ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ
Thursday, Feb 28, 2019 - 04:08 AM (IST)

ਫਰੀਦਕੋਟ (ਕੁਲਭੂਸ਼ਨ)-ਪਿੰਡ ਥਰਾਜਵਾਲਾ ਦੀ ਥਰਾਜਵਾਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ। ਇਸ ਕਮੇਟੀ ’ਚ ਕੁਲ 421 ਵੋਟਰਾਂ ਵੱਲੋਂ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਜਾਣੀ ਸੀ, ਜਿਸ ਵਿਚ 8 ਜਨਰਲ ਸ਼੍ਰੇਣੀ ਦੇ ਉਮੀਦਵਾਰ, 2 ਮਹਿਲਾ ਉਮੀਦਵਾਰ ਅਤੇ ਇਕ ਐੱਸ. ਸੀ. ਉਮੀਦਵਾਰ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਚੋਣ ਦੇ ਰਿਟਰਨਿੰਗ ਅਫ਼ਸਰ ਪਰਮਜੀਤ ਸਿੰਘ ਅਤੇ ਏ. ਆਰ. ਓ. ਜਿਤੇਸ਼ ਕੁਮਾਰ ਗਰਗ ਨੇ ਦੱਸਿਆ ਕਿ ਇਸ ਪ੍ਰਬੰਧਕੀ ਕਮੇਟੀ ਲਈ ਅੱਜ ਕੁਲ 12 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਅਤੇ 2 ਵਿਅਕਤੀਆਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਰਬਸੰਮਤੀ ਨਾਲ ਕਮੇਟੀ ਦੇ 10 ਮੈਂਬਰਾਂ ਦੀ ਚੋਣ ਹੋਈ ਅਤੇ ਇਕ ਐੱਸ. ਸੀ. ਮੈਂਬਰ ਚੁਣਿਆ ਜਾਣਾ ਸੀ ਪਰ ਉਹ ਮੈਂਬਰ ਨਾ ਹੋਣ ਕਰ ਕੇ ਉਸ ਦੀ ਜਗ੍ਹਾ ਖਾਲੀ ਰਹਿ ਗਈ ਹੈ। ਇਸ ਮੌਕੇ ਬਲਜੀਤ ਕੌਰ, ਬਲਵੀਰ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਕੌਰ, ਬਲਦੇਵ ਸਿੰਘ, ਸੁਖਜਿੰਦਰ ਸਿੰਘ, ਬੀਰ ਸਿੰਘ ਅਤੇ ਬਲਕਾਰ ਸਿੰਘ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਚੇਅਰਮੈਨ ਦੀ ਚੋਣ ਭਲਕੇ ਕੀਤੀ ਜਾਵੇਗੀ। ਇਸ ਸਮੇਂ ਸੇਲਜ਼ਮੈਨ ਕੁਲਦੀਪ ਸਿੰਘ ਤੋਂ ਇਲਾਵਾ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ।