਰਜਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਦਫ਼ਤਰ ਸਿਵਲ ਸਰਜਨ ਵਿਖੇ ਸਮਾਪਤ ਹੋਈ। ਰੈਲੀ ਦੌਰਾਨ ਕੁਸ਼ਟ ਰੋਗ ਵਿਰੋਧੀ ਅਤੇ ਇਸ ਦੇ ਮੁਫ਼ਤ ਇਲਾਜ ਸਬੰਧੀ ਨਾਅਰੇ ਲਾਏ ਗਏ। ਰੈਲੀ ਦੌਰਾਨ ਸਟਾਫ਼ ਵੱਲੋਂ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਨ ਲਈ ਤਖਤੀਆਂ ਅਤੇ ਬੈਨਰ ਫਡ਼ੇ ਹੋਏ ਸਨ। ਇਸ ਮੌਕੇ ਡਾ. ਸੁਖਪਾਲ ਸਿੰਘ ਬਰਾਡ਼ ਨੇ ਦੱਸਿਆ ਕਿ ਕੁਸ਼ਟ ਰੋਗ ਬਹੁ-ਔਸ਼ਧੀ ਦਵਾਈਆਂ ਨਾਲ 100 ਫੀਸਦੀ ਇਲਾਜਯੋਗ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਕੁਸ਼ਟ ਰੋਗੀ ਲੱਭ ਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਕੁਸ਼ਟ ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦੀ ਚਮਡ਼ੀ ’ਤੇ ਹਲਕੇ ਤਾਂਬੇ ਰੰਗ ਦੇ ਧੱਬੇ ਸਮੇਤ ਚਮਡ਼ੀ ਦਾ ਸੁੰਨਾਪਨ, ਨਸਾਂ ਮੋਟੀਆਂ ਅਤੇ ਸਖਤ, ਅੰਗ ਮੁਡ਼ਨੇ, ਠੰਡੇ-ਤੱਤੇ ਦਾ ਪਤਾ ਨਾ ਲੱਗਣਾ ਆਦਿ ਲੱਛਣ ਦਿਸਣ ਤਾਂ ਨੇਡ਼ੇ ਦੀ ਸਰਕਾਰੀ ਸਿਹਤ ਸੰਸਥਾ ’ਚ ਚੈੱਕਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਹ ਲੱਛਣ ਕੁਸ਼ਟ ਰੋਗ ਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ’ਚ ਕੁਸ਼ਟ ਰੋਗ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਅਧਿਕਾਰੀਆਂ ਵੱਲੋਂ ਪ੍ਰਣ ਲਿਆ ਗਿਆ ਕਿ ਅਸੀਂ ਕੁਸ਼ਟ ਰੋਗੀ ਤੋਂ ਨਫ਼ਰਤ ਨਹੀਂ ਕਰਾਂਗੇ ਅਤੇ ਉਸ ਨਾਲ ਬੈਠਣ, ਖਾਣ, ਘੁੰਮਣ-ਫਿਰਨ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਾਂਗੇ ਬਲਕਿ ਉਸ ਨੂੰ ਨੇਡ਼ੇ ਦੀ ਸਿਹਤ ਸੰਸਥਾ ਵਿਖੇ ਜਾਣ ਲਈ ਪ੍ਰੇਰਿਤ ਕਰਾਂਗੇ। ਇਸ ਮੌਕੇ ਡਾ. ਅਸ਼ੋਕ ਥਾਪਰ ਸਹਾਇਕ ਸਿਵਲ ਸਰਜਨ, ਡਾ. ਕੀਮਤੀ ਲਾਲ, ਗੁਰਤੇਜ ਸਿੰਘ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ, ਭਗਵਾਨ ਦਾਸ, ਲਾਲ ਚੰਦ ਸਿਵਲ ਸਰਜਨ ਦਫ਼ਤਰ ਦਾ ਸਮੂਹ ਸਟਾਫ਼ ਅਤੇ ਆਸ਼ਾ ਵਰਕਰ ਹਾਜ਼ਰ ਸਨ।