ਏ. ਸੀ. ਕਮਰੇ ਵਿਚ ਸੁੱਤਾ ਸੀ ਪਰਿਵਾਰ, ਚੋਰ ਨਸ਼ੀਲੀ ਚੀਜ਼ ਸੁੰਘਾ ਕੇ ਲੁੱਟ ਕੇ ਲੈ ਗਏ ਘਰ

Tuesday, Aug 13, 2024 - 04:58 PM (IST)

ਝਬਾਲ (ਨਰਿੰਦਰ) : ਬੀਤੀ ਰਾਤ ਚੋਰ ਦੋ ਘਰਾਂ ਨੂੰ ਸੰਨ੍ਹ ਲਗਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ। ਮਲਕੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੁੱਜੜਾਂਵਾਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਇੱਕ ਕੁ ਵਜੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਏ. ਸੀ ਕਮਰੇ ਵਿਚ ਸੁੱਤੇ ਜਦ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਬਾਹਰ ਵਿਹੜੇ ਵਿਚ ਸੌਂ ਗਈ। ਸਵੇਰ ਵੇਲੇ ਜਦੋਂ ਉਨ੍ਹਾਂ ਨੇ ਉਠ ਕੇ ਵੇਖਿਆਂ ਤਾਂ ਨੇੜਲੇ ਕਮਰੇ ਵਿਚ ਲੱਗੇ ਹੋਏ ਤੰਦਰੇ ਦੀ ਜਾਲੀ ਟੁੱਟੀ ਹੋਈ ਸੀ ਅਤੇ ਕਮਰੇ ਵਿਚ ਪਈ ਹੋਈ ਅਲਮਾਰੀ ਵਿਚੋਂ ਲਗਭਗ ਅੱਠ ਤੋਲੇ ਸੋਨੇ ਦੇ ਗਹਿਣਿਆਂ (ਜਿਨ੍ਹਾਂ ਵਿਚ ਇਕ ਸੈਟ, ਦੋ ਚੂੜੀਆਂ, ਦੋ ਜਾਨਾਨਾ ਮੁੰਦਰੀਆਂ) ਤੋਂ ਇਲਾਵਾ ਬੱਚਿਆਂ ਦੇ ਚਾਂਦੀ ਦੇ ਕੜੇ ਅਤੇ ਇਕ ਲੱਖ 35 ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਨੇ ਚੋਰਾਂ ਵੱਲੋਂ ਕਿਸੇ ਜ਼ਹਿਰੀਲੀ ਚੀਜ਼ ਦਾ ਸਪਰੇਅ ਕਰਨ ਦਾ ਸ਼ੱਕ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਸਿਰ ਦਰਦ ਤੇ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ।

ਇਸੇ ਰਾਤ ਹੀ ਚੋਰ ਨੇੜਲੇ ਪਿੰਡ ਹੀਰਾ ਪੁਰ ਵਿਖੇ ਇਕ ਹੋਰ ਘਰ ਨੂੰ ਸੰਨ੍ਹ ਲਗਾ ਕੇ ਸੋਨੇ ਦੇ ਗਹਿਣੇ ਅਤੇ ਢਾਈ ਲੱਖ ਰੁਪਏ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਤਿੰਦਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਹੀਰਾ ਪੁਰ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਏ. ਸੀ. ਵਾਲੇ ਕਮਰੇ ਵਿਚ ਸੁੱਤੇ ਹੋਏ ਸਨ। ਰਾਤ ਸਮੇਂ ਚੋਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਏ. ਸੀ. ਵਾਲੇ ਕਮਰੇ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ। ਬਾਅਦ ਵਿਚ ਚੋਰ ਨੇੜਲੇ ਕਮਰੇ ਵਿਚ ਦਾਖਲ ਹੋਏ ਅਤੇ ਕਮਰੇ ਵਿਚ ਪਈ ਹੋਈ ਅਲਮਾਰੀ ਵਿੱਚੋਂ ਡੇਢ ਤੋਲੇ ਸੋਨੇ ਦੀਆਂ ਚੂੜੀਆਂ, ਪੰਜ ਜਨਾਨਾ ਮੁੰਦਰੀਆਂ, ਇਕ ਚੈਨ ਤੇ ਲੋਕਟ, ਢਾਈ ਲੱਖ ਰੁਪਏ ਤੋਂ ਇਲਾਵਾ ਪਰਸ ਵਿਚ ਰੱਖੇ 9 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਚੋਰ ਕਮਰੇ ਵਿਚ ਪਏ ਹੋਏ ਟਰੰਕ ਵੀ ਚੁੱਕ ਕੇ ਲੈ ਗਏ। ਜਿਨ੍ਹਾਂ ਦੀ ਫੋਲਾ ਫਰਾਲੀ ਕਰਕੇ ਉਹ ਬਾਹਰ ਖੇਤਾਂ ਵਿਚ ਸੁੱਟ ਗਏ। ਉਨ੍ਹਾਂ ਦੱਸਿਆ ਕਿ ਟਰੰਕਾਂ ਵਿਚ ਜ਼ਮੀਨ ਦੀਆਂ ਰਜਿਸਟਰੀਆਂ ਤੇ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ। ਮੌਕੇ 'ਤੇ ਪੁਲਸ ਪਾਰਟੀ ਸਮੇਤ ਪੁੱਜੇ ਥਾਣੇਦਾਰ ਸਰਬਜੀਤ ਸਿੰਘ ਨੇ ਚੋਰਾਂ ਵੱਲੋਂ ਖੇਤਾਂ ਵਿਚ ਸੁੱਟੇ ਹੋਏ ਟਰੰਕ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਆਏ ਦਿਨ ਝਬਾਲ ਖ਼ੇਤਰ ਵਿਚ ਵਾਪਰ ਰਹੀਆਂ ਚੋਰੀਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ।


Gurminder Singh

Content Editor

Related News